
ਭਾਰਤੀ ਜਨਤਾ ਪਾਰਟੀ (ਭਾਜਪਾ) ਪ੍ਰਧਾਨ ਅਮਿਤ ਸ਼ਾਹ ਨੇ ਐਤਵਾਰ ਨੂੰ ਕਿਹਾ ਕਿ ਜੇ ਉਨ੍ਹਾਂ ਦੀ ਪਾਰਟੀ ਅਗਲੀਆਂ ਲੋਕ ਸਭਾ ਚੋਣਾਂ ਜਿੱਤਦੀ ਹੈ............
ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ (ਭਾਜਪਾ) ਪ੍ਰਧਾਨ ਅਮਿਤ ਸ਼ਾਹ ਨੇ ਐਤਵਾਰ ਨੂੰ ਕਿਹਾ ਕਿ ਜੇ ਉਨ੍ਹਾਂ ਦੀ ਪਾਰਟੀ ਅਗਲੀਆਂ ਲੋਕ ਸਭਾ ਚੋਣਾਂ ਜਿੱਤਦੀ ਹੈ ਤਾਂ ਉਹ ਦੇਸ਼ 'ਚ ਨਾਜਾਇਜ਼ ਘੁਸਪੈਠੀਆਂ ਦੀ ਪਛਾਣ ਕਰਨ ਦੀ ਪਹਿਲ ਕਰੇਗੀ। ਉਨ੍ਹਾਂ ਨਾਲ ਹੀ ਦੋਸ਼ ਲਾਇਆ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਿਰਫ਼ ਵੋਟ ਬੈਂਕ ਦੀ ਸਿਆਸਤ ਦੀ ਚਿੰਤਾ ਹੈ। ਪੂਰਵਾਂਚਲ ਦੇ ਵਿਕਾਸ ਲਈ ਅਪਣੀ ਸਰਕਾਰ ਦਾ ਅਹਿਦ ਪ੍ਰਗਟਾਉਂਦਿਆਂ ਸ਼ਾਹ ਨੇ ਕਿਹਾ ਕਿ ਭਾਜਪਾ ਵੋਟ ਬੈਂਕ ਦੀ ਨਹੀਂ ਬਲਕਿ ਵਿਕਾਸ ਦੀ ਸਿਆਸਤ ਕਰਦੀ ਹੈ।
ਜਦਕਿ ਵਿਰੋਧੀ ਮਹਾਂਗਠਜੋੜ ਦੀ ਇਕੋ-ਇਕ ਨੀਤੀ ਨਰਿੰਦਰ ਮੋਦੀ ਹਟਾਉ ਹੈ। ਦਿੱਲੀ ਦੇ ਰਾਮਲੀਲਾ ਮੈਦਾਨ 'ਚ ਪੂਰਬਾਂਚਲ ਮਹਾਂਕੁੰਭ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਨਾਜਾਇਜ਼ ਘੁਸਪੈਠੀਏ ਰਾਸ਼ਟਰੀ ਰਾਜਧਾਨੀ 'ਚ ਸਮੱਸਿਆ ਪੈਦਾ ਕਰ ਰਹੇ ਹਨ। ਉਨ੍ਹਾਂ ਇਸ ਦੀ ਤੁਲਨਾ ਘੁਣ ਨਾਲ ਕੀਤੀ। ਉਨ੍ਹਾਂ ਕਿਹਾ, ''ਸਾਲ 2019 'ਚ ਸੱਤਾ 'ਚ ਆਉਣ ਮਗਰੋਂ ਭਾਜਪਾ ਦੇਸ਼ ਪੱਧਰ 'ਤੇ ਦੇਸ਼ ਅੰਦਰ ਰਹਿਣ ਵਾਲੇ ਨਾਜਾਇਜ਼ ਘੁਸਪੈਠੀਆਂ ਦੀ ਪਛਾਣ ਕਰਾਵੇਗੀ।'' ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਇਨ੍ਹਾਂ ਵਿਰੁਧ ਕਾਰਵਾਈ ਕੀਤੀ ਜਾਂਦੀ ਹੈ ਤਾਂ ਰਾਹੁਲ ਗਾਂਧੀ ਅਤੇ ਕੇਜਰੀਵਾਲ ਸ਼ਿਕਾਇਤ ਕਰਦੇ ਹਨ।
ਰਾਸ਼ਟਰੀ ਨਾਗਰਿਕ ਰਜਿ. ਬਾਬਤ ਸ਼ਾਹ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਆਮ ਆਦਮੀ ਪਾਰਟੀ ਨੂੰ ਘੁਸਪੈਠੀਆਂ ਬਾਰੇ ਅਪਣਾ ਰੁਖ਼ ਸਪੱਸ਼ਟ ਕਰਨਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ, ''ਅਸੀਂ ਵੋਟ ਬੈਂਕ ਦੀ ਸਿਆਸਤ ਨਹੀਂ ਕਰਦੇ। ਅਸੀਂ ਅਪਣੀਆਂ ਪਾਰਟੀਆਂ ਤੋਂ ਦੇਸ਼ ਨੂੰ ਬਹੁਤ ਉੱਚਾ ਮੰਨਦੇ ਹਾਂ।'' ਉਨ੍ਹਾਂ ਕਿਹਾ ਕਿ ਅੱਜ ਦੇਸ਼ 'ਚ ਜੋ ਵਿਕਾਸ ਦੀ ਗੰਗਾ ਵਹਿ ਰਹੀ ਹੈ, ਇਸ 'ਚ ਸੱਭ ਤੋਂ ਜ਼ਿਆਦਾ ਪਸੀਨਾ ਪੂਰਵਾਂਚਲੀ ਭਰਾਵਾਂ ਨੇ ਵਹਾਇਆ ਹੈ। (ਪੀਟੀਆਈ)