
ਰੋਹਿਤ ਸ਼ੇਖਰ ਦੀ ਮਾਂ ਉੱਜਵਲਾ ਦਾ ਇਲਜ਼ਾਮ, ਅਪੂਰਵਾ ਤੇ ਉਸ ਦੇ ਪਰਵਾਰ ਵਾਲਿਆਂ ਦੀ ਨਜ਼ਰ ਰੋਹਿਤ ਦੀ ਜਾਇਦਾਦ ’ਤੇ ਸੀ
ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਨਰਾਇਣ ਦੱਤ ਤਿਵਾਰੀ ਦੇ ਬੇਟੇ ਰੋਹਿਤ ਸ਼ੇਖਰ ਤਿਵਾੜੀ ਦੀ ਪਤਨੀ ਅਪੂਰਵਾ ਅਤੇ ਦੋ ਘਰੇਲੂ ਨੌਕਰਾਂ ਨੂੰ ਐਤਵਾਰ ਨੂੰ ਪੁੱਛਗਿਛ ਲਈ ਹਿਰਾਸਤ ਵਿਚ ਲੈ ਲਿਆ। ਸੂਤਰਾਂ ਮੁਤਾਬਕ ਪੁਲਿਸ ਰੋਹਿਤ ਤਿਵਾੜੀ ਦੇ ਕਤਲ ਮਾਮਲੇ ਵਿਚ ਅਪੂਰਵਾ ਨੂੰ ਮੁੱਖ ਸ਼ੱਕੀ ਵਜੋਂ ਮੰਨ ਰਹੀ ਹੈ। ਦਿੱਲੀ ਪੁਲਿਸ ਨੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਰੋਹਿਤ ਤਿਵਾੜੀ ਦੇ ਕਤਲ ਮਾਮਲੇ ਵਿਚ ਵੀਰਵਾਰ ਨੂੰ ਮਾਮਲਾ ਦਰਜ ਕੀਤਾ ਸੀ। ਰਿਪੋਰਟ ਵਿਚ ਦੱਸਿਆ ਗਿਆ ਕਿ ਤਿਵਾੜੀ ਦਾ ਕਤਲ ਗਲਾ ਘੁੱਟ ਜਾਣ ਦੇ ਕਾਰਨ ਸਾਹ ਰੁਕਣ ਨਾਲ ਹੋਇਆ ਹੈ।
Rohit and his mother Ujwala
ਮਾਮਲੇ ਨੂੰ ਜਾਂਚ ਦੇ ਲਈ ਕਰਾਈਮ ਬ੍ਰਾਂਚ ਦੇ ਕੋਲ ਭੇਜ ਦਿਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕਰਾਈਮ ਬ੍ਰਾਂਚ ਨੇ ਦੱਖਣ ਦਿੱਲੀ ਦੇ ਡਿਫੈਂਸ ਕਲੋਨੀ ਵਿਚ ਰੋਹਿਤ ਤਿਵਾੜੀ ਦੇ ਘਰ ਸ਼ਨਿਚਰਵਾਰ ਨੂੰ ਅਪੂਰਵਾ ਤੋਂ ਅੱਠ ਘੰਟੇ ਪੁਛਗਿੱਛ ਕੀਤੀ ਸੀ। ਰੋਹਿਤ ਸ਼ੇਖਰ ਦੀ ਮਾਂ ਉੱਜਵਲਾ ਨੇ ਐਤਵਾਰ ਨੂੰ ਇਲਜ਼ਾਮ ਲਗਾਇਆ ਕਿ ਅਪੂਰਵਾ ਅਤੇ ਉਸ ਦੇ ਪਰਵਾਰ ਵਾਲਿਆਂ ਦੀ ਨਜ਼ਰ ਰੋਹਿਤ ਦੀ ਜਾਇਦਾਦ ਉਤੇ ਸੀ। ਧਿਆਨ ਯੋਗ ਹੈ ਕਿ ਰੋਹਿਤ ਦੀ 16 ਅਪ੍ਰੈਲ ਨੂੰ ਸ਼ੱਕੀ ਹਾਲਤ ਵਿਚ ਮੌਤ ਹੋ ਗਈ ਸੀ। ਘਟਨਾ ਤੋਂ ਬਾਅਦ ਰੋਹਿਤ ਸ਼ੇਖਰ ਦੀ ਮੌਤ ਦੀ ਗੁੱਥੀ ਹੋਰ ਉਲਝ ਗਈ।
