
ਫਹਮੀਦਾ ਹਸਨ ਨੇ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ਬਾਹਰ ਹਨੂੰਮਾਨ ਚਾਲੀਸਾ ਅਤੇ ਦੁਰਗਾ ਦਾ ਪਾਠ ਕਰਨਾ ਚਾਹੁੰਦੀ ਹੈ।
ਮੁੰਬਈ: ਮਹਾਰਾਸ਼ਟਰ 'ਚ ਹਨੂੰਮਾਨ ਚਾਲੀਸਾ ਨੂੰ ਲੈ ਕੇ ਵਿਵਾਦ ਜਾਰੀ ਹੈ। ਇਕ ਪਾਸੇ ਸੰਸਦ ਮੈਂਬਰ ਨਵਨੀਤ ਰਾਣਾ ਅਤੇ ਉਹਨਾਂ ਦੇ ਪਤੀ ਰਵੀ ਰਾਣਾ ਮੁੱਖ ਮੰਤਰੀ ਊਧਵ ਠਾਕਰੇ ਦੇ ਘਰ ਬਾਹਰ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਲਈ ਜੇਲ੍ਹ ਦੀ ਸਜ਼ਾ ਭੁਗਤ ਰਹੇ ਹਨ। ਦੂਜੇ ਪਾਸੇ ਹੁਣ ਇਸ ਵਿਵਾਦ ਵਿਚ NCP ਵਰਕਰ ਫਹਮੀਦਾ ਹਸਨ ਨੇ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ਬਾਹਰ ਹਨੂੰਮਾਨ ਚਾਲੀਸਾ ਅਤੇ ਦੁਰਗਾ ਦਾ ਪਾਠ ਕਰਨਾ ਚਾਹੁੰਦੀ ਹੈ।
ਇਸ ਸਬੰਧੀ ਉਹਨਾਂ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਇਜਾਜ਼ਤ ਅਤੇ ਸਮਾਂ ਮੰਗਿਆ ਹੈ। ਦੱਸ ਦੇਈਏ ਕਿ ਫਹਮੀਦਾ ਹਸਨ ਦੇ ਨਾਲ ਸੈਂਕੜੇ ਲੋਕ ਮੁੰਬਈ ਵਿਚ ਪ੍ਰਧਾਨ ਮੰਤਰੀ ਨਿਵਾਸ ਦੇ ਬਾਹਰ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਲਈ ਤਿਆਰ ਹਨ। ਉਹਨਾਂ ਨੇ ਪੱਤਰ ਟਵਿਟਰ ’ਤੇ ਸ਼ੇਅਰ ਵੀ ਕੀਤਾ ਹੈ।
ਫਹਮੀਦਾ ਹਸਨ ਨੇ ਦੱਸਿਆ ਕਿ ਉਹ ਹਮੇਸ਼ਾ ਆਪਣੇ ਘਰ ਹਨੂੰਮਾਨ ਚਾਲੀਸਾ ਅਤੇ ਦੁਰਗਾ ਪੂਜਾ ਕਰਦੀ ਹੈ। ਪਰ ਜਿਸ ਤਰ੍ਹਾਂ ਦੇਸ਼ ਵਿਚ ਮਹਿੰਗਾਈ ਅਤੇ ਬੇਰੁਜ਼ਗਾਰੀ ਵਧ ਰਹੀ ਹੈ। ਇਸ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨੀਂਦ ਤੋਂ ਜਗਾਉਣਾ ਜ਼ਰੂਰੀ ਹੋ ਗਿਆ ਹੈ। ਫਹਮੀਦਾ ਦਾ ਕਹਿਣਾ ਹੈ ਕਿ ਜੇਕਰ ਰਵੀ ਰਾਣਾ ਅਤੇ ਨਵਨੀਤ ਰਾਣਾ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੀ ਰਿਹਾਇਸ਼ ਦੇ ਬਾਹਰ ਹਨੂੰਮਾਨ ਚਾਲੀਸਾ ਪੜ੍ਹ ਕੇ ਮਹਾਰਾਸ਼ਟਰ ਨੂੰ ਫਾਇਦਾ ਹੁੰਦਾ ਦਿਖ ਰਿਹਾ ਹੈ ਤਾਂ ਦੇਸ਼ ਦੇ ਭਲੇ ਲਈ ਪ੍ਰਧਾਨ ਮੰਤਰੀ ਮੋਦੀ ਦੀ ਰਿਹਾਇਸ਼ 'ਤੇ ਹਨੂੰਮਾਨ ਚਾਲੀਸਾ ਅਤੇ ਪਾਠ ਕਰਨਾ ਜ਼ਰੂਰੀ ਹੈ।