
ਨੈਸ਼ਨਲ ਕਾਨਫ਼ਰੰਸ ਦੇ ਮੀਤ-ਪ੍ਰਧਾਨ ਉਮਰ ਅਬਦੁੱਲਾ ਨੇ ਅੱਜ ਕਿਹਾ ਕਿ ਐਨ.ਡੀ.ਏ. ਸਰਕਾਰ ਦਾ ਇਹ ਦਾਅਵਾ ਕਿ ਉਸ ਕੇ ਰਾਜ 'ਚ ਯੂ.ਪੀ.ਏ. ਸਰਕਾਰ ਮੁਕਾਬਲੇ ਜਿਆਦਾ ...
ਸ੍ਰੀਨਗਰ: ਨੈਸ਼ਨਲ ਕਾਨਫ਼ਰੰਸ ਦੇ ਮੀਤ-ਪ੍ਰਧਾਨ ਉਮਰ ਅਬਦੁੱਲਾ ਨੇ ਅੱਜ ਕਿਹਾ ਕਿ ਐਨ.ਡੀ.ਏ. ਸਰਕਾਰ ਦਾ ਇਹ ਦਾਅਵਾ ਕਿ ਉਸ ਕੇ ਰਾਜ 'ਚ ਯੂ.ਪੀ.ਏ. ਸਰਕਾਰ ਮੁਕਾਬਲੇ ਜਿਆਦਾ ਅਤਿਵਾਦੀ ਮਾਰੇ ਗਏ ਹਨ, ਅਸਲ 'ਚ ਇਹ ਦਰਸਾਉਂਦਾ ਹੈ ਕਿ ਉਨ੍ਹਾਂ ਨੇ ਵਾਦੀ 'ਚ ਅਤਿਵਾਦ ਅਤੇ ਹਿੰਸਾ ਨੂੰ ਮੁੜ ਵਧਣ ਦਾ ਮੌਕਾ ਦਿਤਾ। ਉਮਰ ਨੇ ਟਵੀਟ ਕੀਤਾ, ''ਅਸਲ 'ਚ ਮੰਤਰੀ ਸਾਹਿਬ ਇਹ ਕਹਾਣੀ ਦਸਦੀ ਹੈ ਕਿ ਤੁਹਾਡੀ ਸਰਕਾਰ ਨੇ ਅਤਿਵਾਦ ਅਤੇ ਹਿੰਸਾ ਨੂੰ ਜੰਮੂ-ਕਸ਼ਮੀਰ 'ਚ ਮੁੜ ਸਿਰ ਚੁੱਕਣ ਦਾ ਮੌਕਾ ਦਿਤਾ ਅਤੇ ਸੁਰੱਖਿਆ ਬਲਾਂ ਨੂੰ ਹੋਰ ਜ਼ਿਆਦਾ ਅਤਿਵਾਦੀਆਂ ਨੂੰ ਮਾਰਨ ਲਈ ਮਜਬੂਰ ਕੀਤਾ।''
ਉਮਰ ਅਬਦੁੱਲਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਦੇ ਉਸ ਟਵੀਟ ਅਤੇ ਬਿਆਨ ਦਾ ਜਵਾਬ ਦੇ ਰਹੇ ਸਨ ਜਿਸ 'ਚ ਉਨ੍ਹਾਂ ਕਿਹਾ ਸੀ ਕਿ ਐਨ.ਡੀ.ਏ. ਸਰਕਾਰ ਦੇ ਰਾਜ 'ਚ ਯੂ.ਪੀ.ਏ. ਸਰਕਾਰ ਮੁਕਾਬਲੇ ਜ਼ਿਆਦਾ ਅਤਿਵਾਦੀ ਮਾਰੇ ਗਏ। ਪ੍ਰਸਾਦ ਨੇ ਕਿਹਾ ਸੀ ਕਿ ਸੁਰੱਖਿਆ ਬਲਾਂ ਨੇ 2012 ਅਤੇ 2013 'ਚ ਲੜੀਵਾਰ 72 ਅਤੇ 67 ਅਤਿਵਾਦੀ ਮਾਰੇ ਗਏ ਜਦਕਿ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏੇ. ਸਰਕਾਰ ਜਦੋਂ ਕੇਂਦਰ 'ਚ ਆਈ ਤਾਂ ਉਸ ਨੇ 2014 'ਚ 110 ਅਤਿਵਾਦੀ ਮਾਰੇ।
ਉਨ੍ਹਾਂ ਕਿਹਾ ਕਿ 2015 'ਚ 108 ਅਤਿਵਾਦੀ, 2016 'ਚ 150 ਅਤਿਵਾਦੀ ਅਤੇ ਇਸ ਸਾਲ ਮਈ ਤਕ 75 ਅਤਿਵਾਦੀ ਮਾਰੇ ਗਏ ਹਨ।ਇਸ 'ਤੇ ਉਮਰ ਅਬਦੁੱਲਾ ਨੇ ਕਿਹਾ ਕਿ ਇਹ ਕੋਈ ਪ੍ਰਾਪਤੀ ਦੀ ਗੱਲ ਨਹੀਂ ਬਲਕਿ ਸ਼ਰਮਿੰਦਾ ਮਹਿਸੂਸ ਕਰਨ ਦੀ ਗੱਲ ਹੈ। (ਪੀਟੀਆਈ)