ਪੋਸਟਮਾਰਟਮ ਰਿਪੋਰਟ ਤੋਂ ਬਾਅਦ ਪੁਲਿਸ ਦਾ ਸ਼ੱਕ ਰੋਹਿਤ ਸ਼ੇਖਰ ਦੇ ਨਜ਼ਦੀਕੀਆਂ ਉਤੇ ਗਿਆ ਹੈ। ਰੋਹਿਤ ਸ਼ੇਖਰ ਦੀ ਮਾਂ ਉੱਜਵਲਾ ਸ਼ਰਮਾ ਤੋਂ ਦੁਬਾਰਾ ਪੁਛਗਿੱਛ ਹੋਈ ਜਿਸ ਵਿਚ ਹੈਰਾਨ ਕਰਨ ਵਾਲਾ ਖ਼ੁਲਾਸਾ ਹੋਇਆ। ਉੱਜਵਲਾ ਸ਼ਰਮਾ ਨੇ ਪਹਿਲੀ ਵਾਰ ਸ਼ੇਖਰ ਦੀ ਕਿਸੇ ਹੋਰ ਔਰਤ ਨਾਲ ਨਜ਼ਦੀਕੀ ਅਤੇ ਪਤਨੀ ਅਪੂਰਵਾ ਦੇ ਨਾਲ ਅਣਬਣ ਨੂੰ ਲੈ ਕੇ ਕੁਝ ਨਵੇਂ ਖ਼ੁਲਾਸੇ ਕੀਤੇ। ਉੱਜਵਲਾ ਸ਼ਰਮਾ ਨੇ ਕਤਲ ਦੇ ਪਿੱਛੇ ਜਾਇਦਾਦ ਵਿਵਾਦ ਦਾ ਵੀ ਸ਼ੱਕ ਪ੍ਰਗਟਾਇਆ। ਉੱਜਵਲਾ ਸ਼ਰਮਾ ਨੇ ਇਹ ਵੀ ਦੱਸਿਆ ਕਿ ਰੋਹਿਤ ਅਤੇ ਅਪੂਰਵਾ ਇਸ ਜੂਨ ਵਿਚ ਇਕ ਦੂਜੇ ਤੋਂ ਤਲਾਕ ਲੈਣ ਵਾਲੇ ਸਨ।
ਪੁਲਿਸ ਸੂਤਰਾਂ ਦੇ ਮੁਤਾਬਕ ਰੋਹਿਤ ਸ਼ੇਖਰ ਦੇ ਕੋਲ ਦੋ ਮੋਬਾਇਲ ਨੰਬਰ ਸਨ। ਖ਼ਾਸ ਗੱਲ ਇਹ ਹੈ ਕਿ ਰਾਤ 3 ਵਜੇ ਤੋਂ 4 ਵਜੇ ਦੇ ਆਸਪਾਸ ਸ਼ੇਖਰ ਦੇ ਨੰਬਰ ਤੋਂ ਕਿਸੇ ਨੂੰ ਫ਼ੋਨ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੀ ਜਾਂਚ ਜਾਰੀ ਹੈ। ਸੂਤਰਾਂ ਮੁਤਾਬਕ ਤਿਲਕ ਲੇਨ ਵਿਚ ਰਹਿਣ ਵਾਲੇ ਇਕ ਰਿਸ਼ਤੇਦਾਰ ਦੀ ਪਤਨੀ ਕੁਮਕੁਮ ਵੀ ਸ਼ੇਖਰ ਦੇ ਨਾਲ ਉਤਰਾਖੰਡ ਗਈ ਸੀ। ਇਸ ਨੂੰ ਲੈ ਕੇ ਸ਼ੇਖਰ ਦੀ ਪਤਨੀ ਪ੍ਰੇਸ਼ਾਨ ਸੀ। ਡਿਫੈਂਸ ਕਲੋਨੀ ਦੇ ਉਸ ਘਰ ਤੋਂ ਝਗੜੇ ਦੀਆਂ ਦੋ ਪੀਸੀਆਰ ਕਾਲਾਂ ਵੀ ਹੋਈਆਂ ਸਨ।
Rohit & Apoorva
