
ਦਰੱਖ਼ਤ ਦਾ ਅਪਰਾਧ: ਨਸ਼ੇ ਵਿਚ ਚੂਰ ਅੰਗਰੇਜ਼ ਅਫ਼ਸਰ ਨੂੰ ਲੱਗਿਆ ਕਿ ਦਰੱਖ਼ਤ ਉਸ ਵੱਲ ਵਧ ਰਿਹਾ ਤੇ ਉਸ ਨੂੰ ਮਾਰਨਾ ਚਾਹੁੰਦਾ ਹੈ
ਇਸਲਾਮਾਬਾਦ - ਇਹ ਗੱਲ 1898 ਦੀ ਹੈ, ਜਦੋਂ ਬ੍ਰਿਟਿਸ਼ ਆਰਮੀ ਅਫਸਰ ਜੇਮਸ ਸਕੁਐਡ ਤੋਰਖਮ ਸਰਹੱਦ 'ਤੇ ਸਥਿਤ ਲਾਂਡੀ ਕੋਟਲ ਵਿਖੇ ਤਾਇਨਾਤ ਸੀ। ਕਿਹਾ ਜਾਂਦਾ ਹੈ ਕਿ ਇੱਕ ਦਿਨ ਜਦੋਂ ਦਸਤੇ ਨੇ ਸ਼ਰਾਬ ਪੀਤੀ ਹੋਈ ਸੀ ਤਾਂ ਉਨ੍ਹਾਂ ਨੂੰ ਲੱਗਾ ਕਿ ਬੋਹੜ ਦਾ ਰੁੱਖ ਉਨ੍ਹਾਂ ਵੱਲ ਵਧ ਰਿਹਾ ਹੈ, ਉਨ੍ਹਾਂ ਨੂੰ ਮਾਰਨਾ ਚਾਹੁੰਦਾ ਹੈ। ਦਸਤੇ ਨੇ ਆਪਣੇ ਮੈਸ ਸਾਰਜੈਂਟ ਨੂੰ ਦਰੱਖਤ ਨੂੰ ਜ਼ੰਜੀਰਾਂ ਨਾਲ ਜਕੜਣ ਦਾ ਹੁਕਮ ਦਿੱਤਾ।
ਉਦੋਂ ਤੋਂ ਲੈ ਕੇ ਹੁਣ ਤੱਕ ਕਿਸੇ ਨੇ ਜੇਮਸ ਸਕੁਐਡ ਦੇ ਹੁਕਮ ਨੂੰ ਉਲਟਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਇਹ ਬੋਹੜ ਦਾ ਦਰੱਖਤ ਪਿਛਲੇ 122 ਸਾਲਾਂ ਤੋਂ ਜ਼ੰਜੀਰਾਂ ਵਿਚ ਕੈਦ ਹੈ। ਇਤਿਹਾਸਕਾਰ ਮੁਬਾਰਕ ਅਲੀ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਆਜ਼ਾਦੀ ਤੋਂ ਬਾਅਦ ਵੀ ਇਸ ਰੁੱਖ 'ਤੇ ਜ਼ੰਜੀਰ ਕਾਇਮ ਹਨ ਕਿਉਂਕਿ ਹੁਣ ਇਹ ਦਰੱਖਤ ਇਤਿਹਾਸਕ ਮਹੱਤਵ ਹਾਸਲ ਕਰ ਚੁੱਕਾ ਹੈ।
ਦਰੱਖਤ 'ਤੇ ਅੱਜ ਵੀ ਭਾਰੀ ਜ਼ੰਜੀਰ ਲਟਕ ਰਹੀਆਂ ਹਨ। ਇੰਨਾ ਹੀ ਨਹੀਂ ਗ੍ਰਿਫ਼ਤਾਰ ਦਰੱਖਤ 'ਤੇ ਇਕ ਤਖਤੀ ਵੀ ਲਟਕ ਰਹੀ ਹੈ, ਜਿਸ 'ਤੇ ਦਰਖਤ ਦੇ ਸੰਦਰਭ 'ਚ 'ਮੈਂ ਗ੍ਰਿਫਤਾਰ ਹਾਂ' ਲਿਖਿਆ ਹੋਇਆ ਹੈ। ਅੱਜ ਤੱਕ ਜ਼ੰਜੀਰ ਨੂੰ ਨਹੀਂ ਹਟਾਇਆ ਗਿਆ ਤਾਂ ਜੋ ਅੰਗਰੇਜ਼ ਹਕੂਮਤ ਦੇ ਜ਼ੁਲਮ ਨੂੰ ਦਰਸਾਇਆ ਜਾ ਸਕੇ। ਸਥਾਨਕ ਲੋਕਾਂ ਦੇ ਅਨੁਸਾਰ, ਇਹ ਬੰਦੀ ਦਰੱਖਤ ਬ੍ਰਿਟਿਸ਼ ਰਾਜ ਦੇ ਕਾਲੇ ਕਾਨੂੰਨਾਂ ਵਿਚੋਂ ਇੱਕ, ਕਠੋਰ ਫਰੰਟੀਅਰ ਕ੍ਰਾਈਮਜ਼ ਰੈਗੂਲੇਸ਼ਨ ਐਕਟ ਦੀ ਬੇਰਹਿਮੀ ਨੂੰ ਦੁਨੀਆ ਦੇ ਸਾਹਮਣੇ ਲਿਆਉਂਦਾ ਹੈ।
