
ਜੰਮੂ ਕਸ਼ਮੀਰ ਰਿਜ਼ਰਵੇਸ਼ਨ ਸੋਧ ਬਿੱਲ ਨਾਲ ਕਰਨਗੇ ਸ਼ੁਰੂਆਤ
ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸੋਮਵਾਰ ਨੂੰ ਲੋਕ ਸਭਾ ਵਿਚ ਜੰਮੂ ਕਸ਼ਮੀਰ ਰਿਜ਼ਰਵੇਸ਼ਨ ਸੋਧ ਬਿੱਲ ਪੇਸ਼ ਕਰਨਗੇ। ਪਿਛਲੇ ਮਹੀਨੇ ਰਾਸ਼ਟਰੀ ਚੋਣਾਂ ਵਿਚ ਪਾਰਟੀ ਦੀ ਜਿੱਤ, ਹੇਠਲੇ ਸਦਨ ਅਤੇ ਮੰਤਰੀ ਮੰਡਲ ਦੀ ਨਿਯੁਕਤੀ ਤੋਂ ਬਾਅਦ ਸੰਸਦ ਵਿਚ ਭਾਜਪਾ ਪ੍ਰਧਾਨ ਦਾ ਇਹ ਪਹਿਲਾ ਬਿੱਲ ਹੋਵੇਗਾ। ਇਸ ਬਿੱਲ ਨੂੰ ਆਰਡੀਨੈਂਸ ਦੇ ਰੂਪ ਵਿਚ ਲਾਗੂ ਕੀਤਾ ਗਿਆ ਸੀ।
Amit Shah
28 ਫਰਵਰੀ ਨੂੰ ਕੇਂਦਰੀ ਕੈਬਨਿਟ ਨੇ ਜੰਮੂ-ਕਸ਼ਮੀਰ ਰਿਜ਼ਰਵੇਸ਼ਨ ਸੋਧ ਆਰਡੀਨੈਂਸ 2019 ਨੂੰ ਮਨਜੂਰੀ ਦਿੱਤੀ ਸੀ ਅਤੇ ਇਸ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੀ ਪਾਸ ਕਰ ਦਿੱਤਾ ਸੀ। ਇਸ ਬਿੱਲ ਦਾ ਉਦੇਸ਼ ਜੰਮੂ-ਕਸ਼ਮੀਰ ਵਿਚ ਆਰਥਿਕ ਰੂਪ ਤੋਂ ਕਮਜ਼ੋਰ ਵਰਗਾਂ ਲਈ 10 ਫ਼ੀਸਦੀ ਰਿਜ਼ਰਵੇਸ਼ਨ ਪ੍ਰਦਾਨ ਕਰਨ ਵਾਲੇ ਆਰਡੀਨੈਂਸ ਦੀ ਥਾਂ ਲੈਣਾ ਹੈ। ਇਸ ਨਾਲ ਜੰਮੂ ਕਸ਼ਮੀਰ ਵਿਚ ਆਰਥਿਕ ਰੂਪ ਤੋਂ ਕਮਜ਼ੋਰ ਕਿਸੇ ਵੀ ਧਰਮ ਜਾਂ ਜਾਤੀ ਦੇ ਨੌਜਵਾਨਾਂ ਨੂੰ ਰਾਜ ਸਰਕਾਰ ਦੀਆਂ ਨੌਕਰੀਆਂ ਪ੍ਰਾਪਤ ਕਰਨਾ ਆਸਾਨ ਹੋ ਜਾਵੇਗਾ।
ਅਮਿਤ ਸ਼ਾਹ ਦੇ ਵਿਧਾਈ ਏਜੰਡੇ ਦਾ ਬਰੀਕੀ ਨਾਲ ਪਾਲਣ ਕਰਨ ਦੀ ਉਮੀਦ ਹੈ ਅਤੇ ਜੰਮੂ ਕਸ਼ਮੀਰ ਨਾਲ ਸਬੰਧਿਤ ਇਸ ਬਿੱਲ ਨਾਲ ਸ਼ੁਰੂਆਤ ਕਰਨ ਦਾ ਉਹਨਾਂ ਦਾ ਫ਼ੈਸਲਾ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਦਸ ਦਈਏ ਕਿ ਲੋਕ ਸਭਾ ਚੋਣਾਂ ਲਈ ਪ੍ਰਚਾਰ ਕਰਦੇ ਸਮੇਂ ਸ਼ਾਹ ਨੇ ਸੰਵਿਧਾਨ ਦੀ ਧਾਰਾ 370 ਨੂੰ ਰੱਦ ਕਰਨ ਦੀ ਗੱਲ ਕਹੀ ਸੀ। ਨਾਲ ਹੀ ਚੋਣਾਂ ਦਾ ਐਲਾਨ ਪੱਤਰ ਵੀ ਭਾਜਪਾ ਨੇ ਧਾਰਾ 35A ਨੂੰ ਖ਼ਤਮ ਕਰਨ ਦੇ ਅਪਣੇ ਇਰਾਦੇ ਨੂੰ ਵੀ ਦੁਹਰਾਇਆ ਸੀ।