
ਤਖ਼ਤ ਹਜੂਰ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਕੀਤਾ ਸਾਫ਼
ਨਵੀਂ ਦਿੱਲੀ (ਚਰਨਜੀਤ ਸਿੰਘ ਸੁਰਖ਼ਾਬ) - ਕੋਰੋਨਾ ਕਾਲ ਦੌਰਾਨ ਬਹੁਤ ਸਾਰੀਆਂ ਸਿੱਖ ਸਮਾਜ ਸੇਵੀ ਸੰਸਥਾਵਾਂ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਵੱਲੋਂ ਨਿੱਜੀ ਤੌਰ 'ਤੇ ਜਾਂ ਫਿਰ ਸਰਕਾਰਾਂ ਦੇ ਨਾਲ ਮਿਲ ਕੇ ਲੋਕਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ ਅਤੇ ਕੀਮਤੀ ਜਾਨਾਂ ਨੂੰ ਬਚਾਇਆ ਵੀ ਜਾ ਰਿਹਾ ਹੈ| ਸਿੱਖ ਜਥੇਬੰਦੀਆਂ ਤੇ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਵੱਲੋਂ ਕੀਤੇ ਜਾ ਰਹੇ ਸਾਰੇ ਪ੍ਰਬੰਧ ਸੰਗਤ ਦੀ ਮਦਦ ਨਾਲ ਹੋ ਰਹੇ ਹਨ ਅਤੇ ਅਜਿਹੇ ਵਿੱਚ ਤਖ਼ਤ ਸ੍ਰੀ ਹਜੂਰ ਸਾਹਿਬ ਨਾਲ ਜੁੜੀ ਇੱਕ ਅਜਿਹੀ ਖਬਰ ਆਉਂਦੀ ਹੈ ਜਿਸ ਉਪਰ ਵਿਚਾਰ ਚਰਚਾ ਸ਼ੁਰੂ ਹੋ ਗਈ
Takhat Sri Hazur Sahib
ਖ਼ਬਰ ਇਹ ਸੀ ਕਿ ਤਖ਼ਤ ਸ੍ਰੀ ਹਜੂਰ ਸਾਹਿਬ ਦੀ ਪ੍ਰਬੰਧਕ ਕਮੇਟੀ ਪਿਛਲੇ 50 ਸਾਲਾਂ ਵਿਚ ਇਕੱਠੇ ਹੋਏ ਸੋਨੇ ਦੀ ਵਰਤੋਂ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ਲਈ ਕਰੇਗੀ| ਮਤਲਬ ਤਖ਼ਤ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ 5 ਦਹਾਕਿਆਂ ਵਿਚ ਸੰਗਤ ਦੇ ਚੜਾਵੇ ਨਾਲ ਇਕੱਠਾ ਹੋਇਆ ਸੋਨਾ ਵੇਚ ਕੇ ਮੈਡੀਕਲ ਸਹੂਲਤਾਂ ਵਾਲਾ ਕੋਵਿਡ ਕੇਅਰ ਕੇਂਦਰ ਸਥਾਪਿਤ ਕੀਤਾ ਜਾਵੇਗਾ| ਜਿਵੇਂ ਹੀ ਇਹ ਖਬਰ ਸਾਹਮਣੇ ਆਉਂਦੀ ਹੈ ਤਾਂ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ, ਪਰ ਇਸਦੇ ਚੱਲਦੇ ਇੱਕ ਹੋਰ ਚਰਚਾ ਵੀ ਨਾਲ ਜੁੜ ਜਾਂਦੀ ਹੈ ਕਿ ਸੋਨਾ ਵੇਚਣ ਵਾਲਾ ਬਿਆਨ ਝੂਠ ਹੈ |
ਸੋ ਇਸ ਖਬਰ ਦਾ ਸੱਚ ਜਾਨਣ ਲਈ ਰੋਜ਼ਾਨਾ ਸਪੋਕਸਮੈਨ ਟੀਵੀ ਦੀ ਟੀਮ ਨੇ ਤਖ਼ਤ ਹਜੂਰ ਸਾਹਿਬ ਦੀ ਪ੍ਰਬੰਧਕ ਕਮੇਟੀ ਨਾਲ ਮੋਬਾਈਲ ਦੇ ਜ਼ਰੀਏ ਰਾਬਤਾ ਕਾਇਮ ਕੀਤਾ, ਜਿਸ ਤੋਂ ਸਾਫ ਹੋਇਆ ਕਿ ਇਸ ਬਿਆਨ ਵਿੱਚ ਕੋਈ ਵੀ ਸੱਚਾਈ ਨਹੀਂ ਹੈ| ਕਮੇਟੀ ਦੇ ਅਧਿਕਾਰੀ ਦਾ ਕਹਿਣਾ ਸੀ ਕਿ ਅਜਿਹਾ ਵੀ ਕੋਈ ਬਿਆਨ ਬਿਨ੍ਹਾਂ ਬੋਰਡ ਮੀਟਿੰਗ ਕਿਤੇ ਨਹੀਂ ਦਿੱਤਾ ਜਾ ਸਕਦਾ ਤੇ ਕੋਰੋਨਾ ਦੇ ਚੱਲਦੇ ਕੋਈ ਬੋਰਡ ਮੀਟਿੰਗ ਨਹੀਂ ਹੋਈ| ਅਧਿਕਾਰੀ ਦਾ ਕਹਿਣਾ ਸੀ ਕਿ ਅਜਿਹੇ ਫੈਸਲੇ ਬੋਰਡ ਮੀਟਿੰਗ ਵਿੱਚ ਸਾਰੇ ਉੱਚ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਹੁੰਦੇ ਹਨ, ਪਰ ਨਾ ਕੋਈ ਬੈਠਕ ਹੋਈ ਤੇ ਨਾ ਹੀ ਕੋਈ ਅਜਿਹਾ ਫੈਸਲਾ ਲਿਆ ਗਿਆ |
Hazur Sahib Nanded
ਅਧਿਕਾਰੀ ਦਾ ਕਹਿਣਾ ਸੀ ਕਿ ਤਖ਼ਤ ਬੋਰਡ ਵੱਲੋਂ 30 ਬੈੱਡ ਦਾ ਕੋਵਿਡ ਕੇਅਰ ਕੇਂਦਰ ਸਥਾਪਿਤ ਕੀਤਾ ਜਾ ਰਿਹਾ ਹੈ, ਜਿਸਦਾ ਉਦਘਾਟਨ ਜੂਨ ਦੇ ਪਹਿਲੇ ਹਫਤੇ ਵਿਚ ਕੀਤਾ ਜਾਵੇਗਾ| ਅਧਿਕਾਰੀ ਨੇ ਦੱਸਿਆ ਕਿ ਇਸ ਸੈਂਟਰ ਵਿੱਚ 30 ਬੈੱਡ ਦੀ ਸੁਵਿਧਾ ਹੋਵੇਗੀ, ਜਿਸ ਵਿੱਚ 10 ਬੈੱਡ ICU ਲਈ ਵਰਤੇ ਜਾਣਗੇ ਅਤੇ 10 -10 ਬੈੱਡ ਬੀਬੀਆਂ ਤੇ ਮਰਦਾਨਾ ਵਾਰਡ ਵਿਚ ਵਰਤੇ ਜਾਣਗੇ| ਅਧਿਕਾਰੀ ਨੇ ਦੱਸਿਆ ਕਿ ਕਮੇਟੀ ਅਧੀਨ ਆਉਂਦੀ ਤਿੰਨ ਮੰਜ਼ਿਲਾਂ ਇਮਾਰਤ ਵਿੱਚ ਹੀ ਕੋਵਿਡ ਕੇਅਰ ਸੈਂਟਰ ਸਥਾਪਿਤ ਕੀਤਾ ਜਾ ਰਿਹਾ ਹੈ ਤੇ ਇਸਨੂੰ ਚਲਾਉਣ ਦਾ ਖਰਚਾ ਅਤੇ ਡਾਕਟਰਾਂ ਦੀ ਤਨਖ਼ਾਹ ਦਾ ਖਰਚਾ ਗੁਰਦਵਾਰਾ ਬੋਰਡ ਵੱਲੋਂ ਚੁੱਕਿਆ ਜਾਵੇਗਾ, ਜਦਕਿ ਕੋਵਿਡ ਕੇਅਰ ਕੇਂਦਰ ਲਈ ਫਰਨੀਚਰ ਅਤੇ ਮਸ਼ੀਨਰੀ ਲਈ ਖਰਚਾ ਗੁਰਦਵਾਰਾ ਸਾਹਿਬ ਦੇ ਪ੍ਰਧਾਨ ਨੇ ਨਿੱਜੀ ਤੌਰ 'ਤੇ ਕੀਤਾ |
ਅਧਿਕਾਰੀ ਦਾ ਕਹਿਣਾ ਸੀ ਕਿ ਸੋਨਾ ਵੇਚਣ ਦੀ ਪਿਛਲੇ ਸਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਗੱਲ ਜ਼ਰੂਰ ਕੀਤੀ ਗਈ ਸੀ ਕਿ ਪਿਛਲੇ 50 ਸਾਲ ਵਿੱਚ ਇਕੱਠੇ ਹੋਏ ਸੋਨੇ ਦੀ ਵਰਤੋਂ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ਵਿੱਚ ਕੀਤੀ ਜਾਵੇਗੀ ਪਰ ਮੌਜੂਦਾ ਸਮੇਂ ਵਿੱਚ ਅਜਿਹਾ ਕੋਈ ਫੈਸਲਾ ਨਹੀਂ ਲਿਆ ਗਿਆ| ਇਸਦੇ ਨਾਲ ਹੀ ਕਮੇਟੀ ਅਧਿਕਾਰੀ ਨੇ ਕਿਹਾ ਕਿ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਅਫਵਾਹ ਕਿਥੋਂ ਸ਼ੁਰੂ ਹੋਈ ਅਤੇ ਤਖ਼ਤ ਸਾਹਿਬ ਦੀ ਸ਼ਾਨ ਖਿਲਾਫ ਅਜਿਹੀ ਝੂਠੀ ਅਫਵਾਹ ਫੈਲਾਉਣ ਵਾਲੇ ਖਿਲਾਫ ਕਾਰਵਾਈ ਜ਼ਰੂਰ ਕੀਤੀ ਜਾਵੇਗੀ