
ਨਵੇਂ ਸੰਸਕਰਣ 'ਚ 26 ਭਾਰਤੀ ਸ਼ਬਦਾਂ ਨੂੰ ਥਾਂ ਮਿਲੀ
ਨਵੀਂ ਦਿੱਲੀ : ਆਕਸਫ਼ੋਰਡ ਐਡਵਾਂਸਡ ਲਰਨਰ ਡਿਕਸ਼ਨਰੀ ਦੇ ਨਵੇਂ ਸੰਸਕਰਣ ਵਿਚ ਆਧਾਰ, ਚਾਵਲ, ਡੱਬਾ, ਹੜਤਾਲ ਅਤੇ ਸ਼ਾਦੀ ਸਣੇ 26 ਭਾਰਤੀ ਸ਼ਬਦਾਂ ਨੂੰ ਥਾਂ ਮਿਲੀ ਹੈ। ਸ਼ਬਦਕੋਸ਼ ਦਾ 10ਵਾਂ ਸੰਸਕਰਣ ਸ਼ੁਕਰਵਾਰ ਨੂੰ ਜਾਰੀ ਕੀਤਾ ਗਿਆ ਜਿਸ ਵਿਚ ਕੁਲ 384 ਭਾਰਤੀ ਅੰਗਰੇਜ਼ੀ ਸ਼ਬਦ ਹਨ।
Photo
ਨਾਲ ਹੀ ਚੈਟਬੋਟ, ਫ਼ੇਕ ਨਿਊਜ਼ ਅਤੇ ਮਾਈਕਰੋਪਲਾਸਟਿਕ ਸਣੇ ਲਗਭਗ 1000 ਨਵੇਂ ਸ਼ਬਦਾਂ ਨੂੰ ਵੀ ਇਸ ਸ਼ਬਦਕੋਸ਼ ਵਿਚ ਥਾਂ ਮਿਲੀ ਹੈ। ਆਕਸਫ਼ੋਰਡ ਯੂਨੀਵਰਸਿਟੀ ਪ੍ਰੈਸ ਨੇ ਕਿਹਾ ਕਿ ਸ਼ਬਦਕੋਸ਼ ਸਾਲਾਂ ਤੋਂ ਭਾਸ਼ਾਂ ਵਿਚ ਆ ਰਹੀਆਂ ਤਬਦੀਲੀਆਂ ਅਤੇ ਵਿਕਾਸ ਵਲ ਧਿਆਨ ਕੇਂਦਰਤ ਕਰ ਰਿਹਾ ਹੈ ਅਤੇ ਇਹ ਯਕੀਨੀ ਕੀਤਾ ਗਿਆ ਹੈ ਕਿ ਨਵੇਂ ਸੰਸਕਰਣ ਵਿਚ ਵਰਤੀ ਭਾਸ਼ਾ ਅਤੇ ਮਿਸਾਲਾਂ ਸਾਰਥਕ ਅਤੇ ਸਮੇਂ ਮੁਤਾਬਕ ਹੋਣ।
Photo
ਆਕਸਫ਼ੋਰਡ ਯੂਨੀਵਰਸਿਟੀ ਪ੍ਰੈਸ ਵਿਚ ਪ੍ਰਬੰਧ ਨਿਰਦੇਸ਼ਕ ਫ਼ਾਤਿਮਾ ਦਾਦਾ ਨੇ ਦਸਿਆ, 'ਇਸ ਸੰਸਕਰਣ ਵਿਚ 26 ਨਵੇਂ ਭਾਰਤੀ ਸ਼ਬਦਾਂ ਨੂੰ ਥਾਂ ਮਿਲੀ ਹੈ ਜਿਨ੍ਹਾਂ ਵਿਚ 22 ਡਿਜੀਟਲ ਸੰਸਕਰਣ ਵਿਚ ਜਦਕਿ 22 ਕਿਤਾਬੀ ਸੰਸਕਰਣ ਵਿਚ ਹਨ।' ਆਂਟੀ, ਬਸ ਸਟੈਂਡ, ਡੀਮਡ ਯੂਨੀਵਰਸਿਟੀ, ਐਫ਼ਆਈਆਰ, ਨਾਨ ਵੈਜ, ਰਿਡਰੈਸਲ, ਟੈਂਪੋ, ਟਿਊਬ ਲਾਈਟ, ਵੈਜ ਅਤੇ ਵੀਡੀਉਗ੍ਰਾਫ਼ ਜਿਹੇ ਭਾਰਤੀ ਅੰਗਰੇਜ਼ੀ ਸ਼ਬਦਾਂ ਨੂੰ ਵੀ ਥਾਂ ਦਿਤੀ ਗਈ ਹੈ।
Photo
ਇਹ ਸ਼ਬਦ ਉਂਜ ਅੰਗਰੇਜ਼ੀ ਹਨ ਪਰ ਭਾਰਤੀਆਂ ਦੀ ਬੋਲਚਾਲ ਦਾ ਅਨਿੱਖੜਵਾਂ ਹਿੱਸਾ ਬਣ ਗਏ ਹਨ। ਆਨਲਾਈਨ ਐਡੀਸ਼ਨ ਵਿਚ ਜਿਨ੍ਹਾਂ ਚਾਰ ਭਾਰਤੀ ਅੰਗਰੇਜ਼ੀ ਸ਼ਬਦਾਂ ਨੂੰ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ ਵਿਚ ਕਰੰਟ, ਲੂਟਰ, ਲੂਟਿੰਗ ਅਤੇ ਉਪ ਜ਼ਿਲ੍ਹਾ ਸ਼ਾਮਲ ਹਨ। ਫ਼ਾਤਿਮਾ ਨੇ ਕਿਹਾ, 'ਅਸੀਂ ਪੂਰੀ ਦੁਨੀਆਂ ਵਿਚ ਅੰਗਰੇਜ਼ੀ ਬੋਲਣ ਦੌਰਾਨ ਵਰਤੇ ਜਾਂਦੇ ਸ਼ਬਦਾਂ ਦਾ ਵਿਸ਼ਲੇਸ਼ਣ ਕਰਦੇ ਹਾਂ ਜਿਸ ਮਗਰੋਂ ਇਹ ਸ਼ਬਦ ਡੂੰਘੀ ਪਰਖ ਵਿਚੋਂ ਲੰਘਦੇ ਹਨ।
Photo
ਸ਼ਬਦਕੋਸ਼ ਦੇ ਐਪ ਵਿਚ 86000 ਸ਼ਬਦ, 95000 ਵਾਕ ਅੰਸ਼, 112000 ਅਰਥ ਅਤੇ 237000 ਮਿਸਾਲਾਂ ਹਨ। ਇਸ ਸ਼ਬਦਕੋਸ਼ ਦਾ 77 ਸਾਲ ਦਾ ਇਤਿਹਾਸ ਹੈ। ਸੱਭ ਤੋਂ ਪਹਿਲਾਂ ਇਸ ਨੂੰ 1942 ਵਿਚ ਜਾਪਾਨ ਵਿਚ ਛਾਪਿਆ ਗਿਆ ਸੀ ਅਤੇ 1948 ਵਿਚ ਪਹਿਲੀ ਵਾਰ ਆਕਸਫ਼ੋਰਡ ਯੂਨੀਵਰਸਿਟੀ ਪ੍ਰੈਸ ਨੇ ਛਾਪਿਆ ਸੀ।