
ਕਿਸਾਨਾਂ ਦੀ ਹਮਾਇਤ ਕਰਨ ਵਾਲੇ ਵਰੁਣ ਗਾਂਧੀ ਦੀ ਟਿਕਟ ਕੱਟੀ, ਜਿਤਿਨ ਪ੍ਰਸਾਦ ਹੋਣਗੇ ਪੀਲੀਭੀਤ ਤੋਂ ਉਮੀਦਵਾਰ
Lok Sabha elections 2024: ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਐਤਵਾਰ ਨੂੰ ਲੋਕ ਸਭਾ ਚੋਣਾਂ ਲਈ 111 ਉਮੀਦਵਾਰਾਂ ਦੀ ਪੰਜਵੀਂ ਸੂਚੀ ਜਾਰੀ ਕਰ ਦਿਤੀ ਹੈ। ਪਾਰਟੀ ਨੇ ਸਾਬਕਾ ਕੇਂਦਰੀ ਮੰਤਰੀ ਵੀ.ਕੇ. ਸਿੰਘ ਦੀ ਥਾਂ ਗਾਜ਼ੀਆਬਾਦ ਤੋਂ ਸਥਾਨਕ ਵਿਧਾਇਕ ਅਤੁਲ ਗਰਗ ਨੂੰ ਉਮੀਦਵਾਰ ਬਣਾਇਆ ਹੈ, ਜਦਕਿ ਬਿਹਾਰ ਦੇ ਬਕਸਰ ਤੋਂ ਮਿਥਿਲੇਸ਼ ਤਿਵਾੜੀ ਦੀ ਥਾਂ ਕੇਂਦਰੀ ਮੰਤਰੀ ਅਸ਼ਵਨੀ ਚੌਬੇ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਪੀਲੀਭੀਤ ਤੋਂ ਮੌਜੂਦਾ ਸੰਸਦ ਮੈਂਬਰ ਵਰੁਣ ਗਾਂਧੀ ਦਾ ਟਿਕਟ ਕੱਟ ਕੇ ਉਨ੍ਹਾਂ ਦੀ ਥਾਂ ’ਤੇ ਉੱਤਰ ਪ੍ਰਦੇਸ਼ ਸਰਕਾਰ ’ਚ ਮੰਤਰੀ ਜਿਤਿਨ ਪ੍ਰਸਾਦ ਨੂੰ ਉਮੀਦਵਾਰ ਬਣਾਇਆ ਗਿਆ ਹੈ। ਵਰੁਣ ਗਾਂਧੀ ਕਿਸਾਨਾਂ ਦੀ ਹਮਾਇਤ ’ਚ ਬੋਲਦੇ ਰਹੇ ਹਨ ਅਤੇ ਉਨ੍ਹਾਂ ਨੇ ਸੰਸਦ ’ਚ ਕਿਸਾਨ ਪੱਖੀ ਕਈ ਨਿਜੀ ਬਿਲ ਪੇਸ਼ ਕੀਤੇ ਸਨ। ਜਦਕਿ ਵਰੁਣ ਦੀ ਮਾਂ ਮੇਨਕਾ ਗਾਂਧੀ ਨੂੰ ਸੁਲਤਾਨਪੁਰ ਤੋਂ ਮੁੜ ਟਿਕਟ ਦਿਤੀ ਗਈ ਹੈ। ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਓਡੀਸ਼ਾ ਦੇ ਸੰਬਲਪੁਰ ਤੋਂ ਉਮੀਦਵਾਰ ਬਣਾਇਆ ਗਿਆ ਹੈ।
ਪਾਰਟੀ ਦੀ ਸੂਚੀ ’ਚ ਫਿਲਮ ਅਦਾਕਾਰਾ ਕੰਗਨਾ ਰਣੌਤ ਦਾ ਨਾਮ ਵੀ ਸ਼ਾਮਲ ਹੈ। ਉਨ੍ਹਾਂ ਨੂੰ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਟਿਕਟ ਦਿਤੀ ਗਈ ਹੈ। ਕੁੱਝ ਦੇਰ ਪਹਿਲਾਂ ਹੀ ਭਾਜਪਾ ’ਚ ਸ਼ਾਮਲ ਹੋਏ ਸਾਬਕਾ ਸੰਸਦ ਮੈਂਬਰ ਨਵੀਨ ਜਿੰਦਲ ਨੂੰ ਕੁਰੂਕਸ਼ੇਤਰ ਤੋਂ ਭਾਜਪਾ ਦਾ ਉਮੀਦਵਾਰ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਨਵੀਨ ਜਿੰਦਲ ਉਦਯੋਗਪਤੀ ਹਨ ਅਤੇ ਕੋਲਾ ਘਪਲੇ ਦੇ ਤਿੰਨ ਕੇਸਾਂ ਦਾ ਸਾਹਮਣਾ ਕਰ ਰਹੇ ਹਨ।
ਕੇਂਦਰੀ ਮੰਤਰੀ ਗਿਰੀਰਾਜ ਸਿੰਘ ਇਕ ਵਾਰ ਫਿਰ ਬੇਗੂਸਰਾਏ ਤੋਂ ਚੋਣ ਲੜਨਗੇ, ਜਦਕਿ ਬਿਹਾਰ ਨਾਲ ਸਬੰਧਤ ਹੋਰ ਕੇਂਦਰੀ ਮੰਤਰੀ ਉਜੀਰਪੁਰ ਤੋਂ ਨਿਤਿਆਨੰਦ ਰਾਏ, ਆਰਾ ਤੋਂ ਆਰ.ਕੇ. ਸਿੰਘ ਅਤੇ ਪਾਟਲੀਪੁੱਤਰ ਤੋਂ ਰਾਮ ਕ੍ਰਿਪਾਲ ਯਾਦਵ ਚੋਣ ਲੜਨਗੇ। ਸਾਬਕਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੂੰ ਪਟਨਾ ਸਾਹਿਬ ਤੋਂ ਅਤੇ ਸੁਸ਼ੀਲ ਕੁਮਾਰ ਸਿੰਘ ਨੂੰ ਔਰੰਗਾਬਾਦ ਤੋਂ ਟਿਕਟ ਦਿਤੀ ਗਈ ਹੈ। ਰਾਜ ਸਭਾ ਮੈਂਬਰ ਵਿਵੇਕ ਠਾਕੁਰ ਨੂੰ ਨਵਾਦਾ ਤੋਂ ਨਾਮਜ਼ਦ ਕੀਤਾ ਗਿਆ ਹੈ।
ਸਾਬਕਾ ਕੇਂਦਰੀ ਮੰਤਰੀ ਰਾਧਾ ਮੋਹਨ ਸਿੰਘ ਪੂਰਬੀ ਚੰਪਾਰਨ ਤੋਂ ਚੋਣ ਲੜਨਗੇ ਜਦਕਿ ਸੰਜੇ ਜੈਸਵਾਲ ਇਕ ਵਾਰ ਫਿਰ ਪਛਮੀ ਚੰਪਾਰਨ ਤੋਂ ਚੋਣ ਲੜਨਗੇ। ਭਾਜਪਾ ਨੇ ਝਾਰਖੰਡ ਦੇ ਦੁਮਕਾ ਤੋਂ ਸੀਤਾ ਸੋਰੇਨ ਨੂੰ ਅਪਣਾ ਉਮੀਦਵਾਰ ਬਣਾਇਆ ਹੈ। ਸੀਤਾ ਸੋਰੇਨ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਹੈ ਅਤੇ ਹਾਲ ਹੀ ’ਚ ਭਾਜਪਾ ’ਚ ਸ਼ਾਮਲ ਹੋਈ ਹੈ।
ਭਾਜਪਾ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਵਿਰੁਧ ਵਾਇਨਾਡ ਤੋਂ ਕੇਰਲ ਇਕਾਈ ਦੇ ਸਾਬਕਾ ਪ੍ਰਧਾਨ ਕੇ. ਸੁਰੇਂਦਰਨ ਨੂੰ ਮੈਦਾਨ ’ਚ ਉਤਾਰਿਆ ਹੈ।
ਭਾਜਪਾ ਨੇ ਹੁਣ ਤਕ 291 ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ’ਚ ਉੱਤਰ ਪ੍ਰਦੇਸ਼, ਗੁਜਰਾਤ, ਪਛਮੀ ਬੰਗਾਲ, ਝਾਰਖੰਡ, ਰਾਜਸਥਾਨ, ਹਰਿਆਣਾ, ਕਰਨਾਟਕ, ਤਾਮਿਲਨਾਡੂ, ਉਤਰਾਖੰਡ, ਕੇਰਲ ਅਤੇ ਤੇਲੰਗਾਨਾ ਦੇ ਉਮੀਦਵਾਰ ਸ਼ਾਮਲ ਹਨ।
ਭੋਜਪੁਰੀ ਗਾਇਕ ਪਵਨ ਸਿੰਘ ਸਮੇਤ ਐਲਾਨੇ ਗਏ ਉਮੀਦਵਾਰਾਂ ’ਚੋਂ ਤਿੰਨ ਨੇ ਵਿਵਾਦ ਤੋਂ ਬਾਅਦ ਅਪਣੀ ਉਮੀਦਵਾਰੀ ਵਾਪਸ ਲੈ ਲਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਨਿਤਿਨ ਗਡਕਰੀ ਸਮੇਤ ਪਾਰਟੀ ਦੇ ਪ੍ਰਮੁੱਖ ਚਿਹਰਿਆਂ ਦੇ ਨਾਵਾਂ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ ਅਤੇ ਇਹ ਸਾਰੇ ਅਪਣੇ-ਅਪਣੇ ਹਲਕਿਆਂ ਤੋਂ ਚੋਣ ਲੜ ਰਹੇ ਹਨ। 543 ਲੋਕ ਸਭਾ ਸੀਟਾਂ ਲਈ 19 ਅਪ੍ਰੈਲ ਤੋਂ 1 ਜੂਨ ਦੇ ਵਿਚਕਾਰ ਸੱਤ ਪੜਾਵਾਂ ’ਚ ਚੋਣਾਂ ਹੋਣਗੀਆਂ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।
ਇਸ ਤੋਂ ਇਲਾਵਾ ਟੀ.ਵੀ. ਸੀਰੀਅਲ ‘ਰਾਮਾਇਣ’ ’ਚ ਰਾਮ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਅਰੁਣ ਗੋਵਿਲ ਨੂੰ ਮੇਰਠ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ। ਕਲਕੱਤਾ ਹਾਈ ਕੋਰਟ ਦੇ ਸਾਬਕਾ ਜੱਜ ਅਭਿਜੀਤ ਗੰਗੋਪਾਧਿਆਏ ਨੂੰ ਬੰਗਾਲ ਦੀ ਤਾਮਲੁਕ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਜਾਵੇਗਾ। ਉਹ ਚੋਣ ਮੈਦਾਨ ’ਚ ਉਤਰਨ ਵਾਲੇ ਪਹਿਲੇ ਸੇਵਾਮੁਕਤ ਜੱਜ ਹਨ।