
Delhi News : ਤਿੰਨ ਘੰਟੇ ਦੇਰ ਨਾਲ ਪੁੱਜਣ ’ਤੇ ਨਾਰਾਜ਼ ਹੋਏ ਦਰਸ਼ਕਾਂ ਨੇ ਪਾਇਆ ਰੌਲਾ, ਦੇਰ ਨਾਲ ਪਹੁੰਚਣ ਲਈ ਪ੍ਰਸ਼ੰਸਕਾਂ ਤੋਂ ਮੰਗੀ ਮੁਆਫੀ
Delhi News in Punjabi : ਆਸਟ੍ਰੇਲੀਆ ਦੇ ਮੈਲਬੌਰਨ ’ਚ ਅਪਣੇ ਸੰਗੀਤ ਸਮਾਰੋਹ ’ਚ ਕਥਿਤ ਤੌਰ ’ਤੇ ਤਿੰਨ ਘੰਟੇ ਦੇਰੀ ਨਾਲ ਪਹੁੰਚਣ ’ਤੇ ਗਾਇਕਾ ਨੇਹਾ ਕੱਕੜ ਰੋ ਪਈ ਅਤੇ ਉਸ ਨੂੰ ਅਪਣੇ ਪ੍ਰਸ਼ੰਸਕਾਂ ਤੋਂ ਮੁਆਫੀ ਮੰਗਣੀ ਪਈ। ਇਕ ਯੂਜ਼ਰ ਵਲੋਂ ਰੈਡਿਟ ’ਤੇ ਪੋਸਟ ਕੀਤੀ ਗਈ ਵੀਡੀਉ ’ਚ ਗਾਇਕ ਸਟੇਜ ’ਤੇ ਰੋਂਦੀ ਨਜ਼ਰ ਆ ਰਹੀ ਹੈ, ਜਦਕਿ ਕੁੱਝ ਦਰਸ਼ਕਾਂ ਨੇ ਸੰਗੀਤ ਸਮਾਰੋਹ ਲਈ ਦੇਰ ਨਾਲ ਪਹੁੰਚਣ ’ਤੇ ਰੌਲਾ ਪਾਇਆ। ਵੀਡੀਉ ’ਚ ਕੁੱਝ ਲੋਕਾਂ ਨੂੰ ‘ਵਾਪਸ ਜਾਓ’ ਚੀਕਦਿਆਂ ਸੁਣਿਆ ਜਾ ਸਕਦਾ ਹੈ, ਜਿਸ ਤੋਂ ਬਾਅਦ ਨੇਹਾ ਕੱਕੜ ਨੇ ਦਰਸ਼ਕਾਂ ਨੂੰ ਸੰਬੋਧਨ ਕਰਨ ਲਈ ਮਾਈਕ ਲਿਆ।
36 ਸਾਲ ਦੀ ਗਾਇਕਾ ਨੇ ਕਿਹਾ, ‘‘ਤੁਸੀਂ ਸੱਚਮੁੱਚ ਸਬਰ ਵਾਲੇ ਰਹੇ ਹੋ। ਮੈਨੂੰ ਲੇਟ ਆਉਣ ਤੋਂ ਨਫ਼ਰਤ ਹੈ। ਮੈਂ ਅਪਣੀ ਪੂਰੀ ਜ਼ਿੰਦਗੀ ’ਚ ਕਦੇ ਕਿਸੇ ਨੂੰ ਉਡੀਕ ਨਹੀਂ ਕਰਵਾਈ। ਪਰ ਤੁਸੀਂ ਇੰਨੇ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹੋ। ਮੈਨੂੰ ਬਹੁਤ ਅਫਸੋਸ ਹੈ। ਤੁਸੀਂ ਹੀ ਮੇਰਾ ਸੰਸਾਰ ਹੋ। ਤੁਸੀਂ ਲੋਕ ਬਹੁਤ ਚੰਗੇ ਹੋ। ਮੈਂ ਚਿੰਤਤ ਸੀ ਕਿ ਕੀ ਹੋਵੇਗਾ। ਇਹ ਮੇਰੇ ਲਈ ਬਹੁਤ ਅਰਥ ਰੱਖਦਾ ਹੈ। ਮੈਂ ਇਸ ਸ਼ਾਮ ਨੂੰ ਹਮੇਸ਼ਾ ਯਾਦ ਰੱਖਾਂਗੀ। ਪਰ ਮੈਂ ਇਹ ਯਕੀਨੀ ਬਣਾਵਾਂਗੀ ਕਿ ਤੁਸੀਂ ਸਾਰੇ ਨੱਚੋ।’’
