
ਜਤਿੰਦਰ ਸਿੰਘ ਨੇ ਮਹਿਬੂਬਾ ਮੁਫ਼ਤੀ 'ਤੇ ਦੇਸ਼ ਦੀ ਪ੍ਰਭੂਸੱਤਾ 'ਤੇ ਸਵਾਲ ਚੁੱਕਣ ਦਾ ਲਾਇਆ ਦੋਸ਼
ਨਵੀਂ ਦਿੱਲੀ: ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਪੀਡੀਪੀ ਨੇਤਾ ਮਹਿਬੂਬਾ ਮੁਫਤੀ ਦੇ ਬਿਆਨ ਤੋਂ ਬਾਅਦ ਜੰਮੂ-ਕਸ਼ਮੀਰ ਦੇ ਕੁਝ ਨੇਤਾਵਾਂ 'ਤੇ ਮੌਕਾਪ੍ਰਸਤ ਰਾਜਨੀਤੀ ਕਰਨ ਦਾ ਦੋਸ਼ ਲਗਾਇਆ ਹੈ। ਉਹਨਾਂ ਕਿਹਾ ਕਿ ਕਸ਼ਮੀਰ ਦੇ ਕੁਝ ਨੇਤਾ ਮੌਕਾਪ੍ਰਸਤ ਰਾਜਨੀਤੀ ਕਰਦੇ ਹਨ ਕਿਉਂਕਿ ਜਦੋਂ ਉਹ ਸੱਤਾ ਵਿਚ ਹੁੰਦੇ ਹਨ ਤਾਂ ਭਾਰਤ ਦੀ ਸਹੁੰ ਲੈਂਦੇ ਹਨ ਅਤੇ ਸੱਤਾ ਤੋਂ ਬਾਹਰ ਹੁੰਦਿਆਂ ਹੀ ਉਹ ਦੇਸ਼ ਦੀ ਪ੍ਰਭੂਸੱਤਾ 'ਤੇ ਸਵਾਲ ਚੁੱਕਦੇ ਹਨ।
Mehbooba Mufti
ਜਤਿੰਦਰ ਸਿੰਘ ਨੇ ਪੀਡੀਪੀ ਨੇਤਾ ਮਹਿਬੂਬਾ ਮੁਫ਼ਤੀ ਦੇ ਉਸ ਬਿਆਨ 'ਤੇ ਪ੍ਰਤੀਕਿਰਿਆ ਦਿੱਤੀ, ਜਿਸ ਵਿਚ ਮਹਿਬੂਬਾ ਨੇ ਜੰਮੂ-ਕਸ਼ਮੀਰ ਨੂੰ ਲੈ ਕੇ ਕਿਹਾ ਸੀ ਕਿ ਰਾਜ ਦਾ ਝੰਡਾ ਅਤੇ ਸੰਵਿਧਾਨ ਬਹਾਲ ਹੋਣ ਤੱਕ ਉਹਨਾਂ ਨੂੰ ਵਿਅਕਤੀਗਤ ਤੌਰ 'ਤੇ ਚੋਣ ਲੜਨ ਵਿਚ ਕੋਈ ਦਿਲਚਸਪੀ ਨਹੀਂ ਹੈ।
Jitendra Singh
ਜੰਮੂ-ਕਸ਼ਮੀਰ ਦੀ ਉਧਮਪੁਰ ਸੀਟ ਤੋਂ ਸੰਸਦ ਮੈਂਬਰ ਜਤਿੰਦਰ ਸਿੰਘ ਨੇ ਕਿਹਾ ਕਿ ਇਹ ਬਿਆਨ ਇਹਨਾਂ ਅਖੌਤੀ ਮੁੱਖਧਾਰਾ ਨੇਤਾਵਾਂ ਦੀ ਦੋਹਰੀ ਭਾਵਨਾ ਨੂੰ ਬੇਨਕਾਬ ਕਰਦਾ ਹੈ। ਦੱਸ ਦਈਏ ਕਿ ਬੀਤੇ ਦਿਨ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਸੀ।
Mehbooba Mufti
ਇਸ ਦੌਰਾਨ ਉਹਨਾਂ ਕਿਹਾ ਕਿ ਸੀ ਕਿ ਉਹਨਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਭਰੋਸਾ ਕਰਨ 'ਤੇ ਅਫ਼ਸੋਸ ਹੈ। ਉਹਨਾਂ ਇਹ ਵੀ ਕਿਹਾ ਸੀ ਕਿ ਜਦੋਂ ਤੱਕ ਸਾਡੇ ਰਾਜ ਦਾ ਝੰਡਾ ਵਾਪਸ ਨਹੀਂ ਹੁੰਦਾ, ਉਦੋਂ ਤੱਕ ਉਹ ਕੋਈ ਹੋਰ ਝੰਡਾ ਨਹੀਂ ਚੁੱਕਣਗੇ। ਉਹਨਾਂ ਦੇ ਇਸ ਬਿਆਨ ਨੂੰ ਲੈ ਕੇ ਭਾਜਪਾ ਆਗੂਆਂ ਵੱਲੋਂ ਉਹਨਾਂ ਦੀ ਸਖਤ ਅਲੋਚਨਾ ਕੀਤੀ ਜਾ ਰਹੀ ਹੈ।