
ਮੰਤਰਾਲੇ ਦੀ ਕਾਰਵਾਈ ਮਜ਼ਾਕ ਹੈ।
ਨਵੀਂ ਦਿੱਲੀ : ਵਿਰੋਧੀ ਧਿਰ ਦੇ ਆਗੂਆਂ ਨੇ ਐਤਵਾਰ ਨੂੰ ਕਿਹਾ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊ.ਐੱਫ.ਆਈ.) ਨੂੰ ਮੁਅੱਤਲ ਕਰਨ ਦਾ ਸਰਕਾਰ ਦਾ ਫੈਸਲਾ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੂੰ ਨਿਆਂ ਦੇਣ ਲਈ ਕਾਫ਼ੀ ਨਹੀਂ ਹੈ। ਉਨ੍ਹਾਂ ਸਵਾਲ ਕੀਤਾ ਕਿ ਡਬਲਿਊ.ਐੱਫ.ਆਈ. ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਵਫ਼ਾਦਾਰ ਵਿਅਕਤੀ ਨੂੰ ਖੇਡ ਐਸੋਸੀਏਸ਼ਨ ਦੀਆਂ ਚੋਣਾਂ ਲੜਨ ਦੀ ਇਜਾਜ਼ਤ ਹੀ ਕਿਉਂ ਦਿਤੀ ਗਈ।
ਸ਼ਰਦ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਦੇ ਕੌਮੀ ਬੁਲਾਰੇ ਕਲਾਈਡ ਕ੍ਰੈਸਟੋ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਕਿਹਾ, ‘‘ਕਮੇਟੀ ਨੂੰ ਮੁਅੱਤਲ ਕਰ ਕੇ, ਜੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲਾ ਮੰਤਰਾਲਾ ਸੋਚਦਾ ਹੈ ਕਿ ਉਹ ਮਹਿਲਾ ਭਲਵਾਨਾਂ ਦੀ ਮਦਦ ਨਾ ਕਰਨ ਤੋਂ ਖ਼ੁਦ ਨੂੰ ਮੁਕਤ ਕਰ ਰਿਹਾ ਹੈ, ਤਾਂ ਉਹ ਗਲਤ ਹੈ।’’ ਉਨ੍ਹਾਂ ਕਿਹਾ ਕਿ ਮੰਤਰਾਲੇ ਦੀ ਕਾਰਵਾਈ ਮਜ਼ਾਕ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਕਾਂਗਰਸ ਨੇਤਾ ਉਦਿਤ ਰਾਜ ਨੇ ਟਵੀਟ ਕੀਤਾ, ‘‘ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਵਲੋਂ ਮੈਡਲ ਵਾਪਸ ਕਰਨ ਨਾਲ ਖੇਡ ਮੰਤਰਾਲੇ ’ਤੇ ਹਾਲ ਹੀ ’ਚ ਹੋਈਆਂ ਡਬਲਿਊ.ਐੱਫ.ਆਈ. ਚੋਣਾਂ ਨੂੰ ਮੁਅੱਤਲ ਕਰਨ ਦਾ ਦਬਾਅ ਵਧਿਆ ਹੈ, ਇਹ ਸਵਾਗਤਯੋਗ ਹੈ ਪਰ ਪੀੜਤਾਂ ਨੂੰ ਇਨਸਾਫ ਨਹੀਂ ਮਿਲਿਆ।’’ ਕਾਂਗਰਸ ਨੇਤਾ ਰਣਜੀਤ ਰੰਜਨ ਨੇ ਸੰਜੇ ਸਿੰਘ ਦੀ ਚੋਣ ’ਤੇ ਸਵਾਲ ਚੁੱਕੇ।
ਉਨ੍ਹਾਂ ਕਿਹਾ ਕਿ ਜਦੋਂ ਸੰਜੇ ਸਿੰਘ ਨੂੰ ਸਾਬਕਾ ਡਬਲਿਊ.ਐੱਫ.ਆਈ. ਮੁਖੀ ਦਾ ‘ਸੱਜਾ ਹੱਥ’ ਮੰਨਿਆ ਜਾਂਦਾ ਸੀ, ਜਿਸ ’ਤੇ ਭਲਵਾਨਾਂ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਸਨ, ਤਾਂ ਉਸ ਨੂੰ ਚੋਣ ਲੜਨ ਦੀ ਇਜਾਜ਼ਤ ਕਿਵੇਂ ਦਿਤੀ ਗਈ? ਰੰਜਨ ਨੇ ਕਿਹਾ, ‘‘ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਕਰਨ ਵਾਲੇ ਸਾਰੇ ਖਿਡਾਰੀ ਜਾਣਦੇ ਸਨ ਕਿ ਉਹ ਬ੍ਰਿਜ ਭੂਸ਼ਣ ਸਿੰਘ ਦਾ ਸੱਜਾ ਹੱਥ ਸੀ। ਭਾਵੇਂ ਸਰਕਾਰ ਉਸ ਸਮੇਂ ਸੁੱਤੀ ਹੋਈ ਸੀ, ਅਸੀਂ ਕਹਿ ਸਕਦੇ ਹਾਂ ਕਿ ਇਹ ਤਾਨਾਸ਼ਾਹੀ ਦੀ ਸਿਖਰ ਹੈ ਅਤੇ ਖਿਡਾਰੀਆਂ ਦਾ ਗੰਭੀਰ ਅਪਮਾਨ ਹੈ। ਖਿਡਾਰੀ ਸਾਡੇ ਲਈ ਮੈਡਲ ਲਿਆਉਂਦੇ ਹਨ ਅਤੇ ਅਸੀਂ ਉਨ੍ਹਾਂ ਦੀ ਸੁਰੱਖਿਆ ਵੀ ਯਕੀਨੀ ਨਹੀਂ ਬਣਾ ਸਕਦੇ।’’
ਸਮਾਜਵਾਦੀ ਪਾਰਟੀ ਦੇ ਨੇਤਾ ਫਖਰੁਲ ਹਸਨ ਚੰਦ ਨੇ ਦੋਸ਼ ਲਾਇਆ ਕਿ ਭਾਜਪਾ ਬ੍ਰਿਜ ਭੂਸ਼ਣ ਦੇ ਵਫ਼ਾਦਾਰ ਲੋਕਾਂ ਦੀ ਚੋਣ ਨਾਲ ਪੈਦਾ ਹੋਈ ਨਾਰਾਜ਼ਗੀ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਦਾ ਅਜੇ ਵੀ ਉਹੀ ਹੈ, ਭਾਜਪਾ ਸਿਰਫ ਡਬਲਿਊ.ਐੱਫ.ਆਈ. ਨਾਂ ਦੀ ਸੰਸਥਾ ਨੂੰ ਮੁਅੱਤਲ ਕਰ ਕੇ ਧਿਆਨ ਭਟਕਾ ਰਹੀ ਹੈ, ਜਦਕਿ ਔਰਤਾਂ ਅਤੇ ਐਥਲੀਟਾਂ ਵਿਚ ਨਾਰਾਜ਼ਗੀ ਹੈ।
ਹਾਲਾਂਕਿ ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐੱਸ.) ਦੀ ਨੇਤਾ ਕੇ ਕਵਿਤਾ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ, ‘‘ਮੈਂ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊ.ਐੱਫ.ਆਈ.) ਨੂੰ ਮੁਅੱਤਲ ਕਰਨ ਦੇ ਕੇਂਦਰ ਸਰਕਾਰ ਦੇ ਫੈਸਲੇ ਦਾ ਸਵਾਗਤ ਕਰਦੀ ਹਾਂ। ਸਾਡੇ ਭਲਵਾਨਾਂ ਨੇ ਸਾਡਾ ਮਾਣ ਦਿਵਾਇਆ ਹੈ, ਬਹੁਤ ਸਾਰੀਆਂ ਔਰਤਾਂ ਆਲਮੀ ਮੰਚ ’ਤੇ ਭਾਰਤ ਦੀ ਨੁਮਾਇੰਦਗੀ ਕਰਨ ਦਾ ਸੁਪਨਾ ਵੇਖ ਸਕਦੀਆਂ ਹਨ। ਉਹ ਨਿਰਪੱਖ ਅਤੇ ਪਾਰਦਰਸ਼ੀ ਪ੍ਰਣਾਲੀ ਦੇ ਹੱਕਦਾਰ ਹਨ। ਉਮੀਦ ਹੈ ਕਿ ਇਹ ਫੈਸਲਾ ਭਾਰਤੀ ਕੁਸ਼ਤੀ ਦੇ ਮਜ਼ਬੂਤ ਭਵਿੱਖ ਦਾ ਰਾਹ ਪੱਧਰਾ ਕਰੇਗਾ।’
(For more news apart from wrestling federation , stay tuned to Rozana Spokesman)