
ਕਾਂਗਰਸ ਦੇ ਹਰਿਆਣਾ ਸੂਬਾ ਪ੍ਰਧਾਨ ਅਸ਼ੋਕ ਤੰਵਰ ਅਪਣੀ ਸਾਈਕਲ ਯਾਤਰਾ ਵਿਚ ਐਂਬੂਲੈਂਸ ਦੇ ਫਸ ਜਾਣ ਕਾਰਨ ਬੱਚੇ ਦੀ ਮੌਤ ਦੇ ਮਾਮਲੇ ਵਿਚ ਘਿਰ ਗਏ ਹਨ...........
ਚੰਡੀਗੜ੍ਹ : ਕਾਂਗਰਸ ਦੇ ਹਰਿਆਣਾ ਸੂਬਾ ਪ੍ਰਧਾਨ ਅਸ਼ੋਕ ਤੰਵਰ ਅਪਣੀ ਸਾਈਕਲ ਯਾਤਰਾ ਵਿਚ ਐਂਬੂਲੈਂਸ ਦੇ ਫਸ ਜਾਣ ਕਾਰਨ ਬੱਚੇ ਦੀ ਮੌਤ ਦੇ ਮਾਮਲੇ ਵਿਚ ਘਿਰ ਗਏ ਹਨ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿਤੇ ਹਨ। ਇਲਜ਼ਾਮ ਹੈ ਕਿ ਤਨਵਰ ਦੀ ਸਾਈਕਲ ਯਾਤਰਾ ਦੌਰਾਨ ਐਂਬੂਲੈਂਸ ਫਸ ਗਈ ਸੀ ਜਿਸ ਕਾਰਨ ਬੱਚੇ ਦੀ ਮੌਤ ਹੋ ਗਈ। ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਪਰਚਾ ਦਰਜ ਕੀਤਾ ਜਾ ਸਕਦਾ ਹੈ। ਅਸ਼ੋਕ ਤੰਵਰ ਨੇ ਕਿਹਾ ਹੈ ਕਿ ਬੱਚੇ ਦੀ ਮੌਤ 'ਤੇ ਰਾਜਨੀਤੀ ਨਹੀਂ ਕੀਤੀ ਜਾਣੀ ਚਾਹੀਦੀ।
ਅਨਿਲ ਵਿਜ ਨੇ ਕਿਹਾ ਕਿ ਇਹ ਮਾਮਲਾ ਬੇਹਦ ਗੰਭੀਰ ਹੈ। ਮੁੱਖ ਮੰਤਰੀ ਮਨੋਹਰ ਨੇ ਰੋਹਤਕ ਦੇ ਐੱਸਪੀ ਨੂੰ ਜਾਂਚ ਦਾ ਆਦੇਸ਼ ਦਿਤਾ ਹੈ। ਤੰਵਰ ਨੇ ਕਿਹਾ ਕਿ ਉਨ੍ਹਾਂ ਨੂੰ ਬੱਚੇ ਦੀ ਮੌਤ ਦਾ ਦੁਖ ਹੈ। ਕਿਸੇ ਨੂੰ ਵੀ ਇਸ ਦੁਖਦਾਈ ਘਟਨਾ 'ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਜੇਕਰ ਇਸ ਮਾਮਲੇ ਵਿਚ ਐਫ਼ਆਈਆਰ ਦਰਜ ਕੀਤੀ ਜਾਣੀ ਹੈ ਤਾਂ ਇਲਾਜ ਵਿਚ ਲਾਪਰਵਾਹੀ ਵਰਤਣ ਲਈ ਹਸਪਤਾਲ ਵਿਰੁਧ ਦਰਜ ਹੋਣੀ ਚਾਹੀਦੀ ਹੈ। ਸਾਈਕਲ ਰੈਲੀ ਕਾਰਨ ਬੱਚੇ ਨੂੰ ਰੋਹਤਕ ਪੀਜੀਆਈ ਲਿਜਾ ਰਹੀ ਐਂਬੂਲੈਂਸ ਸੋਨੀਪਤ ਦੇ ਰਾਈ ਕੋਲ ਜੀਟੀ ਰੋਡ 'ਤੇ ਫਸ ਗਈ ਸੀ। ਬੱਚੇ ਨੂੰ ਪੀਜੀਆਈ ਪਹੁੰਚਾਉਣ ਵਿਚ ਦੇਰੀ ਹੋ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ। (ਏਜੰਸੀ)