
ਸਿੱਖ ਵਿਦਿਆਰਥੀਆਂ ਨੂੰ 50 ਫ਼ੀ ਸਦੀ ਰਾਖਵੀਂਆਂ ਸੀਟਾਂ ਮਿਲਣਗੀਆਂ'
ਨਵੀਂ ਦਿੱਲੀ, 23 ਜੁਲਾਈ (ਅਮਨਦੀਪ ਸਿੰਘ): ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠਲੇ ਸ਼੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ, ਦਿੱਲੀ ਯੂਨੀਵਰਸਟੀ ਵਿਖੇ 'ਦੀਨ ਦਇਆਲ ਉਪਾਧਿਆਏ ਹੁਨਰ ਕੇਂਦਰ' ਸਥਾਪਤ ਕਰਨ ਦੇ ਫ਼ੈਸਲੇ ਨੂੰ ਲੈ ਕੇ, 'ਸੋਸ਼ਲ ਮੀਡੀਆ' 'ਤੇ ਦਿੱਲੀ ਗੁਰਦਵਾਰਾ ਕਮੇਟੀ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਸਨੂੰ ਆਰ.ਐਸ.ਐਸ. ਦੇ ਭਗਵਾਂਕਰਨ ਦੇ ਏਜੰਡੇ ਨਾਲ ਜੋੜਿਆ ਜਾ ਰਿਹਾ ਹੈ ਜਿਸ ਪਿਛੋਂ ਦਿੱਲੀ ਗੁਰਦਵਾਰਾ ਕਮੇਟੀ ਨੇ ਸੋਸ਼ਲ ਮੀਡੀਆ 'ਤੇ ਹੋ ਰਹੇ ਪ੍ਰਚਾਰ ਤੇ ਵਿਰੋਧ ਨੂੰੰ ਤੱਥਾਂ ਤੋਂ ਉਲਟ, ਗੁਮਰਾਹਕੁਨ ਤੇ ਕਮੇਟੀ ਦੀ ਸਾਖ ਨੂੰ ਵੱਟਾ ਲਾਉਣ ਦੀ ਸਾਜ਼ਸ਼ ਦਸਿਆ ਹੈ।
ਕਮੇਟੀ ਦੇ ਬੁਲਾਰੇ ਤੇ ਮੀਡੀਆ ਸਲਾਹਕਾਰ ਸ.ਪਰਮਿੰਦਰਪਾਲ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਕਾਲਜ ਵਿਖੇ ਕਿੱਤਾਮੁਖੀ ਕੋਰਸਾਂ ਲਈ ਜੋ ਕੇਂਦਰ ਕਾਇਮ ਕੀਤਾ ਗਿਆ ਹੈ, ਉਹ ਕੇਂਦਰ ਸਰਕਾਰ ਦੀ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਦੀ ਯੋਜਨਾ ਦੀਨ ਦਇਆਲ ਉਪਾਧਿਆਏ ਅਧੀਨ ਸ਼ੁਰੂ ਹੋਇਆ ਹੈ ਜਿਸ ਲਈ ਕੇਂਦਰ ਸਰਕਾਰ ਨੇ ਦਿੱਲੀ ਦੇ 54 ਕਾਲਜਾਂ 'ਚੋਂ ਸਿਰਫ਼ ਖ਼ਾਲਸਾ ਕਾਲਜ ਦੀ ਚੋਣ ਕੀਤੀ ਹੈ ਕਿਉਂਕਿ ਕਾਲਜ ਵਿਖੇ ਮੁੱਢਲਾ ਢਾਂਚਾ ਵਧੀਆ ਤੇ ਮਿਆਰੀ ਹੈ। ਯੋਜਨਾ ਅਧੀਨ ਯੂਨੀਵਰਸਟੀ ਗ੍ਰਾਂਟ ਕਮਿਸ਼ਨ ਵਲੋਂ 5 ਕਰੋੜ ਰੁਪਏ ਫ਼ੰਡ ਕਾਲਜ ਨੂੰ ਦਿਤਾ ਜਾ ਰਿਹਾ ਹੈ।
RSS
ਇਹ ਦਿੱਲੀ ਗੁਰਦਵਾਰਾ ਕਮੇਟੀ ਦੀ ਇਕ ਅਹਿਮ ਪ੍ਰਾਪਤੀ ਹੈ ਜਿਸਨੂੰ ਆਰ.ਐਸ.ਐਸ. ਨਾਲ ਜੋੜ ਕੇ, ਛੁਟਿਆਉਣ ਦੀ ਖੇਡ ਖੇਡੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਅਧੀਨ ਹਰ ਸਾਲ 50 ਫ਼ੀ ਸਦੀ ਸੀਟਾਂ ਸਿੱਖ ਵਿਦਿਆਰਥੀਆਂ ਲਈ ਰਾਖਵੀਂਆਂ ਹੋਣਗੀਆਂ। 500 ਵਿਦਿਆਰਥੀ ਪਹਿਲੇ ਸਾਲ ਦਾਖਲਾ ਲੈਣਗੇ ਤੇ ਤਿੰਨ ਸਾਲ ਪਿਛੋਂ ਅਦਾਰੇ 'ਚ ਇਕੋ ਵੇਲੇ ਤਕਰੀਬਨ 1500 ਵਿਦਿਆਰਥੀ ਕਿੱਤਾਮੁਖੀ ਕੋਰਸ ਦੀ ਪੜ੍ਹਾਈ ਕਰਨਗੇ। ਯੂਜੀਸੀ ਵਲੋਂ ਵਿਦਿਆਰਥੀਆਂ ਨੂੰ ਡਿਗਰੀ ਵੀ ਦਿਤੀ ਜਾਵੇਗੀ।