
16 ਲੋਕ ਗੰਭੀਰ ਜ਼ਖਮੀ
ਮੇਰਠ: ਉੱਤਰ ਪ੍ਰਦੇਸ਼ ਦੇ ਮੇਰਠ 'ਚ ਸ਼ੁੱਕਰਵਾਰ ਦੁਪਹਿਰ ਨੂੰ ਵੱਡਾ ਹਾਦਸਾ ਵਾਪਰ ਗਿਆ। ਸਾਬਕਾ ਵਿਧਾਇਕ ਦੇ ਕੋਲਡ ਸਟੋਰ ਦਾ ਬੁਆਇਲਰ ਫਟਿਆ। ਜਿਸ ਕਾਰਨ ਲੈਂਟਰ ਹੇਠਾਂ ਡਿੱਗ ਗਿਆ। ਇਸ ਦੇ ਹੇਠਾਂ 27 ਮਜ਼ਦੂਰ ਦੱਬ ਗਏ। ਜਦਕਿ 7 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਕੋਲਡ ਸਟੋਰ ਵਿੱਚ ਅਮੋਨੀਆ ਦਾ ਲੀਕ ਹੋਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਇਸ ਕਾਰਨ ਕਈ ਮਜ਼ਦੂਰ ਬੇਹੋਸ਼ ਹੋ ਗਏ।
ਇਹ ਵੀ ਪੜ੍ਹੋ: ਬ੍ਰਿਟੇਨ ’ਚ ਫਲਾਂ ਤੇ ਸਬਜ਼ੀਆਂ ਦੀ ਭਾਰੀ ਘਾਟ
16 ਜ਼ਖਮੀਆਂ ਨੂੰ ਮਲਬੇ 'ਚੋਂ ਕੱਢ ਕੇ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ, ਫਾਇਰ ਬ੍ਰਿਗੇਡ ਅਤੇ ਐਨਡੀਆਰਐਫ ਦੀ ਟੀਮ ਨੇ ਦੇਰ ਰਾਤ ਤੱਕ ਬਚਾਅ ਕਾਰਜ ਕੀਤਾ। ਕਮਿਸ਼ਨਰ, ਡੀਐਮ, ਐਸਐਸਪੀ, ਏਡੀਐਮ ਸਿਟੀ ਮੈਜਿਸਟਰੇਟ, ਐਸਡੀਐਮ, ਸੀਐਮਓ ਅਤੇ ਐਸਪੀ ਸਿਟੀ ਮੌਕੇ ’ਤੇ ਪਹੁੰਚੇ। ਇਨ੍ਹਾਂ ਤੋਂ ਇਲਾਵਾ ਕੇਂਦਰੀ ਰਾਜ ਮੰਤਰੀ ਸੰਜੀਵ ਬਾਲਿਆਨ, ਸਾਬਕਾ ਵਿਧਾਇਕ ਸੰਗੀਤ ਸੋਮ ਵੀ ਮੌਕੇ 'ਤੇ ਪਹੁੰਚੇ। ਇਲਾਕੇ ਵਿੱਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।
ਇਹ ਵੀ ਪੜ੍ਹੋ: ਪਪੀਤਾ ਸਿਹਤ ਲਈ ਹੀ ਨਹੀਂ ਸਗੋਂ ਚਮੜੀ ਲਈ ਵੀ ਹੈ ਫ਼ਾਇਦੇਮੰਦ
ਬਸਪਾ ਦੇ ਸਾਬਕਾ ਵਿਧਾਇਕ ਚੰਦਰਵੀਰ ਸਿੰਘ ਦਾ ਦੌਰਾਲਾ 'ਚ ਸ਼ਿਵ ਸ਼ਕਤੀ ਦੇ ਨਾਂ 'ਤੇ ਕੋਲਡ ਸਟੋਰ ਹੈ। ਕੋਲਡ ਸਟੋਰ ਕਾਫੀ ਸਮੇਂ ਤੋਂ ਬੰਦ ਸੀ। ਅੱਜ ਹੀ ਕੰਮ ਸ਼ੁਰੂ ਕਰਨ ਲਈ ਜੰਮੂ-ਕਸ਼ਮੀਰ ਤੋਂ ਵਰਕਰਾਂ ਨੂੰ ਬੁਲਾਇਆ ਗਿਆ ਸੀ। ਪੁਲਿਸ ਮੁਤਾਬਕ ਸ਼ੁੱਕਰਵਾਰ ਦੁਪਹਿਰ 2 ਵਜੇ ਕੋਲਡ ਸਟੋਰ 'ਚ ਬਾਇਲਰ ਫਟ ਗਿਆ। ਜਿਸ ਕਾਰਨ ਪੂਰੇ ਕੋਲਡ ਸਟੋਰ ਵਿੱਚ ਅਮੋਨੀਆ ਗੈਸ ਲੀਕ ਹੋ ਗਈ।
ਗੈਸ ਲੀਕ ਹੋਣ ਕਾਰਨ ਕੁਝ ਮਜ਼ਦੂਰ ਬੇਹੋਸ਼ ਹੋ ਗਏ। ਇਸ ਦੌਰਾਨ ਕੋਲਡ ਸਟੋਰੇਜ ਦੀ ਛੱਤ ਵੀ ਡਿੱਗ ਗਈ, ਜਿਸ ਵਿੱਚ 27 ਮਜ਼ਦੂਰ ਮਲਬੇ ਹੇਠ ਦੱਬ ਗਏ। 2 ਦੀ ਮੌਕੇ 'ਤੇ ਹੀ ਮੌਤ ਹੋ ਗਈ। ਆਸਪਾਸ ਦੇ ਲੋਕਾਂ ਨੇ ਤੁਰੰਤ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਜਦੋਂ ਮਲਬਾ ਹਟਾਇਆ ਗਿਆ ਤਾਂ 5 ਹੋਰ ਮਜ਼ਦੂਰਾਂ ਦੀ ਮੌਤ ਹੋਣ ਦੀ ਸੂਚਨਾ ਮਿਲੀ।ਹਾਦਸੇ ਤੋਂ ਬਾਅਦ ਦਰਜਨਾਂ ਐਂਬੂਲੈਂਸਾਂ ਅਤੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਮਲਬੇ ਹੇਠ ਦੱਬੇ ਮਜ਼ਦੂਰਾਂ ਨੂੰ ਲੈ ਕੇ ਕਰੀਬ 11 ਐਂਬੂਲੈਂਸ ਮੇਰਠ ਪਹੁੰਚੀਆਂ। ਫਾਇਰ ਬ੍ਰਿਗੇਡ ਦੀਆਂ 9 ਟੀਮਾਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ। ਦੱਬੇ ਮਜ਼ਦੂਰਾਂ ਨੂੰ 2-3 ਜੇਸੀਬੀ ਰਾਹੀਂ ਮਲਬਾ ਹਟਾ ਕੇ ਬਾਹਰ ਕੱਢਿਆ ਗਿਆ। ਐਂਬੂਲੈਂਸ ਨੂੰ ਤੇਜ਼ੀ ਨਾਲ ਕੱਢਣ ਲਈ ਸੜਕ 'ਤੇ ਵੱਖ-ਵੱਖ ਥਾਵਾਂ 'ਤੇ ਪੁਲਿਸ ਕਰਮਚਾਰੀ ਵੀ ਤਾਇਨਾਤ ਕੀਤੇ ਗਏ ਸਨ।