
ਰੋਹਿਤ ਸ਼ੇਖਰ ਦੀ ਹੱਤਿਆ ਦੇ ਮਾਮਲੇ ਵਿਚ 9 ਦਿਨਾਂ ਬਾਅਦ ਪੁਲਿਸ ਨੇ ਰੋਹਿਤ ਸ਼ੇਖਰ ਦੀ ਪਤਨੀ ਅਪੂਰਵਾ ਨੂੰ ਗ੍ਰਿਫਤਾਰ ਕਰ ਲਿਆ ਹੈ।
ਨਵੀਂ ਦਿੱਲੀ: ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਐਨਡੀ ਤਿਵਾੜੀ ਦੇ ਪੁੱਤਰ ਰੋਹਿਤ ਸ਼ੇਖਰ ਦੀ ਹੱਤਿਆ ਦੇ ਮਾਮਲੇ ਵਿਚ 9 ਦਿਨਾਂ ਬਾਅਦ ਪੁਲਿਸ ਨੇ ਰੋਹਿਤ ਸ਼ੇਖਰ ਦੀ ਪਤਨੀ ਅਪੂਰਵਾ ਨੂੰ ਗ੍ਰਿਫਤਾਰ ਕਰ ਲਿਆ ਹੈ। ਕ੍ਰਾਈਮ ਬ੍ਰਾਂਚ ਦਾ ਕਹਿਣਾ ਹੈ ਕਿ ਅਪੂਰਵਾ ਸ਼ੁਕਲਾ ਤਿਵਾੜੀ ਰੋਹਿਤ ਨਾਲ ਵਿਆਹੁਤਾ ਜੀਵਨ ਤੋਂ ਖੁਸ਼ ਨਹੀਂ ਸੀ। ਇਸੇ ਕਾਰਨ ਅਪੂਰਵਾ ਨੇ ਰੋਹਿਤ ਦਾ ਗਲਾ ਅਤੇ ਮੂੰਹ ਦਬਾ ਕੇ ਉਸ ਨੂੰ ਮਾਰ ਦਿੱਤਾ। ਕ੍ਰਾਈਮ ਬ੍ਰਾਂਚ ਦਾ ਇਹ ਵੀ ਕਹਿਣਾ ਹੈ ਕਿ ਇਸ ਹੱਤਿਆ ਵਿਚ ਕੋਈ ਹੋਰ ਸ਼ਾਮਿਲ ਨਹੀਂ ਸੀ। ਦੱਸ ਦਈਏ ਕਿ ਬੀਤੇ ਸਾਲ ਹੀ ਰੋਹਿਤ ਤਿਵਾੜੀ ਦਾ ਵਿਆਹ ਅਪੂਰਵਾ ਨਾਲ ਹੋਇਆ ਸੀ।
ਇਸ ਤੋਂ ਪਹਿਲਾਂ ਪੁਲਿਸ ਦਾ ਸ਼ੱਕ ਤਿੰਨ ਲੋਕਾਂ ‘ਤੇ ਸੀ, ਜਿਨ੍ਹਾਂ ਵਿਚ ਰੋਹਿਤ ਦੀ ਪਤਨੀ, ਉਸਦਾ ਡਰਾਈਵਰ ਅਤੇ ਉਸਦਾ ਨੌਕਰ ਸ਼ਾਮਿਲ ਸਨ। ਪੁਲਿਸ ਨੇ ਅਪੂਰਵਾ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਉਸ ਕੋਲੋਂ ਤਿੰਨ ਦਿਨ ਤੱਕ ਪੁੱਛ-ਗਿੱਛ ਕੀਤੀ ਸੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਰੋਹਿਤ ਤਿਵਾੜੀ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਜਾਂ ਬਰੇਨ ਹੈਮਰੇਜ ਦੱਸਿਆ ਜਾ ਰਿਹਾ ਸੀ ਪਰ ਪੋਸਟਮਾਰਟਮ ਦੀ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਰੋਹਿਤ ਸ਼ੇਖਰ ਦੀ ਮੌਤ ਕਿਸੇ ਬਿਮਾਰੀ ਕਾਰਨ ਨਹੀਂ ਹੋਈ ਬਲਕਿ ਗਲਾ ਦਬਾ ਕੇ ਉਸਦੀ ਹੱਤਿਆ ਕੀਤੀ ਗਈ ਹੈ। ਪੁਲਿਸ ਨੇ ਹੱਤਿਆ ਦਾ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਬੀਤੀ 15 ਅਪ੍ਰੈਲ ਨੂੰ ਰੋਹਿਤ ਸ਼ੇਖਰ ਉਤਰਾਖੰਡ ਵਿਚ ਵੋਟ ਪਾਉਣ ਤੋਂ ਬਾਅਦ ਦਿੱਲੀ ਪਰਤੇ ਸਨ। ਇਸ ਤੋਂ ਬਾਅਦ ਉਹ ਖਾਣਾ ਖਾ ਕੇ ਅਪਣੇ ਕਮਰੇ ਵਿਚ ਸੌਣ ਚਲੇ ਗਏ। ਅਗਲੇ ਦਿਨ ਸ਼ਾਮ ਨੂੰ ਜਦੋਂ ਘਰ ਦਾ ਨੌਕਰ ਉਸਦੇ ਕਮਰੇ ਵਿਚ ਗਿਆ ਤਾਂ ਉਸਨੇ ਰੋਹਿਤ ਨੂੰ ਗੰਭੀਰ ਹਾਲਤ ਵਿਚ ਦੇਖਿਆ। ਹਸਪਤਾਵ ਲਿਜਾਉਣ ‘ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਰੋਹਿਤ ਦੀ ਮਾਂ ਉਜਵਲਾ ਸ਼ਰਮਾ ਦਾ ਵੀ ਇਲਜ਼ਾਮ ਹੈ ਕਿ ਅਪੂਰਵਾ ਅਤੇ ਉਸਦੇ ਮਾਤਾ-ਪਿਤਾ ਦੀ ਨਜ਼ਰ ਰੋਹਿਤ ਦੀ ਜਾਇਦਾਦ ‘ਤੇ ਸੀ।