
‘ਕੋਰੋਨਾ ਵਾਇਰਸ’ ਦੀ ਅਸਲੀ ਚੁਨੌਤੀ ਹਾਲੇ ਬਾਕੀ,
ਨਵੀਂ ਦਿੱਲੀ, 24 ਅਪ੍ਰੈਲ: ਵਿਗਿਆਨੀਆਂ ਦਾ ਕਹਿਣਾ ਹੈ ਕਿ ਭਾਰਤ ਵਿਚ ਮਾਨਸੂਨ ਵਿਚ ਕੋਵਿਡ-19 ਮਹਾਮਾਰੀ ਦਾ ਦੂਜਾ ਦੌਰ ਸਾਹਮਣੇ ਆ ਸਕਦਾ ਹੈ ਜਦ ਲਾਗ ਦੇ ਮਾਮਲਿਆਂ ਦੀ ਗਿਣਤੀ ਵੱਧ ਸਕਦੀ ਹੈ। ਵਿਗਿਆਨੀਆਂ ਮੁਤਾਬਕ ਤਾਲਾਬੰਦੀ ਖ਼ਤਮ ਹੋਣ ਦੇ ਕੁੱਝ ਹਫ਼ਤਿਆਂ ਮਗਰੋਂ ਲਾਗ ਦੇ ਮਾਮਲਿਆਂ ਦੀ ਗਿਣਤੀ ਘੱਟ ਸਕਦੀ ਹੈ ਪਰ ਜੁਲਾਈ ਦੇ ਅੰਤ ਜਾਂ ਅਗੱਸਤ ਵਿਚ ਭਾਰਤ ਵਿਚ ਇਸ ਦਾ ਦੂਜਾ ਦੌਰ ਸਾਹਮਣੇ ਆ ਸਕਦਾ ਹੈ।
File photo
ਕਿਹਾ ਗਿਆ ਹੈ ਕਿ ਲਾਗ ਦਾ ਸਿਖਰ ’ਤੇ ਪਹੁੰਚਣਾ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਭਾਰਤ ਸਮਾਜਕ ਦੂਰੀ ਨੂੰ ਕਿਸ ਤਰ੍ਹਾਂ ਕੰਟਰੋਲ ਕਰਦਾ ਹੈ ਅਤੇ ਪਾਬੰਦੀਆਂ ਵਿਚ ਰਾਹਤ ਦੇਣ ਮਗਰੋਂ ਲਾਗ ਫੈਲਣ ਦਾ ਪੱਧਰ ਕਿੰਨਾ ਰਹਿੰਦਾ ਹੈ। ਸ਼ਿਵ ਨਾਦਰ ਯੂਨੀਵਰਸਿਟੀ ਦੇ ਗਣਿਤ ਵਿਭਾਗ ਦੇ ਸਹਾਇਕ ਪ੍ਰੋਫ਼ੈਸਰ ਸਮਿਤ ਭੱਟਾਚਾਰੀਆ ਨੇ ਕਿਹਾ, ‘ਸਪੱਸ਼ਟ ਤੌਰ ’ਤੇ ਦਿਸਦਾ ਹੈ ਕਿ ਨਵੇਂ ਮਾਮਲਿਆਂ ਦੇ ਵਧਣ ਦੀ ਦਰ ਸਥਿਰ ਹੋ ਗਈ ਹੈ ਅਤੇ ਇਹ ਹੌਲੀ ਹੌਲੀ ਹੇਠਾਂ ਵਲ ਜਾਵੇਗੀ ਸ਼ਾਇਦ ਕੁੱਝ ਹਫ਼ਤਿਆਂ ਜਾਂ ਮਹੀਨਿਆਂ ਵਿਚ। ਪਰ ਵਾਇਰਸ ਦੇ ਨਵੇਂ ਮਾਮਲਿਆਂ ਵਿਚ ਵਾਧਾ ਵੇਖਣ ਨੂੰ ਮਿਲ ਸਕਦਾ ਹੈ ਅਤੇ ਇਸ ਨੂੰ ਦੂਜਾ ਦੌਰ ਮੰਨਿਆ ਜਾਵੇਗਾ।’
File photo
ਦਿੱਲੀ ਦੇ ਸ੍ਰੀ ਗੰਗਾ ਰਾਮ ਹਸਪਤਾਲ ਦੇ ਫੇਫੜਿਆਂ ਦੇ ਸਰਜਨ ਡਾ. ਅਰਵਿੰਦ ਕੁਮਾਰ ਨੇ ਕਿਹਾ ਕਿ ਇਕ ਮਹੀਨੇ ਦਾ ਲਾਕਡਾਊਨ ਭਾਰਤ ਲਈ ਕਾਫ਼ੀ ਫ਼ਾਇਦੇਮੰਦ ਰਿਹਾ ਹੈ ਅਤੇ ਦੇਸ਼ ਅਮਰੀਕਾ ਜਾਂ ਯੂਰਪ ਜਿਹੇ ਹਾਲਾਤ ਵਿਚ ਪਹੁੰਚਣ ਤੋਂ ਬਚ ਗਿਆ। ਉਨ੍ਹਾਂ ਕਿਹਾ, ‘ਤਾਲਾਬੰਦੀ ਬਹੁਤ ਹੌਲੀ ਹੌਲੀ ਹਟਣੀ ਚਾਹੀਦੀ ਹੈ। ਸਕੂਲ, ਕਾਲਜ, ਮਾਲ, ਸਿਨੇਮਾਘਰ, ਧਾਰਮਕ ਸਥਾਨ ਅਤੇ ਬਾਜ਼ਾਰ ਮਈ ਵਿਚ ਵੀ ਬੰਦ ਰਹਿਣੇ ਚਾਹੀਦੇ ਹਨ।’
