
ਕਿਹਾ- ਇਸ ਯਾਤਰਾ ਰਾਹੀਂ ਸਮਾਜ ਵਿਚ ਸਦਭਾਵਨਾ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ
ਮੁੰਬਈ: ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦੇ ਪ੍ਰਧਾਨ ਸ਼ਰਦ ਪਵਾਰ ਨੇ ਕਿਹਾ ਕਿ ਜਦੋਂ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਮਹਾਰਾਸ਼ਟਰ ਵਿਚ ਪ੍ਰਵੇਸ਼ ਕਰੇਗੀ ਤਾਂ ਉਹ ਇਸ ਵਿਚ ਹਿੱਸਾ ਲੈਣਗੇ ਕਿਉਂਕਿ ਇਸ ਰਾਹੀਂ ਸਮਾਜ ਵਿਚ ਸਦਭਾਵਨਾ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਵਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰਦੇਸ਼ ਕਾਂਗਰਸ ਦੇ ਨੇਤਾ ਅਸ਼ੋਕ ਚਵਾਨ ਅਤੇ ਬਾਲਾਸਾਹਿਬ ਥੋਰਾਟ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਸੀ ਅਤੇ ਭਾਰਤ ਜੋੜੋ ਯਾਤਰਾ ਦੇ 7 ਨਵੰਬਰ ਨੂੰ ਸੂਬੇ ਵਿਚ ਆਉਣ 'ਤੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ। ਕਾਂਗਰਸ ਦੀ ਭਾਰਤ ਜੋੜੋ ਯਾਤਰਾ 7 ਸਤੰਬਰ ਨੂੰ ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਅਤੇ 150 ਦਿਨਾਂ ਵਿਚ 3,570 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਜੰਮੂ-ਕਸ਼ਮੀਰ ਪਹੁੰਚੇਗੀ।
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਇਸ ਯਾਤਰਾ ਦੀ ਅਗਵਾਈ ਕਰ ਰਹੇ ਹਨ। ਹੁਣ ਤੱਕ ਇਹ ਯਾਤਰਾ ਚਾਰ ਸੂਬਿਆਂ ਤਾਮਿਲਨਾਡੂ, ਕੇਰਲ, ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਪਹੁੰਚ ਚੁੱਕੀ ਹੈ। ਪਵਾਰ ਨੇ ਕਿਹਾ, ''ਇਹ ਯਾਤਰਾ ਕਾਂਗਰਸ ਪਾਰਟੀ ਦਾ ਪ੍ਰੋਗਰਾਮ ਹੈ ਪਰ ਇਸ ਉਪਰਾਲੇ ਰਾਹੀਂ ਸਮਾਜ ਵਿਚ ਸਦਭਾਵਨਾ ਲਿਆਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਲਈ ਸੂਬੇ ਵਿਚ ਯਾਤਰਾ ਦੇ ਆਉਣ 'ਤੇ ਵੱਖ-ਵੱਖ ਪਾਰਟੀਆਂ ਦੇ ਕੁਝ ਆਗੂ ਜਿੱਥੇ ਵੀ ਸੰਭਵ ਹੋ ਸਕੇ ਹਾਜ਼ਰੀ ਭਰਨਗੇ”।
ਬੀਸੀਸੀਆਈ ਪ੍ਰਧਾਨ ਦੀ ਚੋਣ ਨੂੰ ਲੈ ਕੇ ਉਹਨਾਂ ਕਿਹਾ, “ਕੁਝ ਖੇਤਰਾਂ ਵਿਚ ਰਾਜਨੀਤੀ ਨਹੀਂ ਲਿਆਂਦੀ ਜਾਣੀ ਚਾਹੀਦੀ। ਅਜਿਹਾ ਕਰਨ ਵਾਲੇ ਬੇਸਮਝ ਹਨ। ਜਦੋਂ ਮੈਂ ਬੀਸੀਸੀਆਈ ਦਾ ਪ੍ਰਧਾਨ ਸੀ ਤਾਂ ਗੁਜਰਾਤ ਦੀ ਨੁਮਾਇੰਦਗੀ ਨਰਿੰਦਰ ਮੋਦੀ, ਦਿੱਲੀ ਦੀ ਨੁਮਾਇੰਦਗੀ ਅਰੁਣ ਜੇਤਲੀ ਅਤੇ ਅਨੁਰਾਗ ਠਾਕੁਰ ਹਿਮਾਚਲ ਪ੍ਰਦੇਸ਼ ਦੇ ਨੁਮਾਇੰਦੇ ਸਨ। ਸਾਡਾ ਕੰਮ ਖਿਡਾਰੀਆਂ ਨੂੰ ਸਹੂਲਤਾਂ ਦੇਣਾ ਹੈ। ਅਸੀਂ ਹੋਰ ਚੀਜ਼ਾਂ ਬਾਰੇ ਚਿੰਤਾ ਨਹੀਂ ਲੈਂਦੇ”।
ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਦੇ ਐਤਵਾਰ ਨੂੰ ਔਰੰਗਾਬਾਦ ਦੌਰੇ ਬਾਰੇ ਪਵਾਰ ਨੇ ਕਿਹਾ, ''ਇਹ ਚੰਗੀ ਗੱਲ ਹੈ ਕਿ ਉਹ ਕਿਸਾਨਾਂ ਨੂੰ ਮਿਲਣ ਜਾ ਰਹੇ ਹਨ। ਉਹਨਾਂ ਦੀ ਸਿਹਤ ਵਿਚ ਸੁਧਾਰ ਹੋਇਆ ਹੈ। ਉਹਨਾਂ ਨੂੰ ਕਿਸਾਨਾਂ ਦੀਆਂ ਮੰਗਾਂ ਸੂਬਾ ਅਤੇ ਕੇਂਦਰ ਸਰਕਾਰਾਂ ਸਾਹਮਣੇ ਰੱਖਣੀਆਂ ਚਾਹੀਦੀਆਂ ਹਨ। ਜੇਕਰ ਕਿਸਾਨਾਂ ਨੂੰ ਫਾਇਦਾ ਹੋਵੇ ਤਾਂ ਚੰਗੀ ਗੱਲ ਹੈ”।