ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਨੂੰ ਲਿਖਣਗੇ ਪੱਤਰ
Arvind Kejriwal News: 'ਆਪ' ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਇਲਜ਼ਾਮ ਲਗਾਇਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਰੁਧ ਜੇਲ ਵਿਚ ਡੂੰਘੀ ਸਾਜਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਨੂੰ ਪੱਤਰ ਲਿਖਣਗੇ। ਉਨ੍ਹਾਂ ਦਾਅਵਾ ਕੀਤਾ ਕਿ ਦਿੱਲੀ ਦੇ ਸਿਹਤ ਮੰਤਰੀ ਸੌਰਭ ਭਾਰਦਵਾਜ ਅਤੇ ਆਤਿਸ਼ੀ ਨੇ ਅੱਜ ਜੇਲ ਵਿਚ ਕੇਜਰੀਵਾਲ ਨਾਲ ਮੁਲਾਕਾਤ ਕਰਨੀ ਸੀ ਪਰ ਉਨ੍ਹਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿਤੀ ਗਈ। ਉਨ੍ਹਾਂ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ, ਅਰਵਿੰਦ ਕੇਜਰੀਵਾਲ ਤੋਂ ਕਿਸ ਦੁਸ਼ਮਣੀ ਦਾ ਬਦਲਾ ਲੈ ਰਹੇ ਹਨ।
ਸੰਜੇ ਸਿੰਘ ਨੇ ਕਿਹਾ ਕਿ ਜਦੋਂ ਅਸੀਂ ਪਾਰਟੀ ਦੇ ਸੰਗਠਨ ਜਨਰਲ ਸਕੱਤਰ ਅਤੇ ਸੰਸਦ ਮੈਂਬਰ ਸੰਦੀਪ ਪਾਠਕ ਬਾਰੇ ਵੀ ਇਜਾਜ਼ਤ ਮੰਗੀ ਤਾਂ ਉਨ੍ਹਾਂ ਲਈ ਵੀ ਇਨਕਾਰ ਕਰ ਦਿਤਾ ਗਿਆ। ਸਿਰਫ ਸੌਰਭ ਭਾਰਦਵਾਜ ਨਾਲ ਹੀ ਉਨ੍ਹਾਂ ਦਾ ਮੁਲਾਕਾਤ ਕਰਵਾਈ ਗਈ। ਉਨ੍ਹਾਂ ਦਾਅਵਾ ਕੀਤਾ, "ਮੈਨੂੰ ਪਹਿਲਾਂ ਹੀ ਕਿਹਾ ਗਿਆ ਹੈ ਕਿ ਮੈਂ ਉਨ੍ਹਾਂ ਨੂੰ ਨਹੀਂ ਮਿਲ ਸਕਦਾ। ਇਹ ਤਾਨਾਸ਼ਾਹੀ ਵਿਵਹਾਰ ਕਿਉਂ ਹੈ? ਕੱਲ੍ਹ ਨੂੰ ਉਹ ਕੇਜਰੀਵਾਲ ਦੀ ਉਨ੍ਹਾਂ ਦੀ ਪਤਨੀ ਨਾਲ ਜਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੁਲਾਕਾਤ ਬੰਦ ਕਰ ਦੇਣਗੇ”।
'ਆਪ' ਸੰਸਦ ਮੈਂਬਰ ਨੇ ਕਿਹਾ ਕਿ ਜੇਲ ਵਿਚ 23 ਦਿਨਾਂ ਤੋਂ ਮੁੱਖ ਮੰਤਰੀ ਕੇਜਰੀਵਾਲ ਨੂੰ ਇੰਸੁਲਿਨ ਨਹੀਂ ਦਿਤੀ ਗਈ ਸੀ। ਉਨ੍ਹਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਕੇ ਪ੍ਰਧਾਨ ਮੰਤਰੀ ਕਿਸ ਦੁਸ਼ਮਣੀ ਦਾ ਬਦਲਾ ਲੈ ਰਹੇ ਹਨ। ਸੰਜੇ ਸਿੰਘ ਨੇ ਇਲਜ਼ਾਮ ਲਾਇਆ ਕਿ ਮੁੱਖ ਮੰਤਰੀ ਕੇਜਰੀਵਾਲ ਨਾਲ ਅਤਿਵਾਦੀ ਵਰਗਾ ਵਿਵਹਾਰ ਕੀਤਾ ਜਾ ਰਿਹਾ ਹੈ।
ਬੁੱਧਵਾਰ (24 ਅਪ੍ਰੈਲ) ਨੂੰ ਸੌਰਭ ਭਾਰਦਵਾਜ ਨੇ ਤਿਹਾੜ ਜੇਲ ਵਿਚ ਮੁੱਖ ਮੰਤਰੀ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ 30 ਮਿੰਟ ਤਕ ਚੱਲੀ, ਜਿਸ ਮਗਰੋਂ ਸੌਰਭ ਭਾਰਦਵਾਜ ਨੇ ਕਿਹਾ ਕਿ ਮੁੱਖ ਮੰਤਰੀ ਕੇਜਰੀਵਾਲ ਨੇ ਲੋਕਾਂ ਨੂੰ ਉਨ੍ਹਾਂ ਬਾਰੇ ਚਿੰਤਾ ਨਾ ਕਰਨ ਲਈ ਕਿਹਾ ਹੈ। ਸੌਰਭ ਭਦਵਾਜ ਨੇ ਕਿਹਾ, "ਮੈਂ ਜੇਲ ਵਿਚ ਅੱਧਾ ਘੰਟਾ ਮੀਟਿੰਗ ਕੀਤੀ। ਕੇਜਰੀਵਾਲ ਨੇ ਕਿਹਾ ਕਿ ਲੋਕਾਂ ਨੂੰ ਉਨ੍ਹਾਂ ਦੀ ਚਿੰਤਾ ਨਹੀਂ ਕਰਨੀ ਚਾਹੀਦੀ। ਉਹ ਮਜ਼ਬੂਤ ਹਨ ਅਤੇ ਦਿੱਲੀ ਦੇ ਲੋਕਾਂ ਦੇ ਆਸ਼ੀਰਵਾਦ ਨਾਲ ਅਪਣੀ ਲੜਾਈ ਜਾਰੀ ਰੱਖਣਗੇ”।