ਬਨਾਸਕਾਂਠਾ ਜ਼ਿਲ੍ਹੇ ਵਿਚ ਟਰੱਕ ਅਤੇ ਕਾਰ ਦੀ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਵਿੱਚ ਸ਼ਨੀਵਾਰ ਸ਼ਾਮ ਨੂੰ ਇੱਕ ਭਿਆਨਕ ਸੜਕ ਹਾਦਸੇ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ।
ਪੁਲਿਸ ਅਨੁਸਾਰ ਇਹ ਹਾਦਸਾ ਸ਼ਾਮ 7 ਵਜੇ ਦੇ ਕਰੀਬ ਆਬੂ-ਪਾਲਣਪੁਰ ਹਾਈਵੇਅ 'ਤੇ ਇਕਬਾਲਗੜ੍ਹ ਪਿੰਡ ਨੇੜੇ ਵਾਪਰਿਆ ਜਦੋਂ ਇੱਕ ਟਰੱਕ ਅਤੇ ਇੱਕ ਐਸਯੂਵੀ ਦੀ ਆਹਮੋ-ਸਾਹਮਣੇ ਟੱਕਰ ਹੋ ਗਈ।
ਹਾਦਸੇ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਪੁਲਿਸ ਅਤੇ ਸਥਾਨਕ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਹਾਦਸੇ ਨਾਲ ਐਸਯੂਵੀ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ। ਮ੍ਰਿਤਕਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ, ਜਦੋਂ ਕਿ ਜ਼ਖ਼ਮੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਸ਼ੁਰੂਆਤੀ ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਟਰੱਕ ਗੁਜਰਾਤ ਤੋਂ ਰਾਜਸਥਾਨ ਜਾ ਰਿਹਾ ਸੀ।
ਇਸ ਦੌਰਾਨ, ਟਰੱਕ ਅਚਾਨਕ ਸੜਕ ਦੇ ਡਿਵਾਈਡਰ ਨੂੰ ਪਾਰ ਕਰ ਗਿਆ ਅਤੇ ਉਲਟ ਦਿਸ਼ਾ ਤੋਂ ਆ ਰਹੀ ਇੱਕ SUV ਨਾਲ ਟਕਰਾ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ SUV ਵਿੱਚ ਸਵਾਰ ਲੋਕਾਂ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ। ਅਮੀਰਗੜ੍ਹ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਪੀ.ਡੀ. ਗੋਹਿਲ ਨੇ ਦੱਸਿਆ ਕਿ ਟੱਕਰ ਤੋਂ ਬਾਅਦ ਟਰੱਕ ਡਰਾਈਵਰ ਮੌਕੇ 'ਤੇ ਵਾਹਨ ਛੱਡ ਕੇ ਭੱਜ ਗਿਆ। ਪੁਲਿਸ ਨੇ ਟਰੱਕ ਨੂੰ ਜ਼ਬਤ ਕਰ ਲਿਆ ਹੈ ਅਤੇ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।
