
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅੱਜ ਹੋਈ ਮੁਲਾਕਾਤ ਨੇ ਸਿਆਸੀ ਹਲਕਿਆਂ ਵਿਚ ਕਿਆਸਿਆਂ ਦਾ ਨਵਾਂ ...
ਸ਼ਾਂਤੀਨਿਕੇਤਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅੱਜ ਹੋਈ ਮੁਲਾਕਾਤ ਨੇ ਸਿਆਸੀ ਹਲਕਿਆਂ ਵਿਚ ਕਿਆਸਿਆਂ ਦਾ ਨਵਾਂ ਦੌਰ ਸ਼ੁਰੂ ਕਰ ਦਿਤਾ ਹੈ। ਕਰਨਾਟਕ ਵਿਖੇ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ 'ਚ ਵਿਰੋਧੀ ਧਿਰ ਦੇ ਭਾਰੀ ਇਕੱਠ 'ਚ ਪ੍ਰਮੁੱਖ ਰਹੀ ਮਮਤਾ ਬੈਨਰਜੀ ਨਾਲ ਅੱਜ ਪ੍ਰਧਾਨ ਮੰਤਰੀ ਦੀ ਮੁਲਾਕਾਤ ਅਤੇ ਫਿਰ ਮੰਚ ਸਾਂਝਾ ਕਰਨ ਦੌਰਾਨ ਦੋਹਾਂ ਵਿਚਕਾਰ ਗਰਮਜੋਸ਼ੀ ਭਰੀ ਮੁਲਾਕਾਤ ਨੇ ਵੱਖ-ਵੱਖ ਤਰ੍ਹਾਂ ਦੇ ਕਿਆਸਿਆਂ ਨੂੰ ਵੀ ਜਨਮ ਦੇ ਦਿਤਾ ਹੈ।
ਵੱਖ-ਵੱਖ ਮੁੱਦਿਆਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਿੱਖੀ ਆਲੋਚਨਾ ਕਰਨ ਵਾਲੀ ਮਮਤਾ ਬੈਨਰਜੀ ਪ੍ਰਧਾਨ ਮੰਤਰੀ ਨਾਲ ਵਿਸ਼ਵ ਭਾਰਤੀ ਯੂਨੀਵਰਸਿਟੀ ਦੇ ਡਿਗਰੀ ਵੰਡ ਸਮਾਗਮ ਵਿਚ ਮੰਚ 'ਤੇ ਮੌਜੂਦ ਰਹੀ। ਪ੍ਰਧਾਨ ਮੰਤਰੀ ਅੱਜ ਪਛਮੀ ਬੰਗਾਲ ਦੇ ਦੌਰੇ 'ਤੇ ਸਨ। ਰਾਜਪਾਲ ਕੇਸਰੀਨਾਥ ਤ੍ਰਿਪਾਠੀ ਅਤੇ ਕੇਂਦਰੀ ਮੰਤਰੀ ਬਾਬੁਲ ਸੁਪਰਿਉ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਇਸ ਤੋਂ ਬਾਅਦ ਮੋਦੀ ਸ਼ਾਂਤੀਨਿਕੇਤਨ ਲਈ ਹੈਲੀਕਾਪਟਰ ਰਾਹੀਂ ਚਲੇ ਗਏ। ਸ਼ਾਂਤੀਨਿਕੇਤਨ ਵਿਚ ਮੋਦੀ ਦਾ ਸਵਾਗਤ ਕਰਨ ਮਮਤਾ ਬੈਨਰਜੀ ਵੀ ਪੁੱਜੀ ਜਿਥੇ ਹੈਲੀਪੈਡ 'ਤੇ ਵਿਲੱਖਣ ਨਜ਼ਾਰਾ ਦਿਸਿਆ। ਮਮਤਾ ਬੈਨਰਜੀ ਪ੍ਰਧਾਨ ਮੰਤਰੀ ਦਾ ਸਵਾਗਤ ਕਰਨ ਤੇਜ਼ੀ ਨਾਲ ਉਨ੍ਹਾਂ ਵਲ ਆ ਰਹੀ ਸੀ ਹਾਲਾਂਕਿ ਮੋਦੀ ਜਹਾਜ਼ ਵਿਚੋਂ ਉਤਰ ਕੇ ਕੁੱਝ ਦੂਰ ਪੈਦਲ ਚੱਲ ਚੁੱਕੇ ਸਨ। ਇਸੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਵੇਖਿਆ ਕਿ ਹੈਲੀਪੈਡ ਲਾਗੇ ਹੀ ਚਿੱਕੜ ਪਿਆ ਹੈ।
