
ਸੁਪਰੀਮ ਕੋਰਟ ਦੇ ਜੱਜ ਸੰਜੀਵ ਖੰਨਾ ਨੇ ਸੋਮਵਾਰ ਨੂੰ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ......
ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਜੱਜ ਸੰਜੀਵ ਖੰਨਾ ਨੇ ਸੋਮਵਾਰ ਨੂੰ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਵੱਲੋਂ ਦਾਇਰ ਅਰਜ਼ੀ ਦੀ ਸੁਣਵਾਈ ਕਰਨ ਤੋਂ ਖ਼ੁਦ ਨੂੰ ਪਾਸੇ ਕਰ ਲਿਆ ਹੈ। ਸੱਜਣ ਕੁਮਾਰ ਨੂੰ ਬੀਤੇ ਸਾਲ 17 ਦਸੰਬਰ ਨੂੰ ਪੰਜ ਸਿੱਖਾਂ ਦੇ ਕਤਲ ਮਾਮਲੇ ਵਿਚ ਤਾ-ਉਮਰ ਕੈਦ ਦੀ ਸਜ਼ਾ ਸੁਣਾਈ ਹੋਈ ਹੈ। ਇਸ ਨੂੰ ਸੱਜਣ ਕੁਮਾਰ ਨੇ ਦੇਸ਼ ਦੀ ਸਰਬਉੱਚ ਅਦਾਲਤ ਵਿਚ ਚੁਣੌਤੀ ਦਿੱਤੀ ਹੋਈ ਹੈ।
supreme court
ਸਜ਼ਾ ਮਗਰੋਂ ਸੱਜਣ ਕੁਮਾਰ ਨੇ 31 ਦਸੰਬਰ, 2018 ਨੂੰ ਅਦਾਲਤ ਵਿਚ ਸਮਰਪਣ ਕਰ ਦਿੱਤਾ ਸੀ। ਸੱਜਣ ਕੁਮਾਰ ਨੂੰ ਪਹਿਲੀ-ਦੂਜੀ ਨਵੰਬਰ 1984 ਨੂੰ ਦਿੱਲੀ ਛਾਉਣੀ ਦੇ ਰਾਜ ਨਗਰ ਇਲਾਕੇ ਵਿਚ ਪੰਜ ਸਿੱਖਾਂ ਦੇ ਕਤਲ ਤੇ ਗੁਰਦੁਆਰੇ ਅੱਗਜ਼ਨੀ ਕਰਨ ਦੇ ਮਾਮਲਿਆਂ ਵਿਚ ਦੋਸ਼ੀ ਪਾਇਆ ਗਿਆ ਸੀ। ਸੱਜਣ ਦੇ ਨਾਲ ਉਸ ਦੇ ਪੰਜ ਸਾਥੀਆਂ ਨੂੰ ਵੀ ਸਜ਼ਾ ਹੋਈ ਸੀ। ਸੱਜਣ ਨੂੰ ਆਪਣੀ ਤਾ-ਉਮਰ ਕੈਦ ਪ੍ਰਵਾਨ ਨਹੀਂ, ਇਸ ਲਈ ਉਸ ਨੇ ਇਸ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਹੈ।
ਜਸਟਿਸ ਖੰਨਾ ਵੱਲੋਂ ਖ਼ੁਦ ਨੂੰ ਮਾਮਲੇ ਨਾਲੋਂ ਵੱਖ ਕਰਨ ਮਗਰੋਂ ਇਹ ਕੇਸ ਹੁਣ ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਬੈਂਚ ਵੱਲੋਂ ਸੁਣਿਆ ਜਾਵੇਗਾ। ਸੱਜਣ ਕੁਮਾਰ ਦੀ ਅਰਜ਼ੀ 'ਤੇ ਸੋਮਵਾਰ ਨੂੰ ਸੁਣਵਾਈ ਕੀਤੀ ਜਾਣੀ ਸੀ ਪਰ ਇਸ ਤੋਂ ਪਹਿਲਾਂ ਹੀ ਜਸਟਿਸ ਖੰਨਾ ਨੇ ਆਪਣੇ ਆਪ ਨੂੰ ਪਾਸੇ ਕਰ ਲਿਆ। ਹਾਲਾਂਕਿ, ਉਨ੍ਹਾਂ ਇਸ ਕਦਮ ਬਾਰੇ ਕੀ ਕਾਰਨ ਦੱਸਿਆ, ਇਹ ਹਾਲੇ ਸਪੱਸ਼ਟ ਨਹੀਂ ਹੋ ਸਕਿਆ ਹੈ।