
ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਇਥੋਂ ਚੋਣ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਆਸਾਮ ਦੀ ਤਰਜ਼ 'ਤੇ ਕਸ਼ਮੀਰ ਤੋਂ ਕੰਨਿਆਕੁਮਾਰੀ ਤਕ ਇਕ ਇਕ ਘੁਸਪੈਠੀਏ......
ਜੰਮੂ : ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਇਥੋਂ ਚੋਣ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਆਸਾਮ ਦੀ ਤਰਜ਼ 'ਤੇ ਕਸ਼ਮੀਰ ਤੋਂ ਕੰਨਿਆਕੁਮਾਰੀ ਤਕ ਇਕ ਇਕ ਘੁਸਪੈਠੀਏ ਨੂੰ ਚੁਣ-ਚੁਣ ਕੇ ਬਾਹਰ ਕਢਿਆ ਜਾਵੇਗਾ। 'ਵਿਜੇ ਸੰਕਲਪ ਸੰਮੇਲਨ' ਨੂੰ ਸੰਬੋਧਤ ਕਰਦਿਆਂ ਸ਼ਾਹ ਨੇ ਕਿਹਾ ਕਿ ਅਤਿਵਾਦ ਦੇ ਖ਼ਾਤਮ ਲਈ ਮੋਦੀ ਸਰਕਾਰ ਪੂਰੀ ਤਰ੍ਹਾਂ ਦ੍ਰਿੜ ਹੈ ਅਤੇ ਹਰ ਘੁਸਪੈਠੀਏ ਨੂੰ ਬਾਹਰ ਕਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਤਿਵਾਦ ਬਾਬਤ ਭਾਰਤ ਸਰਕਾਰ ਦੀ ਨੀਤੀ 'ਬਿਲਕੁਲ ਵੀ ਬਰਦਾਸ਼ਤ ਨਾ ਕਰਨ' ਦੀ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਜੰਮੂ ਅਤੇ ਲਦਾਖ਼ ਖੇਤਰਾਂ ਨਾਲ ਭੇਦਭਾਵ ਕੀਤਾ ਹੈ।
ਸ਼ਾਹ ਨੇ ਕਿਹਾ ਕਿ 'ਚੌਕੀਦਾਰ' ਨੇ ਇਹ ਯਕੀਨੀ ਕੀਤਾ ਕਿ ਇਨ੍ਹਾਂ ਖੇਤਰਾਂ ਨੂੰ ਦਿਤਾ ਜਾਣ ਵਾਲਾ ਪੈਸਾ ਵਿਕਾਸ 'ਤੇ ਖ਼ਰਚ ਹੋ ਸਕੇ। ਉਨ੍ਹਾਂ ਕਿਹਾ ਕਿ ਕਾਂਗਰਸ, ਨੈਸ਼ਨਲ ਕਾਨਫ਼ਰੰਸ ਅਤੇ ਪੀਡੀਪੀ ਦੀਆਂ ਵੰਸ਼ਵਾਦੀ ਸਰਕਾਰਾਂ ਆਪੋ ਅਪਣੇ ਵਿਕਾਸ ਬਾਰੇ ਜ਼ਿਆਦਾ ਪ੍ਰੇਸ਼ਾਨ ਸਨ ਪਰ ਜਦ ਤੋਂ ਭਾਜਪਾ ਸਰਕਾਰ ਆਈ ਤਾਂ ਅਸੀਂ ਇਹ ਯਕੀਨੀ ਕੀਤਾ ਕਿ ਹਰ ਪੈਸਾ ਆਮ ਲੋਕਾਂ ਤਕ ਪੁੱਜੇ। ਉਨ੍ਹਾਂ ਕਿਹਾ ਕਿ ਭਾਜਪਾ ਜਨਸੰਘ ਦੇ ਨੇਤਾ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਜਿਸ ਥਾਂ 'ਤੇ ਅਪਣੀ ਜੀਵਨ ਦਾ ਬਲੀਦਾਨ ਦਿਤਾ, ਉਹ ਸਾਡਾ ਹੈ। ਸ਼ਾਹ ਨੇ ਪੁਲਵਾਮਾ ਹਮਲੇ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਜਵਾਨਾਂ ਦੀ ਸ਼ਹਾਦਤ ਅਜਾਈਂ ਨਹੀਂ ਜਾਵੇਗੀ। (ਏਜੰਸੀ)