ਬੰਗਲੌਰ ਦੀ ਭਾਰਤੀ ਵਿਗਿਆਨ ਸੰਸਥਾ (ਆਈਆਈਐਸਸੀ) ਦੇ ਪ੍ਰੋਫ਼ੈਸਰ ਰਾਜੇਸ਼ ਸੁੰਰਦਰੇਸਨਨੇ ਕਿਹਾ, ‘ਜਦ ਅਸੀਂ ਆਮ ਗਤੀਵਿਧੀ ਦੇ ਦੌਰ ਵਿਚ ਮੁੜਾਂਗੇ ਤਾਂ ਉਸ ਵਕਤ ਅਜਿਹਾ ਖ਼ਦਸ਼ਾ ਰਹੇਗਾ ਕਿ ਲਾਗ ਦੇ ਮਾਮਲੇ ਇਕ ਵਾਰ ਫਿਰ ਵਧਣ ਲਗਣਗੇ। ਚੀਨ ਵਿਚ ਯਾਤਰਾ ਰੋਕਾਂ ਵਿਚ ਕੁੱਝ ਰਾਹਤ ਦੇਣ ਮਗਰੋਂ ਕੁੱਝ ਹੱਦ ਤਕ ਇਹ ਵੇਖਿਆ ਵੀ ਗਿਆ ਹੈ।’
ਬੰਗਲੌਰ ਅਤੇ ਮੁੰਬਈ ਨੂੰ ਨਮੂਨੇ ਮੰਨ ਕੇ ਕੀਤੇ ਗਏ ਸਰਵੇ ਵਿਚ ਵੇਖਿਆ ਗਿਆ ਹੈ ਕਿ ਲਾਗ ਦਾ ਦੂਜਾ ਦੌਰ ਵੇਖਣ ਨੂੰ ਮਿਲਗਾ ਅਤੇ ਲੋਕਾਂ ਦੀ ਸਿਹਤ ਦਾ ਖ਼ਤਰਾ ਬਣਿਆ ਰਹੇਗਾ। ਵਿਗਿਆਨੀਆਂ ਮੁਤਾਬਕ ਹੁਣ ਇਹ ਫ਼ੈਸਲਾ ਕਰਨਾ ਮੁਸ਼ਕਲ ਹੈ ਕਿ ਤਾਲਾਬੰਦੀ ਕਦੋਂ ਅਤੇ ਕਿਵੇਂ ਹਟਾਉਣੀ ਹੈ? ਜਦ ਤਕ ਵੈਕਸੀਨ ਆਵੇਗੀ ਤਦ ਤਕ ਚੌਕਸ ਰਹਿਣਾ ਪਵੇਗਾ। ਭੱਟਾਚਾਰੀਆ ਨੇ ਕਿਹਾ, ‘ਮਾਨਸੂਨ ਦੇ ਮਹੀਨੇ ਸਾਡੇ ਦੇਸ਼ ਵਿਚ ਬਹੁਤੀਆਂ ਥਾਵਾਂ ’ਤੇ ਫ਼ਲੂ ਦੇ ਮੌਸਮ ਦੇ ਵੀ ਹੁੰਦੇ ਹਨ। ਇਸ ਲਈ ਫ਼ਲੂ ਦੇ ਸ਼ੁਰੂਆਤੀ ਲੱਛਣਾਂ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ।’ (ਏਜੰਸੀ)
File photo
ਤਾਲਾਬੰਦੀ ਸਹੀ ਸਮੇਂ ’ਤੇ ਸਹੀ ਫ਼ੈਸਲਾ ਪਰ...
ਫ਼ੋਰਟਿਸ ਐਸਕਾਰਟਸ ਫ਼ਰੀਦਾਬਾਦ ਦੇ ਪਲਮੋਨੋਲੋਜੀ ਵਿਭਾਗ ਦੇ ਮੁਖੀ ਰਵੀ ਸ਼ੇਖ਼ਰ ਝਾਅ ਨੇ ਕਿਹਾ ਕਿ ਤਾਲਾਬੰਦੀ ਦਾ ਫ਼ੈਸਲਾ ਸਹੀ ਸਮੇਂ ਲਿਆ ਗਿਆ ਪਰ ਅਸਲੀ ਚੁਨੌਤੀ ਹਾਲੇ ਬਾਕੀ ਹੈ। ਉਨ੍ਹਾਂ ਕਿਹਾ ਕਿ ਸੱਭ ਤੋਂ ਪ੍ਰਭਾਵਤ ਇਲਾਕਿਆਂ ਦੀ ਪਛਾਣ ਕਰ ਕੇ ਉਥੇ ਸਿਰਫ਼ ਜ਼ਰੂਰੀ ਸੇਵਾਵਾਂ ਦੀ ਆਗਿਆ ਦਿਤੀ ਜਾਵੇ। ਉਨ੍ਹਾਂ ਕਿਹਾ ਕਿ ਇਕਦਮ ਸੱਭ ਕੁੱਝ ਖੋਲ੍ਹ ਦੇਣ ਨਾਲ ਸਮੱਸਿਆ ਹੋਰ ਗੰਭੀਰ ਹੋ ਕੇ ਸਾਹਮਣੇ ਆ ਸਕਦੀ ਹੈ।