
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲਦਾਖ਼ ਵਿਚ ਅਸਲ ਕੰਟਰੋਲ ਰੇਖਾ 'ਤੇ ਤਣਾਅ ਸਬੰਧੀ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ
ਨਵੀਂ ਦਿੱਲੀ, 23 ਜੁਲਾਈ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲਦਾਖ਼ ਵਿਚ ਅਸਲ ਕੰਟਰੋਲ ਰੇਖਾ 'ਤੇ ਤਣਾਅ ਸਬੰਧੀ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੂਰਾ ਧਿਆਨ ਅਪਣਾ ਅਕਸ ਬਣਾਉਣ 'ਤੇ ਕੇਂਦਰਤ ਹੈ ਅਤੇ ਕੋਈ ਦ੍ਰਿਸ਼ਟੀਕੋਣ ਨਾ ਹੋਣ ਕਾਰਨ ਹੀ ਚੀਨ ਨੇ ਘੁਸਪੈਠ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੰਸਾਰ ਦ੍ਰਿਸ਼ਟੀਕੋਣ ਅਤੇ ਵਿਚਾਰ ਨਾਲ ਹੀ ਦੇਸ਼ ਦੀ ਰਾਖੀ ਕੀਤੀ ਜਾ ਸਕਦੀ ਹੈ।
ਰਾਹੁਲ ਨੇ ਵੀਡੀਉ ਜਾਰੀ ਕਰ ਕੇ ਦੋਸ਼ ਲਾਇਆ, 'ਪ੍ਰਧਾਨ ਮੰਤਰੀ ਦਾ ਸੌ ਫ਼ੀ ਸਦੀ ਧਿਆਨ ਅਪਣਾ ਅਕਸ ਬਣਾਉਣ ਵਲ ਹੈ। ਕੰਟਰੋਲ ਵਿਚ ਲੈ ਲਈਆਂ ਗਈਆਂ ਦੇਸ਼ ਦੀਆਂ ਕੌਮੀ ਸੰਸਥਾਵਾਂ ਵੀ ਇਸ ਕੰਮ ਵਿਚ ਲਗੀਆਂ ਹਨ। ਕਿਸੇ ਵੀ ਇਕ ਵਿਅਕਤੀ ਦਾ ਅਕਸ ਕੌਮੀ ਦ੍ਰਿਸ਼ਟੀਕੋਣ ਦਾ ਬਦਲ ਨਹੀਂ ਹੋ ਸਕਦਾ।' ਉਨ੍ਹਾਂ ਕਿਹਾ, 'ਸਵਾਲ ਇਹ ਹੈ ਕਿ ਭਾਰਤ ਨੂੰ ਚੀਨ ਨਾਲ ਕਿਵੇਂ ਸਿੱਝਣਾ ਚਾਹੀਦਾ ਹੈ। ਜੇ ਤੁਸੀਂ ਉਨ੍ਹਾਂ ਨਾਲ ਸਿੱਝਣ ਲਈ ਮਜ਼ਬੂਤ ਸਥਿਤੀ ਵਿਚ ਹੋ ਤਾਂ ਤੁਸੀਂ ਕੰਮ ਕਰ ਸਕੋਗੇ, ਉਨ੍ਹਾਂ ਕੋਲੋਂ ਉਹ ਹਾਸਲ ਕਰ ਸਕੋਗੋ ਜੋ ਤੁਹਾਨੂੰ ਚਾਹੀਦਾ ਹੈ।
Rahul Gandhi
ਇਹ ਸੱਚਮੁਚ ਕੀਤਾ ਜਾ ਸਕਦਾ ਹੈ ਪਰ ਜੇ ਉਨ੍ਹਾਂ ਕਮਜ਼ੋਰੀ ਫੜ ਲਈ ਤਾਂ ਫਿਰ ਗੜਬੜ ਹੈ।' ਕਾਂਗਰਸ ਆਗੂ ਮੁਤਾਬਕ ਤੁਸੀਂ ਬਗ਼ੈਰ ਕਿਸੇ ਸਪੱਸ਼ਟ ਦ੍ਰਿਸ਼ਟੀਕੋਣ ਚੀਨ ਨਾਲ ਨਹੀਂ ਸਿੱਝ ਸਕਦੇ। ਉਨ੍ਹਾਂ ਕਿਹਾ, 'ਮੈਂ ਸਿਰਫ਼ ਕੌਮੀ ਦ੍ਰਿਸ਼ਟੀਕੋਣ ਦੀ ਗੱਲ ਨਹੀਂ ਕਰ ਰਿਹਾ, ਮੇਰਾ ਮਤਲਬ ਅੰਤਰਰਾਸ਼ਟਰੀ ਦ੍ਰਿਸ਼ਟੀਕੋਣ ਤੋਂ ਹੈ। ਬੈਲਟ ਐਂਡ ਰੋਡ-ਇਹ ਧਰਤੀ ਦੇ ਸੁਭਾਅ ਨੂੰ ਬਦਲਣ ਦਾ ਯਤਨ ਹੈ।' ਉਨ੍ਹਾਂ ਕਿਹਾ ਕਿ ਭਾਰਤ ਨੂੰ ਸੰਸਾਰ ਦ੍ਰਿਸ਼ਟੀਕੋਣ ਅਪਣਾਉਣਾ ਹੀ ਪਵੇਗਾ। ਭਾਰਤ ਨੂੰ ਹੁਣ ਇਕ 'ਵਿਚਾਰ' ਬਣਨਾ ਪਵੇਗਾ ਅਤੇ ਉਹ ਵੀ ਸੰਸਾਰ ਵਿਚਾਰ। ਦਰਅਸਲ, ਵੱਡੇ ਪੱਧਰ 'ਤੇ ਸੋਚਣ ਨਾਲ ਹੀ ਭਾਰਤ ਦੀ ਰਾਖੀ ਕੀਤੀ ਜਾ ਸਕਦੀ ਹੈ। (ਏਜੰਸੀ)