
ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਉਨ੍ਹਾਂ ਸਾਰੀਆਂ ਅਟਕਲਾਂ 'ਤੇ ਰੋਕ ਲਾਉਂਦਿਆਂ ਕਿਹਾ ਕਿ ਧਾਰਾ 35 ਏ ਦੇ ਮੁੱਦੇ 'ਤੇ ਉਸ ਦੇ ਰੁਖ਼ ਵਿਚ ਕੋਈ ਬਦਲਾਅ ਨਹੀਂ ਆਇਆ......
ਜੰਮੂ : ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਉਨ੍ਹਾਂ ਸਾਰੀਆਂ ਅਟਕਲਾਂ 'ਤੇ ਰੋਕ ਲਾਉਂਦਿਆਂ ਕਿਹਾ ਕਿ ਧਾਰਾ 35 ਏ ਦੇ ਮੁੱਦੇ 'ਤੇ ਉਸ ਦੇ ਰੁਖ਼ ਵਿਚ ਕੋਈ ਬਦਲਾਅ ਨਹੀਂ ਆਇਆ ਹੈ ਅਤੇ ਚੁਣੀ ਹੋਈ ਸਰਕਾਰ ਹੀ ਇਸ ਮਾਮਲੇ 'ਚ ਸੁਪਰੀਮ ਕੋਰਟ ਵਿਚ ਪਹੁੰਚ ਕਰ ਸਕਦੀ ਹੈ। ਸੁਪਰੀਮ ਕੋਰਟ ਇਸ ਧਾਰਾ ਦੀ ਜਾਇਜ਼ਤਾ ਨੂੰ ਚੁਨੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਸੁਣਵਾਈ ਕਰ ਰਹੀ ਹੈ। ਜੰਮੂ ਕਸ਼ਮੀਰ ਵਿਚ ਰਾਜਪਾਲ ਦੇ ਪ੍ਰਸਾਸਨ ਦੇ ਮੁੱਖ ਬੁਲਾਰੇ ਸੀਨੀਅਰ ਅਧਿਕਾਰੀ ਰੋਹਿਤ ਕਾਂਸਲ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ, 'ਸੁਪਰੀਮ ਕੋਰਟ ਵਿਚ ਇਸ ਧਾਰਾ ਬਾਰੇ ਸੁਣਵਾਈ ਟਾਲਣ ਦੀ ਬੇਨਤੀ 'ਤੇ ਰਾਜ ਸਰਕਾਰ ਦਾ ਰੁਖ਼ ਉਸੇ ਤਰ੍ਹਾਂ ਹੈ
ਜਿਵੇਂ 11 ਫ਼ਰਵਰੀ ਨੂੰ ਬੇਨਤੀ ਕੀਤੀ ਗਈ ਸੀ।' ਉਹ ਇਸ ਸਵਾਲ ਦਾ ਜਵਾਬ ਦੇ ਰਹੇ ਸਨ ਕਿ ਕੀ ਇਸ ਵਿਵਾਦਗ੍ਰਸਤ ਮੁੱਦੇ 'ਤੇ ਰਾਜਪਾਲ ਦੇ ਪ੍ਰਸ਼ਾਸਨ ਦੇ ਰੁਖ਼ ਵਿਚ ਕੋਈ ਬਦਲਾਅ ਆਇਆ ਹੈ। ਕਾਂਸਲ ਨੇ ਰਾਜ ਦੀ ਜਨਤਾ ਨੂੰ ਵੀ ਅਫ਼ਵਾਹਾਂ ਵਲ ਧਿਆਨ ਨਾ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਅੱਧੀਆਂ ਅਧੂਰੀਆਂ ਅਤੇ ਅਪੁਸ਼ਟ ਸੂਚਨਾਵਾਂ ਦੇ ਆਧਾਰ 'ਤੇ ਲੋਕ ਘਬਰਾਹਟ ਪੈਦਾ ਨਾ ਕਰਨ। ਜੰਮੂ ਕਸ਼ਮੀਰ ਸਰਕਾਰ ਦੇ ਵਕੀਲ ਨੇ ਪਟੀਸ਼ਨਾਂ 'ਤੇ ਆਗਾਮੀ ਸੁਣਵਾਈ ਨੂੰ ਅੱਗੇ ਪਾਉਣ ਲਈ ਸਾਰੀਆਂ ਧਿਰਾਂ ਵਿਚਾਲੇ ਚਿੱਠੀ ਵੰਡਣ ਲਈ ਆਗਿਆ ਮੰਗੀ ਸੀ। ਉਨ੍ਹਾਂ ਕਿਹਾ ਕਿ ਰਾਜ ਵਿਚ ਕੋਈ ਚੁਣੀ ਹੋਈ ਸਰਕਾਰ ਨਹੀਂ ਹੈ। (ਏਜੰਸੀ)