
ਕਿਹਾ, ਫ਼ੰਡ ’ਚ ਲੱਖਾਂ ਕਰੋੜ ਰੁਪਏ ਇਕੱਠੇ ਕੀਤੇ ਗਏ, ਪਰ ਕੋਈ ਵੈਂਟੀਲੇਟਰ ਫਿਰ ਵੀ ਸਹੀ ਨਹੀਂ ਕੰਮ ਕਰ ਰਿਹਾ
ਮੁੰਬਈ: ਸ਼ਿਵ ਸੈਨਾ (ਯੂ.ਬੀ.ਟੀ.) ਦੇ ਮੁਖੀ ਊਧਵ ਠਾਕਰੇ ਨੇ ਕਥਿਤ ਕੋਵਿਡ-19 ਹਸਪਤਾਲ ਘਪਲੇ ’ਚ ਉਨ੍ਹਾਂ ਦੀ ਪਾਰਟੀ ਦੇ ਕੁਝ ਕਰੀਬੀ ਲੋਕਾਂ ਵਿਰੁਧ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਕਾਰਵਾਈ ਨੂੰ ਲੈ ਕੇ ਨਿਸ਼ਾਨਾ ਲਾਉਂਦਿਆਂ ਸਨਿਚਰਵਾਰ ਨੂੰ ਕਿਹਾ ਕਿ ‘ਪੀ.ਐਮ. ਕੇਅਰਸ’ ਫ਼ੰਡ ਦੀ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਠਾਕਰੇ ਨੇ ਕਿਹਾ, ‘‘ਅਸੀਂ ਕਿਸੇ ਜਾਂਚ ਤੋਂ ਨਹੀਂ ਡਰਦੇ ਅਤੇ ਜੇਕਰ ਸਰਕਾਰ ਜਾਂਚ ਕਰਵਾਉਣਾ ਚਾਹੁੰਦੀ ਹੈ ਤਾਂ ਤੁਹਾਨੂੰ ਠਾਣੇ ਐਮ.ਸੀ., ਪਿੰਪਰੀ-ਚਿੰਚਵਡ, ਪੁਣੇ ਅਤੇ ਨਾਗਪੁਰ ਐਮ.ਸੀ. ਦੀ ਵੀ ਜਾਂਚ ਕਰਵਾਉਣੀ ਚਾਹੀਦੀ ਹੈ।’’
ਸਾਬਕਾ ਮੁੱਖ ਮੰਤਰੀ ਨੇ ਕਿਹਾ, ‘‘ਪੀ.ਐਮ. ਕੇਅਰਸ ਫ਼ੰਡ ਦੀ ਵੀ ਜਾਂਚ ਕਰਵਾਹੀ ਜਾਵੇ। ਪੀ.ਐਮ. ਕੇਅਰਸ ਫ਼ੰਡ ਕਿਸੇ ਜਾਂਚ ਦੇ ਘੇਰੇ ’ਚ ਨਹੀਂ ਆਉਂਦਾ। ਲੱਖਾਂ ਕਰੋੜ ਰੁਪਏ ਇਕੱਠੇ ਕੀਤੇ ਗਏ ਹਨ। ਕਈ ਵੈਂਟੀਲੇਟਰ ਸਹੀ ਕੰਮ ਨਹੀਂ ਕਰਦੇ। ਅਸੀਂ ਵੀ ਜਾਂਚ ਕਰਾਵਾਂਗੇ।’’
ਠਾਕਰੇ ਨੇ ਨਾਗਪੁਰ, ਪਿੰਪਰੀ-ਚਿੰਚਵਡ ਅਤੇ ਪੁਣੇ ਮਿਊਂਸੀਪਲ ਕਾਰਪੋਰੇਸ਼ਨ ਦੇ ਨਾਲ-ਨਾਲ ਉੱਤਰ ਪ੍ਰਦੇਸ਼ ਅਤੇ ਗੁਜਰਾਤ ਸਰਕਾਰ ਦੀ ਵੀ ਜਾਂਚ ਕਰਵਾਉਣ ਦੀ ਮੰਗ ਕੀਤੀ ਜਿਨ੍ਹਾਂ ਦੀ ਅਗਵਾਈ ਭਾਰਤੀ ਜਨਤਾ ਪਾਰਟੀ (ਭਾਜਪਾ) ਕਰ ਰਹੀ ਹੈ। ਠਾਕਰੇ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਠਾਣੇ ਐਮ.ਸੀ. ਦੀ ਵੀ ਜਾਂਚ ਕਰਵਾਉਣ ਦੀ ਮੰਗ ਕੀਤੀ।
