
ਧੋਖਾਧੜੀ ਦਾ ਸ਼ਿਕਾਰ ਹੋਣ ’ਤੇ ਰਾਸ਼ਟਰੀ ਸਾਈਬਰ ਹੈਲਪਲਾਈਨ ਨੰਬਰ 1930 'ਤੇ ਕਰ ਸਕਦੇ ਹੋ ਸ਼ਿਕਾਇਤ
ਨਵੀਂ ਦਿੱਲੀ: ਆਮ ਲੋਕਾਂ ਨਾਲ ਠੱਗੀ ਮਾਰਨ ਲਈ ਸਾਈਬਰ ਠੱਗ ਹਰ ਰੋਜ਼ ਨਵੇਂ-ਨਵੇਂ ਤਰੀਕੇ ਅਪਣਾਉਂਦੇ ਹਨ। ਹੁਣ ਸਾਈਬਰ ਠੱਗਾਂ ਨੇ ਬਿਜਲੀ ਦੇ ਬਕਾਇਆ ਬਿੱਲਾਂ ਨੂੰ ਜ਼ਰੀਆ ਬਣਾ ਲਿਆ ਹੈ। ਇਸ 'ਚ ਸਾਈਬਰ ਠੱਗ ਲੋਕਾਂ ਨੂੰ ਮੈਸੇਜ ਭੇਜ ਕੇ ਦਿੱਤੇ ਗਏ ਨੰਬਰ 'ਤੇ ਸੰਪਰਕ ਕਰਨ ਲਈ ਕਹਿ ਰਹੇ ਹਨ। ਬਿਜਲੀ ਨਿਗਮ ਵੱਲੋਂ ਖਪਤਕਾਰਾਂ ਦੀ ਸਹੂਲਤ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਅਜਿਹੇ 'ਚ ਬਿਜਲੀ ਖਪਤਕਾਰਾਂ ਨੂੰ ਧੋਖਾਧੜੀ ਤੋਂ ਬਚਣ ਲਈ ਜਾਗਰੂਕ ਹੋਣਾ ਪਵੇਗਾ।
ਇਸ ਨੰਬਰ ਤੋਂ ਆਏਗਾ ਮੈਸੇਜ
ਸਾਈਬਰ ਕ੍ਰਾਈਮ ਯੂਨਿਟ ਪੰਚਕੂਲਾ ਅਤੇ ਬਿਜਲੀ ਨਿਗਮ ਵੱਲੋਂ ਜਾਰੀ ਐਡਵਾਈਜ਼ਰੀ ਵਿਚ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ। ਥੋੜ੍ਹੀ ਜਿਹੀ ਲਾਪਰਵਾਹੀ ਕਾਰਨ ਤੁਸੀਂ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋ ਸਕਦੇ ਹੋ। ਜੇਕਰ ਰਜਿਸਟਰਡ ’ਤੇ ਮੋਬਾਈਲ ਨੰਬਰ 93153 8095 ਤੋਂ ਮੈਸੇਜ ਆਉਂਦਾ ਹੈ ਤਾਂ ਇਸ ਨੰਬਰ ’ਤੇ ਸੰਪਰਕ ਨਾ ਕਰੋ। ਸੰਪਰਕ ਕਰਨ 'ਤੇ ਤੁਸੀਂ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋ ਸਕਦੇ ਹੋ। ਬਿਜਲੀ ਨਿਗਮ ਵੱਲੋਂ ਸਾਵਧਾਨ ਅਤੇ ਸੁਚੇਤ ਰਹਿਣ ਦਾ ਸੁਨੇਹਾ ਦਿੱਤਾ ਗਿਆ ਹੈ।
ਇਸ ਮੈਸੇਜ ਵਿਚ ਲਿਖਿਆ ਹੁੰਦਾ ਹੈ, “ਤੁਹਾਡਾ ਪਿਛਲੇ ਮਹੀਨੇ ਦਾ ਬਿਜਲੀ ਦਾ ਬਿੱਲ ਬਕਾਇਆ ਹੈ, ਇਸ ਲਈ ਰਾਤ 9.30 ਵਜੇ ਤੋਂ ਬਾਅਦ ਤੁਹਾਡੀ ਸਪਲਾਈ ਕੱਟ ਦਿੱਤੀ ਜਾਵੇਗੀ। ਤੁਰੰਤ ਸਾਡੇ ਬਿਜਲੀ ਦਫਤਰ ਨਾਲ ਸੰਪਰਕ ਕਰੋ”। ਸਾਈਬਰ ਠੱਗਾਂ ਵੱਲੋਂ ਅਜਿਹੇ ਮੈਸੇਜ ਭੇਜ ਕੇ ਲੋਕਾਂ ਨੂੰ ਧੋਖਾਧੜੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।
ਧੋਖਾਧੜੀ ਦਾ ਸ਼ਿਕਾਰ ਲੋਕ ਇਸ ਨੰਬਰ ’ਤੇ ਕਰੋ ਸੰਪਰਕ
ਬਿਜਲੀ ਨਿਗਮ ਦੇ ਐਸਡੀਓ ਜਗਾਧਰੀ ਨੀਲੇਸ਼ ਦੂਬੇ ਨੇ ਕਿਹਾ ਕਿ ਸਾਵਧਾਨੀ ਵਰਤਣ ਦੀ ਲੋੜ ਹੈ। ਜੇਕਰ ਕਿਸੇ ਨਾਲ ਵੀ ਇਸ ਤਰ੍ਹਾਂ ਦੀ ਸਾਈਬਰ ਧੋਖਾਧੜੀ ਹੁੰਦੀ ਹੈ। ਇਸ ਦੇ ਲਈ ਤੁਸੀਂ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ਦੀ ਵੈੱਬਸਾਈਟ www.cybercrime.gov.in 'ਤੇ ਰਜਿਸਟਰ ਕਰ ਸਕਦੇ ਹੋ। ਇਸ ਦੇ ਨਾਲ ਹੀ ਹੈੱਡਕੁਆਰਟਰ ਤੋਂ ਜਾਰੀ ਹੈਲਪਲਾਈਨ ਨੰਬਰ 1930 'ਤੇ ਵੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।