
ਕਰਨਾਟਕਾ ਵਿਚ ਅੰਮ੍ਰਿਤਧਾਰੀ ਸਿੱਖ ਵਿਦਿਆਰਥਣ ਨੂੰ ਕੇਸਕੀ (ਦਸਤਾਰ) ਸਮੇਤ ਕਾਲਜ ਵਿਚ ਦਾਖਲ ਹੋਣ ਤੋਂ ਰੋਕਣਾ ਹਿਜਾਬ ਉੱਤੇ ਪਾਬੰਦੀ ਦਾ ਸਿੱਖ ਭਾਈਚਾਰੇ ਤੱਕ ਪਹੁੰਚਣਾ ਹੈ।
ਚੰਡੀਗੜ੍ਹ: ਕਰਨਾਟਕਾ ਵਿਚ ਅੰਮ੍ਰਿਤਧਾਰੀ ਸਿੱਖ ਵਿਦਿਆਰਥਣ ਨੂੰ ਕੇਸਕੀ (ਦਸਤਾਰ) ਸਮੇਤ ਕਾਲਜ ਵਿਚ ਦਾਖਲ ਹੋਣ ਤੋਂ ਰੋਕਣਾ ਹਿਜਾਬ ਉੱਤੇ ਪਾਬੰਦੀ ਦਾ ਸਿੱਖ ਭਾਈਚਾਰੇ ਤੱਕ ਪਹੁੰਚਣਾ ਹੈ। ਕੇਂਦਰੀ ਸਿੰਘ ਸਭਾ ਵਲੋਂ ਜਾਰੀ ਸਾਂਝੇ ਬਿਆਨ ਵਿਚ ਇਸ ਮਸਲੇ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਗਈ ਹੈ। ਇਸ ਖਤਰੇ ਤੋਂ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦਾ ਖਦਸ਼ਾ ਸੱਚ ਹੋ ਨਿਬੜਿਆ ਹੈ। 14 ਫਰਵਰੀ ਨੂੰ ਜਾਰੀ ਬਿਆਨ ਰਾਹੀਂ ਸਿੰਘ ਸਭਾ ਨੇ ਕਿਹਾ ਸੀ ਕਿ ਮੁਸਲਮਾਨੀ ਹਿਜਾਬ ਦੀ ਸਿੱਖਾਂ ਦੀ ਪਗੜੀ ਅਤੇ ਕਕਾਰਾਂ ਦੇ ਬਰਾਬਰ ਦੀ ਧਾਰਮਿਕ ਪਹਿਚਾਣ ਹੈ। ਇਸ ਕਰਕੇ ਹਿਜਾਬ ਉੱਤੇ ਪਾਬੰਦੀ ਛੇਤੀ ਹੀ ਸਿੱਖ ਪਹਿਚਾਣ ਤੱਕ ਵੀ ਪਹੁੰਚ ਸਕਦੀ ਹੈ।
Bengaluru college asks Sikh girl to remove turban
ਦਰਅਸਲ ਮਾਊਂਟ ਕਾਰਮਲ ਕਾਲਜ ਵਸੰਤ ਨਗਰ, ਬੰਗਲੁਰੂ ਦੀ ਅੰਮ੍ਰਿਤਧਾਰੀ ਵਿਦਿਆਰਥਣ ਅਮਿਤੇਸ਼ਵਰ ਕੌਰ ਨੂੰ ਪਿਛਲੇ ਹਫਤੇ ਕਾਲਜ ਦੇ ਪ੍ਰੰਬਧਕਾਂ ਨੇ ਕੇਸਕੀ ਜਾਂ ਦਸਤਾਰ ਪਹਿਨ ਕੇ ਕਾਲਜ ਵਿਚ ਆਉਣ ਤੋਂ ਰੋਕਿਆ ਗਿਆ ਹੈ। ਸਿੱਖ ਵਿਦਿਆਰਥਣ ਨੇ ਦਸਤਾਰ ਉਤਾਰਨ ਤੋ ਨਾਂਹ ਕਰ ਦਿੱਤੀ ਕਿਉਂਕਿ ਇਹ ਸਿੱਖ ਮਰਿਆਦਾ ਦਾ ਜ਼ਰੂਰੀ ਅੰਗ ਹੈ। ਇਸ ਘਟਨਾ ਨੇ ਸੰਸਾਰ ਭਰ ਵਿਚ ਵਸਦੇ ਸਿੱਖ ਪੰਥ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਕੇਂਦਰੀ ਸਿੰਘ ਸਭਾ ਦਾ ਕਹਿਣਾ ਹੈ ਕਿ ਜਦੋਂ ਹੁਣ ਵੋਟ ਪ੍ਰਣਾਲੀ ਜਾਂ ਸਿਰਾਂ ਦੀ ਗਿਣਤੀ ਹੀ ਰਾਜ ਸੱਤਾ ਦੀ ਪ੍ਰਾਪਤੀ ਦਾ ਆਧਾਰ ਬਣ ਗਈ ਹੈ ਤਾਂ ਹਿੰਦੂਸਤਾਨੀ ਬਰੇ-ਸਗੀਰ (ਉਪ ਮਹਾਂਦੀਪ) ਵਿਚ ਵੱਖਰੇ-ਵੱਖਰੇ ਧਾਰਮਿਕ/ਸਮਾਜਿਕ ਫਿਰਕਿਆ ਦੇ ਲੀਡਰਾਂ ਨੇ ਆਪਣੇ ਆਪਣੇ ਭਾਈਚਾਰਿਆਂ ਦੀ ਵਾੜਬੰਦੀ ਕਰਕੇ ਅਤੇ ਉਹਨਾਂ ਨੂੰ ਇੱਕ-ਮੁੱਠ ਕਰਨ ਲਈ ਦੂਜੇ ਭਾਈਚਾਰਿਆਂ ਉੱਤੇ ਸਭਿਆਚਰਕ/ਧਾਰਮਿਕ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ। ਪਹਿਲਾਂ 1932 ਵਿਚ 6 ਕਰੋੜ ਅਛੂਤਾਂ ਲਈ ਅੰਗਰੇਜ਼ੀ ਰਾਜ ਵੱਲੋਂ ਹਿੰਦੂਆਂ ਨੂੰ ਬਹੁ-ਗਿਣਤੀ ਸਥਾਪਤ ਕਰਨ ਲਈ ਮਹਾਤਮਾ ਗਾਂਧੀ ਨੇ ਅਛੂਤਾਂ ਦੀ ਵੱਖਰੀ ਪ੍ਰਤੀਨਿਧਤਾ ਨੂੰ ਖਤਮ ਕਰਨ ਲਈ ਧੱਕੇ ਨਾਲ ਅੰਬੇਦਕਰ ਤੋਂ ‘ਪੂੰਨਾ ਪੈਕਟ’ ਉੱਤੇ ਦਸਤਖ਼ਤ ਕਰਵਾਏ ਸਨ। ਇਸ ਤਰ੍ਹਾਂ 3000 ਸਾਲਾਂ ਤੋਂ ਦੁਰਕਾਰੇ ਅਛੂਤਾਂ ਉੱਤੇ ਵੱਡੇ ਹਿੰਦੂ ਸਮਾਜ ਦੀ ਚਾਦਰ ਤਾਣ ਦਿੱਤੀ ਸੀ। ਉਹ ਹਿੰਦੂਵਾਦੀ ਸਿਆਸਤ ਮੁਸਲਿਮ ਲੀਗ ਨਾਲ ਸਿੱਧੀ ਟੱਕਰ ਵਿੱਚ ਅੜ੍ਹ ਗਈ। ਜਿਸ ਟੱਕਰ ਵਿੱਚੋਂ ਹੀ ਪਾਕਿਸਤਾਨ ਬਣਿਆ।
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਖੁਸ਼ਹਾਲ ਸਿੰਘ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਇੰਦਰਾ ਗਾਂਧੀ ਨੇ ਉਸੇ ਹਿੰਦੂਤਵੀ ਸਿਆਸਤ ਦਾ ਦਮ ਭਰਦਿਆਂ ਘੱਟ ਗਿਣਤੀ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ, ਭਾਰਤ ਵਿੱਚ ਕੱਟੜ ਹਿੰਦੂ ਰਾਸ਼ਟਰਵਾਦੀ ਸਿਆਸਤ ਦੀ ਜ਼ਮੀਨ ਤਿਆਰ ਕੀਤੀ ਜਿਸ ਉਪਰ ਭਾਜਪਾ ਦੀ ‘ਮੋਦੀ ਰਾਜ’ ਰੂਪੀ ਫਸਲ ਤਿਆਰ ਹੋਈ। ਹਿੰਦੂਤਵੀ ਰਾਜਨੀਤੀ ਨੂੰ ਮਜ਼ਬੂਤ ਕਰਨ ਲਈ ਹੀ ਅੱਜ ਮੁਸਲਮਾਨ ਭਾਈਚਾਰੇ ਦੇ ਧਾਰਮਿਕ ਸਭਿਆਚਾਰਕ ਚਿੰਨਾਂ/ਪਰੰਪਰਾਵਾਂ ਉੱਤੇ ਹਮਲੇ ਲਗਾਤਾਰ ਜਾਰੀ ਹਨ ਜਿਵੇਂ “ਤਿੰਨ ਤਲਾਕ”, ਨਾਗਰਿਕ ਸੋਧ ਕਾਨੂੰਨ (ਸੀਏਏ), ਲਵ-ਜਿਹਾਦ ਆਦਿ ਮੁੱਦੇ ਖੜ੍ਹੇ ਕਰਨਾ। ਹੁਣ ਕਰਨਾਟਕਾ ਦੇ ਉਡਪੀ (Udapi) ਵਿਦਿਆਕ ਅਦਾਰੇ ਵੱਲੋਂ ਮੁਸਲਮਾਨ ਵਿਦਿਆਰਥਣਾਂ ਦੀ ਹਿਜਾਬ ਉੱਤੇ ਪਾਬੰਦੀ ਲਾਉਣਾ ਉਸੇ ਹੀ ਸਿਆਸਤ ਦਾ ਹਿੱਸਾ ਹੈ।
ਉਹਨਾਂ ਕਿਹਾ ਕਿ ਸਿੱਖਾਂ ਦਾ ਦੁਖਦਾਈ ਪੱਖ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਕਮੇਟੀ ਉੱਤੇ ਕਾਬਜ਼ ਸਿਆਸੀ ਧਿਰ ਦਾ ਹਿੰਦੂਤਵੀ ਰਾਸ਼ਟਰਵਾਦੀ ਭਾਜਪਾ ਨਾਲ ਕਈ ਦਹਾਕਿਆਂ ਤੋਂ ਸਿੱਧੀ/ਅਸਿੱਧੀ ਸਾਂਝ ਭਿਆਲੀ ਚਲ ਰਹੀ ਹੈ। ਇਸ ਕਰਕੇ ਅਕਾਲ ਤਖਤ ਦੇ ਜਥੇਦਾਰਾਂ ਨੇ ਕਦੇ ਵੀ ਧਾਰਮਿਕ ਘੱਟ ਗਿਣਤੀਆਂ ਵਿਰੋਧੀ ਹਿੰਦੂਤਵੀ ਹਮਲਿਆਂ ਦਾ ਖੁੱਲ੍ਹ ਕੇ ਵਿਰੋਧ ਨਹੀਂ ਕੀਤਾ। ਕੇਂਦਰੀ ਸਿੰਘ ਸਭਾ ਨੇ ਅਪੀਲ ਕੀਤੀ ਕਿ ਸਿੱਖ ਭਾਈਚਾਰੇ ਦੇ ਲੋਕ ਭਵਿੱਖੀ ਹਿੰਦੂ ਰਾਸ਼ਟਰਵਾਦੀ ਖਤਰਿਆਂ ਤੋਂ ਅਵੇਸਲੇ ਨਾ ਹੋਣ ਅਤੇ ਅਜਿਹੀ ਹਿੰਦੂਤਵੀ ਰਾਜਨੀਤੀ ਦਾ ਭਰਪੂਰ ਵਿਰੋਧ ਕਰਨ। ਇਸ ਸਾਂਝੇ ਬਿਆਨ ਵਿਚ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ), ਪੱਤਰਕਾਰ ਜਸਪਾਲ ਸਿੰਘ ਸਿੱਧੂ, ਇੰਜ. ਗੁਰਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ ਪ੍ਰਤੀਨਿਧ ਗਲੋਬਲ ਸਿੱਖ ਕੌਸਲ, ਰਾਜਵਿੰਦਰ ਸਿੰਘ ਰਾਹੀ, ਇੰਜ. ਸੁਰਿੰਦਰ ਸਿੰਘ ਅਤੇ ਨਵਤੇਜ਼ ਸਿੰਘ ਆਦਿ ਸ਼ਾਮਲ ਹਨ।