
ਬਾਕੀ ਦੇਸ਼ ਪਿਛਲੇ ਇਕ ਸਾਲ ਤੋਂ ਵੈਕਸੀਨ ਖਰੀਦਣ ਵਿਚ ਜੁਟੇ ਹੋਏ ਸੀ ਪਰ ਸਾਡੀ ਸਰਕਾਰ ਨੇ ਕੁਝ ਨਹੀਂ ਕੀਤਾ- ਡਾ. ਗਗਨਦੀਪ ਕੰਗ
ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵੈਕਸੀਨ ਦੀ ਕਮੀ ਦੇ ਚਲਦਿਆਂ ਸੀਨੀਅਰ ਵਾਇਰਲੋਜਿਸਟ ਦਾ ਵੱਡਾ ਬਿਆਨ ਆਇਆ ਹੈ। ਦਰਅਸਲ ਡਾਕਟਰ ਗਗਨਦੀਪ ਕੰਗ ਨੇ ਕਿਹਾ ਕਿ ਭਾਰਤ ਨੇ ਇੰਸਟਰਨੈਸ਼ਨਲ ਮਾਰਕਿੰਟ ਵਿਚ ਵੱਡੇ ਪੈਮਾਨੇ ’ਤੇ ਕੋਰੋਨਾ ਵੈਕਸੀਨ ਖਰੀਦਣ ਵਿਚ ਦੇਰੀ ਕਰ ਦਿੱਤੀ। ਇਸ ਕਾਰਨ ਉਹ ਵੈਕਸੀਨ ਖਰੀਦਣ ਦੀ ਦੌੜ ਵਿਚ ਪਿੱਛੇ ਰਹਿ ਗਿਆ।
Corona vaccine
ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਵੈਕਸੀਨ ਦੇ ਕਲੀਨੀਕਲ ਟ੍ਰਾਇਲ ਲਈ ਕੋਈ ਭੁਗਤਾਨ ਨਹੀਂ ਕੀਤਾ ਅਤੇ ਨਾ ਹੀ ਵੈਕਸੀਨ ਦੇ ਆਰਡਰ ਦੇਣ ਲਈ ਕੋਈ ਐਡਵਾਂਸ ਭੁਗਤਾਨ ਕਰਨ ਵਿਚ ਦਿਲਚਸਪੀ ਦਿਖਾਈ। ਡਾ. ਕੰਗ ਨੇ ਦੱਸਿਆ ਕਿ ਦੁਨੀਆਂ ਦੇ ਬਾਕੀ ਦੇਸ਼ ਪਿਛਲੇ ਇਕ ਸਾਲ ਤੋਂ ਵੈਕਸੀਨ ਖਰੀਦਣ ਵਿਚ ਜੁਟੇ ਹੋਏ ਸੀ ਪਰ ਸਾਡੀ ਸਰਕਾਰ ਨੇ ਕੁਝ ਨਹੀਂ ਕੀਤਾ। ਅਜਿਹੇ ਵਿਚ ਸਾਡੇ ਕੋਲ ਹੁਣ ਸੀਮਤ ਵਿਕਲਪ ਵੀ ਬਚੇ ਹਨ।
Dr. Gagandeep Kang
ਡਾ. ਗਗਨਦੀਪ ਕੰਗ ਨੇ ਕਿਹਾ ਕਿ ਭਾਰਤ ਜ਼ੈਡਸ ਕੈਡਿਲਾ, ਬਾਇਓਲਾਜੀਕਲ-ਈ ਵਰਗੀਆਂ ਕੰਪਨੀਆਂ ਕੋਲ ਜਾ ਸਕਦਾ ਹੈ, ਜਿਸ ਦੀ ਵੈਕਸੀਨ ਸਾਲ ਦੇ ਅਖੀਰ ਤੱਕ ਆਉਣ ਵਾਲੀ ਹੈ। ਭਾਰਤ ਉਹਨਾਂ ਨੂੰ ਉਤਪਾਦਨ ਵਿਚ ਤੇਜ਼ੀ ਲਿਆਉਣ ਲਈ ਕਹਿ ਸਕਦਾ ਹੈ। ਉਹਨਾਂ ਕਿਹਾ ਕਿ, ‘ਮੇਰਾ ਮੰਨਣਾ ਹੈ ਕਿ ਟ੍ਰਾਇਲ ਮੋਡ ਵਿਚ ਹੀ ਨਿਵੇਸ਼ ਕਰਨ ਨਾਲ ਨੁਕਸਾਨ ਦਾ ਖਤਰਾ ਬਣਿਆ ਰਹਿੰਦਾ ਹੈ ਪਰ ਸਾਨੂੰ ਖ਼ਤਰਾ ਚੁੱਕ ਕੇ ਅਜਿਹਾ ਕਰਨਾ ਚਾਹੀਦਾ ਹੈ। ਜੇਕਰ ਅਸੀਂ ਅਜਿਹਾ ਕਰਦੇ ਹਾਂ ਤਾਂ ਇਹ ਸਾਡੇ ਭਵਿੱਖ ਲਈ ਚੰਗੀ ਗੱਲ ਹੈ। ਇਸ ਨਾਲ ਅਸੀਂ ਮਿਸਾਲ ਕਾਇਮ ਕਰ ਸਕਾਂਗੇ ਅਤੇ ਦੱਸਾਂਗੇ ਕਿ ਅਸੀਂ ਖੋਜ ਅਤੇ ਨਵੀਨਤਾ ਵਿਚ ਨਿਵੇਸ਼ ਕਰਨ ਲਈ ਵੀ ਤਿਆਰ ਹਾਂ’।
Covid Vaccine
ਦੱਸ ਦਈਏ ਕਿ ਡਾ. ਕੰਗ ਸੁਪਰੀਮ ਕੋਰਟ ਵੱਲੋ ਮੈਡੀਕਲ ਆਕਸੀਜਨ ’ਤੇ ਬਣਾਈ ਕਮੇਟੀ ਦੀ ਮੈਂਬਰ ਵੀ ਹੈ। ਡਾ. ਕੰਗ ਦਾ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਕਈ ਸੂਬਿਆਂ ਨੇ ਵੈਕਸੀਨ ਲਈ ਗਲੋਬਲ ਟੈਂਡਰ ਜਾਰੀ ਕੀਤੇ ਹਨ। ਮਹਾਰਾਸ਼ਟਰ, ਦਿੱਲੀ, ਉੱਤਰ ਪ੍ਰਦੇਸ਼ ਆਦਿ ਕਈ ਸੂਬਿਆਂ ਨੇ ਇਹ ਕਦਮ ਚੁੱਕਿਆ ਹੈ।