ਪੋਸਟਮਾਰਟਮ ਰਿਪੋਰਟ ਦੇ ਮੁਤਾਬਕ ਇਹ ਅਪ੍ਰਕਿਰਤਿਕ ਮੌਤ ਦਾ ਮਾਮਲਾ ਹੈ ਅਤੇ ਇਹ ਸੰਭਵ ਹੈ ਕਿ ਉਸ ਦਾ ਕਤਲ ਕੀਤਾ ਗਿਆ ਹੈ। ਕਰਾਇਮ ਬ੍ਰਾਂਚ ਦੇ ਇਕ ਅਧਿਕਾਰੀ ਨੇ ਨਿਊਜ਼ ਏਜੰਸੀ ਆਈਏਐਨਐਸ ਨੂੰ ਕਿਹਾ ਕਿ ਰੋਹਿਤ ਤਿਵਾੜੀ ਦੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ ਜਿਸ ਵਿਚ ਰੋਹਿਤ ਸ਼ੇਖਰ ਤਿਵਾੜੀ ਅਤੇ ਉਨ੍ਹਾਂ ਦੇ ਭਰਾ ਸਿੱਧਾਰਥ ਦੇ ਵਿਚ ਜਾਇਦਾਦ ਵਿਵਾਦ ਵੀ ਸ਼ਾਮਿਲ ਹੈ। ਇਹ ਪਾਇਆ ਗਿਆ ਹੈ ਕਿ ਪਰਵਾਰ ਦੇ ਕੋਲ ਉਤਰਾਖੰਡ ਅਤੇ ਦਿੱਲੀ ਵਿਚ ਕਰੋੜਾਂ ਦੀ ਜਾਇਦਾਦ ਹੈ।
ਰੋਹਿਤ ਨੇ ਅਦਾਲਤ ਵਿਚ ਮਾਮਲਾ ਦਰਜ ਕਰਕੇ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਨਰਾਇਣ ਦੱਤ ਤਿਵਾੜੀ ਨੂੰ ਅਪਣਾ ਪਿਤਾ ਦੱਸਿਆ ਸੀ। ਨਰਾਇਣ ਦੱਤ ਤਿਵਾੜੀ ਨੇ ਪਹਿਲਾਂ ਇਸ ਤੋਂ ਮਨ੍ਹਾ ਕੀਤਾ ਪਰ ਡੀਐਨਏ ਟੈਸਟ ਵਿਚ ਇਹ ਸਾਬਿਤ ਹੋਇਆ ਕਿ ਉਹ ਰੋਹਿਤ ਦੇ ਪਿਤਾ ਹਨ। ਰੋਹਿਤ ਨੂੰ ਬੁੱਧਵਾਰ ਨੂੰ ਉਨ੍ਹਾਂ ਦੀ ਮਾਂ ਐਂਬੁਲੈਂਸ ਰਾਹੀਂ ਮੈਕਸ ਹਸਪਤਾਲ ਲੈ ਕੇ ਪਹੁੰਚੀ ਪਰ ਤੱਦ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
ਪੁਲਿਸ ਕਮਿਸ਼ਨਰ ਵਿਜੈ ਕੁਮਾਰ ਨੇ ਆਈਏਐਨਐਸ ਨੂੰ ਕਿਹਾ, ਰੋਹਿਤ ਸ਼ੇਖਰ ਤਿਵਾੜੀ (40) ਦੀ ਪੋਸਟਮਾਰਟਮ ਰਿਪੋਰਟ ਦੇ ਮੁਤਾਬਕ ਮੌਤ ਅਪ੍ਰਕ੍ਰਿਤਿਕ ਹੈ। ਮਾਮਲੇ ਨੂੰ ਕਰਾਈਮ ਬ੍ਰਾਂਚ ਨੂੰ ਸੌਂਪ ਦਿਤਾ ਗਿਆ ਹੈ। ਪੋਸਟਮਾਰਟਮ ਰਿਪੋਰਟ ਤੋਂ ਇਹ ਸੰਕੇਤ ਮਿਲਿਆ ਹੈ ਕਿ ਰੋਹਿਤ ਦਾ ਮੂੰਹ ਦਬਾ ਕੇ ਉਸ ਨੂੰ ਜਾਨੋਂ ਮਾਰਿਆ ਗਿਆ ਹੈ। ਫੋਰੈਂਸਿਕ ਅਤੇ ਕਰਾਈਮ ਬ੍ਰਾਂਚ ਦੀਆਂ ਟੀਮਾਂ ਨੇ ਡਿਫੈਂਸ ਕਲੋਨੀ ਸਥਿਤ ਰੋਹਿਤ ਦੇ ਘਰ ਜਾ ਕੇ ਜਾਂਚ ਪੜਤਾਲ ਕੀਤੀ ਹੈ। ਘਰ ਦੀ ਵੀਡੀਓਗ੍ਰਾਫ਼ੀ ਕੀਤੀ ਗਈ, ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਗਈ।