
ਭਾਜਪਾ ਦੇ ਆਈਟੀ ਸੈੱਲ ਵਲੋਂ ਝੂਠੀਆਂ ਖ਼ਬਰਾਂ ਫੈਲਾਉਣ ਦਾ ਸਿਲਸਿਲਾ ਜਾਰੀ
ਚੰਡੀਗੜ੍ਹ: ਦੇਸ਼ ’ਚ ਚੁਣਾਵੀ ਮਾਹੌਲ ਭਖ ਰਿਹਾ ਹੈ ਅਤੇ ਹਰ ਸਿਆਸੀ ਪਾਰਟੀ ਅਪਣਾ-ਅਪਣਾ ਜ਼ੋਰ ਲਗਾਉਣ ’ਤੇ ਲੱਗੀ ਹੋਈ ਹੈ। ਭਾਜਪਾ ਇਸ ਦੌੜ ਵਿਚ ਕਾਫ਼ੀ ਅੱਗੇ ਜਾਪਦੀ ਹੈ। ਭਾਜਪਾ ਦਾ ਆਈਟੀ ਸੈੱਲ ਸੋਸ਼ਲ ਮੀਡੀਆ ਉਤੇ ਕਾਫ਼ੀ ਸਰਗਰਮ ਹੈ। ਪਿਛਲੇ ਸਮੇਂ ਵਿਚ ਇਸ ਆਈਟੀ ਸੈੱਲ ਵਲੋਂ ਕਈ ਝੂਠੀਆਂ ਖ਼ਬਰਾਂ ਵੀ ਫੈਲਾਈਆਂ ਗਈਆਂ ਹਨ ਜੋ ਕਿ ਬਾਅਦ ਵਿਚ ਗਲਤ ਵੀ ਸਾਬਤ ਹੋਈਆਂ ਹਨ। ਭਾਜਪਾ ਦੇ ਸਮਰਥਕ ਆਈਟੀ ਸੈੱਲ ਵਲੋਂ ਫੈਲਾਈਆਂ ਜਾਂਦੀਆਂ ਖ਼ਬਰਾਂ ਨੂੰ ਬਿਨਾ ਸੋਚੇ ਸਮਝੇ ਅਤੇ ਬਿਨਾ ਘੋਖਿਆਂ ਅਪਣੇ ਸੋਸ਼ਲ ਮੀਡੀਆ ਅਕਾਉਂਟ ਉਤੇ ਪੂਰੇ ਜ਼ੋਰ-ਸ਼ੋਰ ਨਾਲ ਪਾਉਂਦੇ ਹਨ ਤੇ ਸਮਰਥਨ ਕਰਦੇ ਹਨ।
Rahul Gandhi
ਇਨ੍ਹਾਂ ਝੂਠੀਆਂ ਖ਼ਬਰਾਂ ਦੀ ਲੜੀ ਵਿਚ ਇਕ ਹੋਰ ਖ਼ਬਰ ਸ਼ਾਮਿਲ ਹੋਈ ਹੈ। ਭਾਜਪਾ ਦੇ ਸਮਰਥਕਾਂ ਅਤੇ ਆਈਟੀ ਸੈੱਲ ਵਲੋਂ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਇਕ ਵੀਡੀਓ ਕਾਫ਼ੀ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਹੈ। ਇਸ 10 ਸੈਕੰਡ ਦੀ ਵੀਡੀਓ ਵਿਚ ਰਾਹੁਲ ਗਾਂਧੀ ਇਹ ਬੋਲਦੇ ਸੁਣੇ ਜਾਂਦੇ ਹਨ ਕਿ ਯੂਪੀ ਵਿਚ ਕਈ ਔਰਤਾਂ ਹਰ ਹਫ਼ਤੇ ਇਕ ਬੱਚਾ ਪੈਦਾ ਕਰ ਸਕਦੀਆਂ ਹਨ ਤੇ ਸਾਲ ਵਿਚ 52 ਬੱਚੇ ਪੈਦਾ ਕਰਦੀਆਂ ਹਨ। ਇਸ ਵੀਡੀਓ ਨੂੰ ਪਾਉਣ ਵਾਲੇ ਇਸ ਆਧਾਰ ਉਤੇ ਰਾਹੁਲ ਗਾਂਧੀ ਦਾ ਖ਼ੂਬ ਮਜ਼ਾਕ ਉਡਾ ਰਹੇ ਹਨ।
ਸੋਸ਼ਲ ਮੀਡੀਆ ਉਤੇ ਵੱਖੋ ਵੱਖਰੇ ਪੇਜਾਂ ਤੇ ਅਕਾਉਂਟਾਂ ਵਲੋਂ ਇਹ ਵੀਡੀਓ ਕਈ ਹਜ਼ਾਰ ਵਾਰ ਸ਼ੇਅਰ ਕੀਤੀ ਜਾ ਚੁੱਕੀ ਹੈ। ਆਓ ਜਾਣੀਏ, ਇਸ ਪਿਛੇ ਸੱਚ ਕੀ ਹੈ। ਇਕ ਨਾਮੀ ਆਨਲਾਈਨ ਪੋਰਟਲ ਵਲੋਂ ਇਸ ਵੀਡੀਓ ਨੂੰ ਘੋਖਿਆ ਗਿਆ ਤੇ ਇਸ ਪਿੱਛੇ ਦਾ ਸੱਚ ਲੱਭਣ ਦੀ ਕੋਸ਼ਿਸ਼ ਕੀਤੀ ਗਈ। ਜ਼ਿਕਰਯੋਗ ਹੈ ਕਿ ਵਾਇਰਲ ਕੀਤੀ ਜਾ ਰਹੀ ਵੀਡੀਓ ਉਤੇ ਇਕ ਹਿੰਦੀ ਨਿਊਜ਼ ਚੈਨਲ ਦਾ ਨਾਂਅ ਸਾਫ਼ ਨਜ਼ਰ ਆਉਂਦਾ ਹੈ।