ਜ਼ਿਕਰਯੋਗ ਹੈ ਕਿ ਐਮਰਜੈਂਸੀ ਸਥਿਤੀ ’ਚ ਪ੍ਰਧਾਨ ਮੰਤਰੀ ਨਾਗਰਿਕ ਸਹਾਇਤਾ ਅਤੇ ਰਾਹਤ ਫ਼ੰਡ ਦੀ ਸਥਾਪਨਾ ਸਾਲ 2020 ’ਚ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਇਕ ਚੈਰੀਟੇਬਲ ਟਰੱਸਟ ਵਜੋਂ ਕੌਮੀ ਰਾਹਤ ਫ਼ੰਡ ਦੇ ਰੂਪ ’ਚ ਕੀਤੀ ਗਈ ਸੀ।
ਇਸ ਫ਼ੰਡ ਦੇ ਮੁਖੀ ਪ੍ਰਧਾਨ ਮੰਤਰੀ ਹਨ ਜਦਕਿ ਰਖਿਆ ਮੰਤਰੀ, ਗ੍ਰਹਿ ਮੰਤਰੀ ਅਤੇ ਵਿੱਤ ਮੰਤਰੀ ਇਸ ਦੇ ਮੈਂਬਰ ਹਨ।
ਪਾਰਟੀ ਦੇ ਕਾਰਕੁਨਾਂ ਨੂੰ ਸੰਬੋਧਨ ਕਰਦਿਆਂ ਠਾਕਰੇ ਨੇ ਸਰਕਾਰ ਨੂੰ ਚੁਨੌਤੀ ਦਿਤੀ ਕਿ ਕੋਵਿਡ ਮਹਾਮਾਰੀ ਦੌਰਾਨ ਬ੍ਰਹਨਮੁੰਬਈ ਮਹਾਨਗਰਪਾਲਿਕਾ (ਬੀ.ਐਮ.ਸੀ.) ਦੇ ਕੰਮਾਂ ਦੀ ਜਾਂਚ ਕਰਨ। ਉਨ੍ਹਾਂ ਕਿਹਾ ਕਿ ਉਲਟ ਹਾਲਾਤ ਦੇ ਮੱਦੇਨਜ਼ਰ ਮਹਾਮਾਰੀ ਅਤੇ ਬਿਪਤਾ ਪ੍ਰਬੰਧਨ ਐਕਟ ਲਾਗੂ ਕੀਤਾ ਗਿਾ ਸੀ ਤਾਕਿ ਨਿਯਮ ਕਾਇਦਿਆਂ ਤੋਂ ਪਰੇ ਜਾ ਕੇ ਲੋਕਾਂ ਦੀ ਜਾਨ ਬਚਾਈ ਜਾ ਸਕੇ।
ਇਸ ਹਫ਼ਤੇ ਈ.ਡੀ. ਨੇ ਸ਼ਿਵ ਸੈਨਾ (ਯੂ.ਬੀ.ਟੀ.) ਦੇ ਆਗੂ ਸੰਜੇ ਰਾਊਤ ਅਤੇ ਆਦਿਤਿਆ ਠਾਕਰੇ ਦੇ ਕਰੀਬੀ ਦੱਸੇ ਜਾ ਰਹੇ ਵਿਅਕਤੀਆਂ ਦੇ ਟਿਕਾਣਿਆਂ ’ਤੇ ਤਲਾਸ਼ੀ ਲਈ ਸੀ। ਨਾਲ ਹੀ ਜਾਂਚ ਏਜੰਸੀ ਨੇ ਬੀ.ਐਮ.ਸੀ. ਦੇ ਕੇਂਦਰੀ ਖ਼ਰੀਦ ਵਿਭਾਗ ਦੀ ਵੀ ਤਲਾਸ਼ੀ ਲਈ ਸੀ।
ਈ.ਡੀ. ਕੋਵਿਡ-19 ਦੇ ਇਲਾਜ ਲਈ ਵਖਰੀ ਸਹੂਲਤ ਬਣਾਉਣ ਲਈ ਦਿਤੇ ਠੇਕੇ ’ਚ ਕਥਿਤ ਬੇਨਿਯਮੀਆਂ ਦੀ ਜਾਂਚ ਕਰ ਰਹੀ ਹੈ।