
ਕਰਨਾਟਕਾ ਵਿਚ ਅੰਮ੍ਰਿਤਧਾਰੀ ਵਿਦਿਆਰਥਣ ਨੂੰ ਦਸਤਾਰ ਸਮੇਤ ਕਾਲਜ ਵਿਚ ਦਾਖਲ ਹੋਣ ਤੋਂ ਰੋਕਣ ਦਾ ਮਾਮਲਾ ਸੁਲਝ ਗਿਆ ਹੈ
ਬੰਗਲੁਰੂ: ਕਰਨਾਟਕਾ ਵਿਚ ਅੰਮ੍ਰਿਤਧਾਰੀ ਵਿਦਿਆਰਥਣ ਨੂੰ ਦਸਤਾਰ ਸਮੇਤ ਕਾਲਜ ਵਿਚ ਦਾਖਲ ਹੋਣ ਤੋਂ ਰੋਕਣ ਦਾ ਮਾਮਲਾ ਸੁਲਝ ਗਿਆ ਹੈ, ਅਮਿਤੇਸ਼ਵਰ ਕੌਰ ਦਸਤਾਰ ਬੰਨ੍ਹ ਕੇ ਹੀ ਕਾਲਜ ਜਾਵੇਗੀ। ਇਸ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਕਰਨਾਟਕਾ ਵਿਚ ਚੱਲ ਰਹੇ ਹਿਜਾਬ ਦੇ ਮਸਲੇ ਦੇ ਚਲਦਿਆਂ ਮੁਸਲਿਮ ਵਿਦਿਆਰਥਣਾਂ ਨੇ ਇਤਰਾਜ਼ ਜਤਾਇਆ ਸੀ ਕਿ ਜੇਕਰ ਉਹਨਾਂ ਨੂੰ ਹਿਜਾਬ ਸਮੇਤ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਤਾਂ ਦਸਤਾਰ ਬੰਨ੍ਹ ਕੇ ਵਿਦਿਆਰਥਣ ਨੂੰ ਕਾਲਜ ਆਉਣ ਦੀ ਇਜਾਜ਼ਤ ਕਿਉਂ ਦਿੱਤੀ ਜਾ ਰਹੀ ਹੈ।
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡਿਪਟੀ ਡਾਇਰੈਕਟਰ ਪ੍ਰੀ ਯੂਨੀਵਰਸਿਟੀ ਜੀਕੇ ਸ੍ਰੀ ਰਾਮ ਨਾਲ ਗੱਲਬਾਤ ਕੀਤੀ। ਉਹਨਾਂ ਨੇ ਭਰੋਸਾ ਦਿਵਾਇਆ ਹੈ ਕਿ ਅਜਿਹਾ ਕੋਈ ਮਸਲਾ ਨਹੀਂ ਹੈ। ਉਹਨਾਂ ਦਾ ਕਹਿਣਾ ਹੈ ਕਿ ਕਾਲਜ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਵਿਦਿਆਰਥਣ ਨੂੰ ਬਿਨ੍ਹਾਂ ਦਸਤਾਰ ਤੋਂ ਆਉਣ ਲਈ ਨਹੀਂ ਕਿਹਾ ਗਿਆ।
ਉਹਨਾਂ ਇਹ ਵੀ ਦੱਸਿਆ ਕਿ ਹਾਈ ਕੋਰਟ ਦੇ ਹੁਕਮਾਂ ਵਿਚ ਇਸ ਤਰ੍ਹਾਂ ਦੀ ਕੋਈ ਮਨਾਹੀ ਨਹੀਂ ਹੈ। ਦਿੱਲੀ ਕਮੇਟੀ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਵਲੋਂ ਇਸ ’ਤੇ ਗੰਭੀਰਤਾ ਨਾਲ ਨਜ਼ਰ ਰੱਖੀ ਜਾ ਰਹੀ ਹੈ। ਉਹਨਾਂ ਨੇ ਸਿੱਖਾਂ ਨੂੰ ਇਸ ਮਸਲੇ ਦੀ ਚਿੰਤਾ ਨਾ ਕਰਨ ਲਈ ਕਿਹਾ ਹੈ।