‘ਕਾਲਾ ਚਸ਼ਮਾ’ ਅਤੇ ‘ਮਨਾਲੀ ਟ੍ਰਾਂਸ’ ਵਰਗੇ ਗੀਤਾਂ ਲਈ ਮਸ਼ਹੂਰ ਨੇਹਾ ਕੱਕੜ ਨੇ ਸਿਡਨੀ ਵਿਚ ਅਪਣੇ ਸੰਗੀਤ ਸਮਾਰੋਹ ਤੋਂ ਇਕ ਦਿਨ ਬਾਅਦ ਐਤਵਾਰ ਨੂੰ ਮੈਲਬੌਰਨ ਵਿਚ ਪ੍ਰਦਰਸ਼ਨ ਕੀਤਾ। ਹਾਲਾਂਕਿ ਉਸ ਦੀ ਮੁਆਫੀ ਨੇ ਦਰਸ਼ਕਾਂ ਵਿਚੋਂ ਕੁੱਝ ਨੂੰ ਸ਼ਾਂਤ ਕੀਤਾ, ਪਰ ਬਹੁਤ ਸਾਰੇ ਅਜੇ ਵੀ ਨਾਰਾਜ਼ ਸਨ।
ਵੀਡੀਉ ਵਿਚ ਇਕ ਜਣੇ ਨੂੰ ਕਹਿੰਦੇ ਸੁਣਿਆ ਜਾ ਸਕਦਾ ਹੈ, ‘‘ਇਹ ਭਾਰਤ ਨਹੀਂ ਹੈ, ਤੁਸੀਂ ਆਸਟਰੇਲੀਆ ਵਿਚ ਹੋ। ਵਾਪਸ ਜਾਓ ਅਤੇ ਆਰਾਮ ਕਰੋ। ਅਸੀਂ ਦੋ ਘੰਟਿਆਂ ਤੋਂ ਵੱਧ ਸਮੇਂ ਤਕ ਉਡੀਕ ਕੀਤੀ। ਬਹੁਤ ਵਧੀਆ ਅਦਾਕਾਰੀ। ਯੇ ਇੰਡੀਅਨ ਆਈਡਲ ਨਹੀਂ ਹੈ (ਇਹ ਇੰਡੀਅਨ ਆਈਡਲ ਨਹੀਂ ਹੈ)।’’
ਇਕ ਵਿਅਕਤੀ ਨੇ ਕੱਕੜ ਦੀ ਸਟੇਜ ’ਤੇ ਖੜੀ ਇਕ ਤਸਵੀਰ ਪੋਸਟ ਕੀਤੀ ਅਤੇ ਲਿਖਿਆ, ‘‘ਉਹ 7:30 ਦੇ ਸ਼ੋਅ ਲਈ ਰਾਤ ਰਾਤ 10 ਵਜੇ ਸਟੇਜ ’ਤੇ ਆਈ। ਫਿਰ ਰੋਣ ਦਾ ਡਰਾਮਾ ਕਰਨਾ... ਇਕ ਘੰਟੇ ਤੋਂ ਵੀ ਘੱਟ ਸਮੇਂ ’ਚ ਪ੍ਰੋਗਰਾਮ ਬੰਦ। ਕਿੰਨਾ ਘਟੀਆ ਸੰਗੀਤ ਸਮਾਰੋਹ... ।’’ ਇਕ ਹੋਰ ਵਿਅਕਤੀ ਨੇ ਉਸ ਦੇ ਸੰਗੀਤ ਸਮਾਰੋਹ ਨੂੰ ਸਮੇਂ ਅਤੇ ਪੈਸੇ ਦੀ ਬਰਬਾਦੀ ਕਿਹਾ।
(For more news apart from Singer Neha Kakkar cried during her show in Australia News in Punjabi, stay tuned to Rozana Spokesman)