
ਅਗਨੀਵੀਰਾਂ ਅਤੇ ਹੋਰ ਉਮੀਦਵਾਰਾਂ ਨੂੰ ਸਰੀਰਕ ਫਿਟਨੈੱਸ ਜਾਂਚ ਵਿਚੋਂ ਲੰਘਣਾ ਪੈਂਦਾ ਸੀ
ਨਵੀਂ ਦਿੱਲੀ - ਫੌਜ ਦੇ ਇਕ ਅਧਿਕਾਰੀ ਨੇ ਵੀਰਵਾਰ ਨੂੰ ਕਿਹਾ ਕਿ ਆਨਲਾਈਨ ਸਾਂਝੀ ਪ੍ਰਵੇਸ਼ ਪ੍ਰੀਖਿਆ (ਸੀ. ਈ. ਈ.) ਲਈ ਇਸਤੇਮਾਲ ਹੋਣ ਵਾਲੇ ਸਿਲੇਬਸ ਜਾਂ ਪ੍ਰੀਖਿਆ ਦੇ ਤੌਰ-ਤਰੀਕੇ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਭਾਰਤੀ ਫੌਜ ਦੇ ਭਰਤੀ ਜਨਰਲ ਡਾਇਰੈਕਟਰ ਲੈਫਟੀਨੈਂਟ ਜਨਰਲ ਐੱਨ. ਐੱਸ. ਸਰਨਾ ਨੇ ਇਥੇ ਸਾਊਥ ਬਲਾਕ ਵਿਚ ਮੀਡੀਆ ਕਰਮਚਾਰੀਆਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਆਨਲਾਈਨ ਪ੍ਰੀਖਿਆ ਖਰੜਾ ਅਪਣਾਉਣ ਦਾ ਫ਼ੈਸਲਾ ਕਈ ਕਾਰਨਾਂ ਤੋਂ ਪ੍ਰੇਰਿਤ ਸੀ। ਉਨ੍ਹਾਂ ਕਿਹਾ ਕਿ ਨੌਜਵਾਨ ਹੁਣ ਤਕਨੀਕੀ ਤੌਰ ’ਤੇ ਜਾਗਰੂਕ ਹਨ ਅਤੇ ਮੋਬਾਇਲ ਫੋਨ ਦਾ ਪ੍ਰਸਾਰ ਅਤੇ ਇਸ ਦੀ ਪੈਠ ਪਿੰਡਾਂ ਵਿਚ ਡੂੰਘਾਈ ਤੱਕ ਹੋ ਚੁੱਕੀ ਹੈ, ਜਿਸ ਨਾਲ ਲੋਕਾਂ ਲਈ ਨਵੀਂ ਤਕਨੀਕ ਲਾਭਦਾਇਕ ਰਹਿ ਰਹੀ ਹੈ।
ਫੌਜ ਨੇ ਹਾਲ ਹੀ ਵਿਚ ਅਗਨੀਵੀਰ ਭਰਤੀ ਪ੍ਰਕਿਰਿਆ ਵਿਚ ਬਦਲਾਅ ਦਾ ਐਲਾਨ ਕੀਤਾ ਸੀ ਅਤੇ ਫੋਰਸ ਵਿਚ ਸ਼ਾਮਲ ਹੋਣ ਦੇ ਇੱਛੁਕ ਉਮੀਦਵਾਰਾਂ ਨੂੰ ਹੁਣ ਸਭ ਤੋਂ ਪਹਿਲਾਂ ਇਕ ਆਨਲਾਈਨ ਸਾਂਝੀ ਪ੍ਰਵੇਸ਼ ਪ੍ਰੀਖਿਆ ਵਿਚ ਸ਼ਾਮਲ ਹੋਣਾ ਪਵੇਗਾ, ਉਸ ਤੋਂ ਬਾਅਦ ਉਨ੍ਹਾਂ ਨੂੰ ਸਰੀਰਕ ਫਿਟਨੈੱਸ ਅਤੇ ਮੈਡੀਕਲ ਜਾਂਚ ਦਾ ਸਾਹਮਣਾ ਕਰਨਾ ਪਵੇਗਾ। ਇਸ ਤੋਂ ਪਹਿਲਾਂ ਅਗਨੀਵੀਰਾਂ ਅਤੇ ਹੋਰ ਉਮੀਦਵਾਰਾਂ ਨੂੰ ਸਰੀਰਕ ਫਿਟਨੈੱਸ ਜਾਂਚ ਵਿਚੋਂ ਲੰਘਣਾ ਪੈਂਦਾ ਸੀ, ਉਸ ਤੋਂ ਬਾਅਦ ਆਖਰੀ ਪੜਾਅ ਵਿਚ ਮੈਡੀਕਲ ਜਾਂਚ ਅਤੇ ਸੀ. ਈ. ਈ. ਲਈ ਹਾਜ਼ਰ ਹੋਣਾ ਪੈਂਦਾ ਸੀ।