ਬ੍ਰਿਟਿਸ਼ ਸ਼ਾਸਨ ਦੌਰਾਨ ਪਸ਼ਤੂਨ ਵਿਰੋਧ ਦਾ ਮੁਕਾਬਲਾ ਕਰਨ ਲਈ ਇਹ ਕਾਨੂੰਨ ਬਣਾਇਆ ਗਿਆ ਸੀ। ਇਸ ਤਹਿਤ ਬ੍ਰਿਟਿਸ਼ ਸਰਕਾਰ ਨੂੰ ਪਸ਼ਤੂਨ ਕਬੀਲੇ ਦੇ ਕਿਸੇ ਵੀ ਵਿਅਕਤੀ ਜਾਂ ਪਰਿਵਾਰ ਨੂੰ ਕੋਈ ਅਪਰਾਧ ਕਰਨ 'ਤੇ ਸਿੱਧੇ ਤੌਰ 'ਤੇ ਸਜ਼ਾ ਦੇਣ ਦਾ ਅਧਿਕਾਰ ਸੀ।
ਪਸ਼ਤੂਨ ਹਮਲੇ ਨੂੰ ਨਾ ਰੋਕਣ ਲਈ ਦਰਵਾਜ਼ਾ ਜ਼ਿੰਮੇਵਾਰ
ਪੇਸ਼ਾਵਰ ਤੋਂ 32 ਕਿਲੋਮੀਟਰ ਦੂਰ ਸ਼ਬਕਦਰ ਕਿਲ੍ਹੇ ਦੇ ਦਰਵਾਜ਼ੇ ਵੀ ਇਕ ਵਾਚ ਟਾਵਰ ਨਾਲ ਜ਼ੰਜੀਰ ਹੋਏ ਹਨ। 1840 ਵਿਚ, ਪਾਕਿਸਤਾਨ ਦੇ ਜ਼ਿਆਦਾਤਰ ਹਿੱਸੇ 'ਤੇ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਮਹਾਰਾਜਾ ਸ਼ੇਰ ਸਿੰਘ ਦਾ ਰਾਜ ਸੀ। ਉਸਨੇ ਆਪਣੀ ਫੌਜ ਨੂੰ ਪੱਛਮੀ ਸ਼ੈਲੀ ਦੇ ਯੁੱਧ ਵਿੱਚ ਸਿਖਲਾਈ ਦੇਣ ਲਈ ਫਰਾਂਸੀਸੀ ਜਨਰਲ ਜੀਨ ਵੈਨਤੂਰਾ ਨੂੰ ਨਿਯੁਕਤ ਕੀਤਾ।
1840 ਦੀਆਂ ਸਰਦੀਆਂ ਵਿਚ, ਪਸ਼ਤੂਨ ਲੜਾਕਿਆਂ ਨੇ ਸ਼ਬਕਦਰ ਗੜ੍ਹ ਉੱਤੇ ਹਮਲਾ ਕੀਤਾ। ਸਾਰੀ ਰਾਤ ਲੜਾਈ ਚੱਲਦੀ ਰਹੀ ਅਤੇ ਸਵੇਰੇ ਕਿਲ੍ਹੇ ਵਿਚ ਰਹਿੰਦੇ ਸ਼ੇਰ ਸਿੰਘ ਦੀ ਅਗਵਾਈ ਵਿਚ ਸਿੱਖਾਂ ਨੇ ਹਮਲਾਵਰਾਂ ਨੂੰ ਭਜਾ ਦਿੱਤਾ। ਫਿਰ ਸ਼ੇਰ ਸਿੰਘ ਨੇ ਹੁਕਮ ਦਿੱਤਾ ਹੈ ਕਿ ਹਮਲੇ ਲਈ ਜ਼ਿੰਮੇਵਾਰ ਵਿਅਕਤੀ ਦੀ ਭਾਲ ਕੀਤੀ ਜਾਵੇ ਅਤੇ ਉਸ ਦਾ ਕੋਰਟ ਮਾਰਸ਼ਲ ਕੀਤਾ ਜਾਵੇ।
ਜਨਰਲ ਵੈਨਚੂਰਾ ਨੇ 2 ਦਿਨਾਂ ਦੀ ਜਾਂਚ ਤੋਂ ਬਾਅਦ ਦਰਵਾਜ਼ੇ ਨੂੰ ਹਮਲੇ ਦਾ ਦੋਸ਼ੀ ਪਾਇਆ ਅਤੇ ਉਸ ਨੂੰ 100 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਦਰਵਾਜ਼ਾ ਉਦੋਂ ਤੋਂ ਜ਼ੰਜੀਰਾਂ ਵਿਚ ਜਕੜਿਆ ਹੋਇਆ ਹੈ।