ਮੋਦੀ ਨੇ ਤੇਜ਼ੀ ਨਾਲ ਅੱਗੇ ਵਧ ਕੇ ਹੱਥ ਦੇ ਇਸ਼ਾਰੇ ਨਾਲ ਮਮਤਾ ਬੈਨਰਜੀ ਨੂੰ ਰੁਕਣ ਲਈ ਕਿਹਾ ਹਾਲਾਂਕਿ ਮਮਤਾ ਰੁਕੀ ਨਹੀਂ ਪਰ ਉਨ੍ਹਾਂ ਚਿੱਕੜ ਵੇਖ ਕੇ ਅਪਣਾ ਰਸਤਾ ਜ਼ਰੂਰ ਬਦਲ ਲਿਆ। ਦੋਹਾਂ ਦੀ ਮੁਲਾਕਾਤ ਬਾਰੇ ਸੋਸ਼ਲ ਮੀਡੀਆ ਵਿਚ ਅਲੱਗ ਅਲੱਗ ਵਿਚਾਰ, ਵਿਅੰਗ ਅਤੇ ਟਿਪਣੀਆਂ ਵੇਖਣ ਨੂੰ ਮਿਲੀਆਂ। ਕੁੱਝ ਲੋਕਾਂ ਨੇ ਕਿਹਾ ਕਿ 2019 ਦੀਆਂ ਆਮ ਚੋਣਾਂ ਦੇ ਸਨਮੁਖ ਦੋਹਾਂ ਆਗੂਆਂ ਦੀ ਮੁਲਾਕਾਤ ਕਾਫ਼ੀ ਕੁੱਝ ਕਹਿੰਦੀ ਹੈ।
ਕੁੱਝ ਲੋਕਾਂ ਨੇ ਹੈਰਾਨੀ ਪ੍ਰਗਟਾਈ ਕਿ ਕੀ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦੀ ਮੁਲਾਕਾਤ ਦਾ ਮਤਲਬ ਹੈ ਕਿ ਦੋਹਾਂ ਵਿਚਕਾਰ ਕੋਈ ਸਿਆਸੀ ਸਮਝ ਬਣ ਚੁੱਕੀ ਹੈ। ਟਵਿੱਟਰ 'ਤੇ ਇਕ ਪ੍ਰਯੋਗਕਰਤਾ ਨੇ ਕਿਹਾ, ''ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਜਦੋਂ ਇਕੱਠੇ ਸਨ ਤਾਂ ਉਨ੍ਹਾਂ ਦੇ ਹਾਵ-ਭਾਵ ਦੁਸ਼ਮਣਾਂ ਵਰਗੇ ਨਹੀਂ ਬਲਕਿ ਦੋਸਤਾਨਾ ਸਨ। ਇਹੀ ਗੱਲ ਮੈਂ ਨਿਤੀਸ਼ ਕੁਮਾਰ ਅਤੇ ਪ੍ਰਧਾਨ ਮੰਤਰੀ ਮੋਦੀ ਬਾਰੇ ਵੀ ਕਹੀ ਸੀ ਜਿਸ ਤੋਂ ਕੁੱਝ ਦੇਰ ਬਾਅਦ ਦੋਵੇਂ ਇਕੱਠੇ ਹੋ ਗਏ ਸਨ।''
ਹਾਲਾਂਕਿ ਕੁੱਝ ਲੋਕਾਂ ਦਾ ਕਹਿਣਾ ਸੀ ਕਿ ਮਮਤਾ ਬੈਨਰਜੀ ਮੋਦੀ ਦੇ ਹੈਲੀਕਾਪਟਰ ਤੋਂ ਉਤਰਨ ਤੋਂ ਬਾਅਦ ਪੁੱਜ ਕੇ ਪ੍ਰਧਾਨ ਮੰਤਰੀ ਦੀ ਬੇਇੱਜ਼ਤੀ ਕੀਤੀ ਹੈ। ਟਵਿੱਟਰ 'ਤੇ ਇਕ ਪ੍ਰਯੋਗਕਰਤਾ ਨੇ ਲਿਖਿਆ ਹੈ, ''ਮਮਤਾ ਦੀ ਆਕੜ? ਪ੍ਰਧਾਨ ਮੰਤਰੀ ਹੈਲੀਕਾਪਟਰ ਤੋਂ ਉਤਰੇ ਅਤੇ ਮਮਤਾ ਲਈ ਉਡੀਕ ਕੀਤੀ। ਆਮ ਤੌਰ ਤੇ ਮੁੱਖ ਮੰਤਰੀ ਪਹਿਲਾਂ ਹੀ ਆ ਕੇ ਪ੍ਰਧਾਨ ਮੰਤਰੀ ਦੀ ਉਡੀਕ ਕਰਦੇ ਹਨ।'' ਜਦਕਿ ਇਕ ਹੋਰ ਵਿਅਕਤੀ ਟਵੀਟ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਸਵਾਗਤ ਲਈ ਮੁੱਖ ਮੰਤਰੀ ਦੇਰ ਨਾਲ ਆਉਣਾ ਪ੍ਰੋਟੋਕਾਲ ਦੀ ਉਲੰਘਣਾ ਹੈ। (ਏਜੰਸੀਆਂ)