
ਭਾਵਨਾਵਾਂ ਭੜਕਾ ਕੇ ਵੋਟ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਪ੍ਰਤੀ ਚੌਕਸ ਰਹਿਣ ਲੋਕ : ਭਾਗਵਤ
ਕਿਹਾ, ਕਥਿਤ ਸਭਿਆਚਾਰਕ ਮਾਰਕਸਵਾਦੀ ਦੇਸ਼ ਦੀ ਸਿਖਿਆ ਅਤੇ ਸਭਿਆਚਾਰ ਨੂੰ ਬਰਬਾਦ ਕਰ ਰਹੇ ਹਨ
ਨਾਗਪੁਰ: ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਦੇ ਮੁਖੀ ਮੋਹਨ ਭਾਗਵਤ ਨੇ ਮੰਗਲਵਾਰ ਨੂੰ ਲੋਕਾਂ ਨੂੰ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਵਨਾਵਾਂ ਭੜਕਾ ਕੇ ਵੋਟਾਂ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਤੋਂ ਸੁਚੇਤ ਕੀਤਾ। ਨਾਗਪੁਰ ਵਿੱਚ ਆਰਐਸਐਸ ਦੀ ਦੁਸਹਿਰਾ ਰੈਲੀ ਨੂੰ ਸੰਬੋਧਨ ਕਰਦਿਆਂ ਭਾਗਵਤ ਨੇ ਲੋਕਾਂ ਨੂੰ ਦੇਸ਼ ਦੀ ਏਕਤਾ, ਅਖੰਡਤਾ, ਪਛਾਣ ਅਤੇ ਵਿਕਾਸ ਨੂੰ ਧਿਆਨ ’ਚ ਰੱਖ ਕੇ ਵੋਟ ਪਾਉਣ ਦਾ ਸੱਦਾ ਦਿਤਾ। ਉਨ੍ਹਾਂ ਹਿੰਸਾ ਭੜਕਾਉਣ ਅਤੇ ਭਾਈਚਾਰਿਆਂ ਵਿਚਕਾਰ ਅਵਿਸ਼ਵਾਸ ਅਤੇ ਨਫ਼ਰਤ ਪੈਦਾ ਕਰਨ ਲਈ ਇਕ ‘ਟੂਲਕਿੱਟ’ ਦਾ ਹਵਾਲਾ ਦਿਤਾ।
ਭਾਗਵਤ ਨੇ ਕਿਹਾ, ‘‘ਜੋ ਲੋਕ ਏਕਤਾ ਚਾਹੁੰਦੇ ਹਨ, ਉਹ ਇਸ ਗੱਲ ’ਤੇ ਜ਼ੋਰ ਨਹੀਂ ਦੇ ਸਕਦੇ ਕਿ ਏਕਤਾ ਬਾਰੇ ਸੋਚਣ ਤੋਂ ਪਹਿਲਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਣਾ ਚਾਹੀਦਾ ਹੈ। ਸਾਨੂੰ ਛੋਟੀਆਂ-ਮੋਟੀਆਂ ਘਟਨਾਵਾਂ ਤੋਂ ਭਟਕਾਏ ਬਿਨਾਂ ਸ਼ਾਂਤੀ ਅਤੇ ਸੰਜਮ ਨਾਲ ਕੰਮ ਕਰਨਾ ਹੋਵੇਗਾ।’’
ਮਨੀਪੁਰ ’ਚ ਜਾਤ ਅਧਾਰਤ ਹਿੰਸਾ ਨੂੰ ਲਈ ‘ਬਾਹਰੀ ਤਾਕਤਾਂ’ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ਸਵਾਲ ਕੀਤਾ, ‘‘ਮੈਤੇਈ ਅਤੇ ਕੁਕੀ ਭਾਈਚਾਰਿਆਂ ਦੇ ਲੋਕ ਕਈ ਸਾਲਾਂ ਤੋਂ ਇਕੱਠੇ ਰਹਿ ਰਹੇ ਹਨ। ਇਹ ਇਕ ਸਰਹੱਦੀ ਸੂਬਾ ਹੈ। ਅਜਿਹੇ ਵੱਖਵਾਦ ਅਤੇ ਅੰਦਰੂਨੀ ਕਲੇਸ਼ ਦਾ ਫਾਇਦਾ ਕਿਸ ਨੂੰ? ਬਾਹਰੀ ਤਾਕਤਾਂ ਨੂੰ ਵੀ ਫਾਇਦਾ ਹੁੰਦਾ ਹੈ। ਉਥੇ ਜੋ ਕੁਝ ਵੀ ਹੋਇਆ, ਕੀ ਉਸ ਵਿਚ ਬਾਹਰਲੇ ਲੋਕ ਸ਼ਾਮਲ ਸਨ?’’
ਉਨ੍ਹਾਂ ਅੱਗੇ ਦੋਸ਼ ਲਾਇਆ ਕਿ ਅਖੌਤੀ ਸਭਿਆਚਾਰਕ ਮਾਰਕਸਵਾਦੀ ਅਤੇ ਜਾਗਰੂਕ ਤੱਤ ਦੇਸ਼ ਦੀ ਸਿੱਖਿਆ ਅਤੇ ਸਭਿਆਚਾਰ ਨੂੰ ਬਰਬਾਦ ਕਰਨ ਲਈ ਮੀਡੀਆ ਅਤੇ ਅਕਾਦਮਿਕ ਖੇਤਰ ’ਚ ਅਪਣੇ ਅਸਰ ਦੀ ਦੁਰਵਰਤੋਂ ਕਰ ਰਹੇ ਹਨ। ਮੋਹਨ ਭਾਗਵਤ ਨੇ ਫਜ਼ੂਲ ਖਰਚੀ ਨੂੰ ਰੋਕਣ ਅਤੇ ਦੇਸ਼ ’ਚ ਰੁਜ਼ਗਾਰ ਦੇ ਮੌਕੇ ਵਧਾਉਣ ਦਾ ਸੱਦਾ ਵੀ ਦਿਤਾ। ਉਨ੍ਹਾਂ ਕਿਹਾ ਕਿ 22 ਜਨਵਰੀ ਨੂੰ ਅਯੁੱਧਿਆ ਦੇ ਮੰਦਰ ’ਚ ਭਗਵਾਨ ਰਾਮ ਦੀ ਮੂਰਤੀ ਸਥਾਪਤ ਕੀਤੀ ਜਾਵੇਗੀ ਅਤੇ ਲੋਕਾਂ ਨੂੰ ਇਸ ਮੌਕੇ ਨੂੰ ਮਨਾਉਣ ਲਈ ਦੇਸ਼ ਭਰ ਦੇ ਮੰਦਰਾਂ ’ਚ ਪ੍ਰੋਗਰਾਮ ਕਰਨੇ ਚਾਹੀਦੇ ਹਨ।