
ਲੋਕ ਸਭਾ ਸਪੀਕਰ ਬਿਰਲਾ ਦੇ ਵਿਰੁਧ ਭਾਜਪਾ ਛੱਡ ਕੇ ਕਾਂਗਰਸ ਆਏ ਗੁੰਜਲ ਚੋਣ ਲੜਨਗੇ
ਨਵੀਂ ਦਿੱਲੀ: ਕਾਂਗਰਸ ਨੇ ਸੋਮਵਾਰ ਨੂੰ ਲੋਕ ਸਭਾ ਚੋਣਾਂ ਲਈ ਪੰਜ ਉਮੀਦਵਾਰਾਂ ਦੀ ਛੇਵੀਂ ਸੂਚੀ ਜਾਰੀ ਕੀਤੀ, ਜਿਸ ’ਚ ਪ੍ਰਹਿਲਾਦ ਗੁੰਜਲ ਸ਼ਾਮਲ ਹਨ, ਜਿਨ੍ਹਾਂ ਦਾ ਮੁਕਾਬਲਾ ਰਾਜਸਥਾਨ ਦੀ ਕੋਟਾ ਸੰਸਦੀ ਸੀਟ ਤੋਂ ਲੋਕ ਸਭਾ ਸਪੀਕਰ ਓਮ ਬਿਰਲਾ ਨਾਲ ਹੈ। ਗੁੰਜਲ ਹਾਲ ਹੀ ’ਚ ਭਾਰਤੀ ਜਨਤਾ ਪਾਰਟੀ ਛੱਡ ਕੇ ਕਾਂਗਰਸ ’ਚ ਸ਼ਾਮਲ ਹੋਈ ਸੀ।
ਕਾਂਗਰਸ ਨੇ ਰਾਜਸਥਾਨ ਦੇ ਅਜਮੇਰ ਤੋਂ ਰਾਮਚੰਦਰ ਚੌਧਰੀ, ਰਾਜਸਮੰਦ ਤੋਂ ਸੁਦਰਸ਼ਨ ਰਾਵਤ, ਭੀਲਵਾੜਾ ਤੋਂ ਦਾਮੋਦਰ ਗੁੱਜਰ, ਕੋਟਾ ਤੋਂ ਪ੍ਰਹਿਲਾਦ ਗੁੰਜਲ ਅਤੇ ਤਾਮਿਲਨਾਡੂ ਦੇ ਤਿਰੂਨੇਲਵੇਲੀ ਤੋਂ ਸੀ ਰਾਬਰਟ ਬਰੂਟ ਨੂੰ ਉਮੀਦਵਾਰ ਬਣਾਇਆ ਹੈ।
ਇਸ ਤੋਂ ਪਹਿਲਾਂ ਕਾਂਗਰਸ ਨੇ ਐਤਵਾਰ ਨੂੰ ਤਿੰਨ ਉਮੀਦਵਾਰਾਂ ਦੀ ਪੰਜਵੀਂ ਸੂਚੀ ਜਾਰੀ ਕੀਤੀ ਸੀ, ਜਿਸ ’ਚ ਜੈਪੁਰ ਲੋਕ ਸਭਾ ਹਲਕੇ ਲਈ ਉਮੀਦਵਾਰ ਬਦਲਿਆ ਗਿਆ ਸੀ। ਸੁਨੀਲ ਸ਼ਰਮਾ ਦੀ ਥਾਂ ਸਾਬਕਾ ਮੰਤਰੀ ਪ੍ਰਤਾਪ ਸਿੰਘ ਖਾਚਰੀਆਵਾਸ ਨੂੰ ਨਿਯੁਕਤ ਕੀਤਾ ਗਿਆ ਹੈ।
ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਹੁਣ ਤਕ 190 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਪਾਰਟੀ ਨੇ ਪਹਿਲੀ ਸੂਚੀ ਵਿਚ 39, ਦੂਜੀ ਸੂਚੀ ਵਿਚ 43 ਅਤੇ ਤੀਜੀ ਸੂਚੀ ਵਿਚ 56 ਉਮੀਦਵਾਰਾਂ ਦਾ ਐਲਾਨ ਕੀਤਾ ਸੀ।
18ਵੀਂ ਲੋਕ ਸਭਾ ਦੀਆਂ ਚੋਣਾਂ 19 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ। ਛੇ ਹੋਰ ਪੜਾਵਾਂ ’ਚ 26 ਅਪ੍ਰੈਲ, 7 ਮਈ, 13 ਮਈ, 20 ਮਈ, 25 ਮਈ ਅਤੇ 1 ਜੂਨ ਨੂੰ ਵੋਟਾਂ ਪੈਣਗੀਆਂ। ਲਗਭਗ 97 ਕਰੋੜ ਰਜਿਸਟਰਡ ਵੋਟਰ 543 ਲੋਕ ਸਭਾ ਹਲਕਿਆਂ ’ਚ ਫੈਲੇ 10.5 ਲੱਖ ਪੋਲਿੰਗ ਸਟੇਸ਼ਨਾਂ ’ਚ ਅਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੇ ਯੋਗ ਹਨ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।