
ਮੀਂਹ ਦਾ ਅਸਰ ਘੱਟ ਹੁੰਦਿਆਂ ਹੀ ਦਿੱਲੀ ਵਿਚ ਪ੍ਰਦੂਸ਼ਣ ਦਾ ਪੱਧਰ ਬੁਧਵਾਰ ਨੂੰ ਫਿਰ ਵਧਣ ਲੱਗ ਪਿਆ ਪਰ ਹਵਾ ਮਿਆਰ ਦਾ ਪੱਧਰ ਹਾਲੇ ਵੀ......
ਨਵੀਂ ਦਿੱਲੀ : ਮੀਂਹ ਦਾ ਅਸਰ ਘੱਟ ਹੁੰਦਿਆਂ ਹੀ ਦਿੱਲੀ ਵਿਚ ਪ੍ਰਦੂਸ਼ਣ ਦਾ ਪੱਧਰ ਬੁਧਵਾਰ ਨੂੰ ਫਿਰ ਵਧਣ ਲੱਗ ਪਿਆ ਪਰ ਹਵਾ ਮਿਆਰ ਦਾ ਪੱਧਰ ਹਾਲੇ ਵੀ ਦਰਮਿਆਨੀ ਸ਼੍ਰੇਣੀ ਵਿਚ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਮੁਤਾਬਕ ਮਹਾਨਗਰ ਵਿਚ ਹਵਾ ਗੁਣਵੱਤਾ ਸੂਚਕ ਅੰਕ 184 ਰਿਹਾ ਜੋ ਦਰਮਿਆਨੀ ਸ਼੍ਰੇਣੀ ਵਿਚ ਆਉਂਦਾ ਹੈ। ਮਹਾਨਗਰ ਵਿਚ ਮੰਗਲਵਾਰ ਨੂੰ ਭਾਰੀ ਮੀਂਹ ਮਗਰੋਂ ਦਿੱਲੀ ਦੀ ਹਵਾ ਗੁਣਵੱਤਾ ਵਿਚ ਕਾਫ਼ੀ ਸੁਧਾਰ ਆਇਆ ਅਤੇ ਪਿਛਲੇ ਸਾਲ ਅਕਤੂਬਰ ਮਗਰੋਂ ਪਹਿਲੀ ਵਾਰ ਤਸੱਲਸਬਖ਼ਸ਼ ਸ਼੍ਰੇਣੀ ਵਿਚ ਰੀਕਾਰਡ ਕੀਤਾ ਗਿਆ।
ਮੀਂਹ ਦਾ ਅਸਰ ਘਟਦਿਆਂ ਹੀ ਪ੍ਰਦੂਸ਼ਣ ਦਾ ਪੱਧਰ ਇਕ ਵਾਰ ਫਿਰ ਵਧਣ ਲੱਗਾ ਅਤੇ ਅਗਲੇ ਤਿੰਨ ਦਿਨਾਂ ਵਿਚ ਇਹ ਦਰਮਿਆਨੀ ਤੋਂ ਖ਼ਰਾਬ ਸ਼੍ਰੇਣੀ ਵਿਚ ਰਹੇਗਾ। 100 ਤੋਂ 200 ਵਿਚਕਾਰ ਏਕਿਊਆਈ ਦਰਮਿਆਨੀ ਸ਼੍ਰੇਣੀ ਵਿਚ ਆਉਂਦਾ ਹੈ। 201 ਤੋਂ 300 ਵਿਚਾਲੇ ਖ਼ਰਾਬ ਅਤੇ 301 ਤੋਂ 400 ਵਿਚਾਲੇ ਬੇਹੱਦ ਖ਼ਰਾਬ ਮੰਨਿਆ ਜਾਂਦਾ ਹੈ। 401 ਤੋਂ 500 ਵਿਚਕਾਰ ਗੰਭੀਰ ਸ਼੍ਰੇਣੀ ਵਿਚ ਆਉਂਦਾ ਹੈ।
ਬੋਰਡ ਨੇ ਕਿਹਾ ਕਿ ਬੁਧਵਾਰ ਨੂੰ ਦੋ ਇਲਾਕਿਆਂ ਵਿਚ ਤਸੱਲੀਬਖਸ਼ ਹਵਾ ਗੁਣਵੱਤਾ ਰੀਕਾਰਡ ਕੀਤੀ ਗਈ ਜਦਕਿ 32 ਇਲਾਕਿਆਂ ਵਿਚ ਇਸ ਨੂੰ ਦਰਮਿਆਨੀ ਸ਼੍ਰੇਣੀ ਵਿਚ ਦਰਜ ਕੀਤਾ ਗਿਆ। ਬੋਰਡ ਮੁਤਾਬਕ ਕੌਮੀ ਰਾਜਧਾਨੀ ਖੇਤਰ, ਨੋਇਡਾ, ਫ਼ਰੀਦਾਬਾਦ, ਗਾਜ਼ੀਆਬਾਦ, ਗੁੜਗਾਉਂ ਅਤੇ ਗ੍ਰੇਟਰ ਨੋਇਡਾ ਵਿਚ ਹਵਾ ਗੁਣਵੱਤਾ ਦਰਮਿਆਨੀ ਸ਼੍ਰੇਦੀ ਵਿਚ ਦਰਜ ਕੀਤਾ ਗਿਆ। (ਏਜੰਸੀ)