Rahul Gandhi
ਜਦੋਂ ਇਸ ਨਿਊਜ਼ ਚੈਨਲ ਦੀਆਂ ਪਿਛਲੀਆਂ ਸਾਰੀਆਂ ਵੀਡੀਓਜ਼ ਜਾਂਚੀਆਂ ਗਈਆਂ ਤਾਂ ਇਕ 8 ਮਿੰਟ 10 ਸੈਕੰਡ ਦੀ ਵੀਡੀਓ ਸਾਹਮਣੇ ਆਈ ਜਿਸ ਵਿਚ ਰਾਹੁਲ ਗਾਂਧੀ 14 ਨਵੰਬਰ, 2011 ਨੂੰ ਉੱਤਰ ਪ੍ਰਦੇਸ਼ ਦੇ ਫੂਲਪੁਰ ਵਿਖੇ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਹਨ। ਉਸ ਵੀਡੀਓ ਵਿਚ ਉਹ ਨੈਸ਼ਨਲ ਰੂਰਲ ਹੈਲਥ ਮਿਸ਼ਨ ਦੇ ਯੂਪੀ ਸਰਕਾਰ ਵਲੋਂ ਦੁਰਉਪਯੋਗ ਦੀ ਗੱਲ ਕਰਦੇ ਹੋਏ ਦੱਸਦੇ ਹਨ ਕਿ ਕਾਂਗਰਸ ਨੇ ‘ਜਨਨੀ ਸੁਰੱਖਿਆ ਯੋਜਨਾ’ ਬਾਰੇ ਵਿਸਥਾਰ ਸਹਿਤ ਜਾਣਕਾਰੀ ਹਾਸਲ ਕਰਨ ਲਈ ਇਕ ਆਰਟੀਆਈ ਦਾਇਰ ਕੀਤੀ ਸੀ।
ਉਸ ਆਰਟੀਆਈ ਦੇ ਜਵਾਬ ਵਿਚ ਜੋ ਜਾਣਕਾਰੀ ਦਿਤੀ ਗਈ, ਉਸ ਮੁਤਾਬਕ ਯੂਪੀ ਵਿਚ ਕਈ ਔਰਤਾਂ ਹਰ ਹਫ਼ਤੇ ਇਕ ਬੱਚਾ ਪੈਦਾ ਕਰ ਸਕਦੀਆਂ ਹਨ ਤੇ ਸਾਲ ਵਿਚ 52 ਬੱਚੇ ਪੈਦਾ ਕਰਦੀਆਂ ਹਨ। ਹਰ ਔਰਤ ਨੂੰ ਬੱਚਾ ਜਨਣ ’ਤੇ 1400 ਰੁਪਏ ਮਿਲਦੇ ਹਨ ਤੇ ਆਰਟੀਆਈ ਮੁਤਾਬਕ ਕੁਝ ਹਜ਼ਾਰ ਔਰਤਾਂ ਨੇ ਜਿੰਨ੍ਹਾਂ ਦੇ ਖਾਤੇ ਵਿਚ ਹਰ ਹਫ਼ਤੇ ਇਹ 1400 ਰੁਪਏ ਪਾਏ ਜਾਂਦੇ ਹਨ। ਇਸ ਤਰ੍ਹਾਂ ਲਾਭਕਾਰੀ ਯੋਜਨਾ ਦਾ ਦੁਰਉਪਯੋਗ ਕੀਤਾ ਜਾ ਰਿਹਾ ਹੈ।
ਇਸ ਵੀਡੀਓ ਤੋਂ ਸਾਫ਼ ਹੈ ਕਿ ਰਾਹੁਲ ਗਾਂਧੀ ਇਕ ਰਾਸ਼ਟਰੀ ਯੋਜਨਾ ਦੇ ਯੂਪੀ ਵਿਚ ਹੁੰਦੇ ਦੁਰਉਪਯੋਗ ਬਾਰੇ ਗੱਲ ਕਰ ਰਹੇ ਸਨ ਪਰ ਉਸ ਵਾਇਰਲ 10 ਸੈਕੰਡ ਦੀ ਵੀਡੀਓ ਕੁਝ ਹੋਰ ਹੀ ਪੇਸ਼ ਕਰਦੀ ਹੈ। ਭਾਜਪਾ ਵਲੋਂ ਵਾਇਰਲ ਕੀਤਾ ਜਾ ਰਿਹਾ ਇਹ 10 ਸੈਕੰਡ ਦਾ ਵੀਡੀਓ ਝੂਠ ਹੈ।
ਰਵਿਜੋਤ ਕੌਰ