
ਘਰੇਲੂ ਹਵਾਈ ਸੇਵਾ ਦੇਸ਼ ਵਿਚ ਸੋਮਵਾਰ ਤੋਂ ਸ਼ੁਰੂ ਹੋ ਰਹੀ ਹੈ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਅੰਤਰਰਾਸ਼ਟਰੀ ਉਡਾਣਾਂ ਵੀ ਜਲਦੀ ਹੀ ਸ਼ੁਰੂ ਹੋ ਸਕਦੀਆਂ ਹਨ।
ਨਵੀਂ ਦਿੱਲੀ, 24 ਮਈ : ਘਰੇਲੂ ਹਵਾਈ ਸੇਵਾ ਦੇਸ਼ ਵਿਚ ਸੋਮਵਾਰ ਤੋਂ ਸ਼ੁਰੂ ਹੋ ਰਹੀ ਹੈ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਅੰਤਰਰਾਸ਼ਟਰੀ ਉਡਾਣਾਂ ਵੀ ਜਲਦੀ ਹੀ ਸ਼ੁਰੂ ਹੋ ਸਕਦੀਆਂ ਹਨ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਸਰਕਾਰ ਨੂੰ ਉਮੀਦ ਹੈ ਕਿ ਅੰਤਰਰਾਸ਼ਟਰੀ ਉਡਾਣਾਂ ਅਗੱਸਤ-ਸਤੰਬਰ ਤੋਂ ਪਹਿਲਾਂ ਮੁੜ ਸ਼ੁਰੂ ਹੋਣਗੀਆਂ। ਕੋਰੋਨਾ ਵਾਇਰਸ ਦੇ ਮਹਾਂਮਾਰੀ ਨਾਲ ਨਜਿੱਠਣ ਲਈ 22 ਮਾਰਚ ਤੋਂ ਭਾਰਤ ਲਈ ਅੰਤਰਰਾਸ਼ਟਰੀ ਉਡਾਣਾਂ ਰੋਕੀਆਂ ਗਈਆਂ ਸਨ। ਦੇਸ਼ ਵਿਚ ਐਲਾਨੀ ਤਾਲਾਬੰਦੀ ਦੇ ਨਾਲ ਹੀ ਘਰੇਲੂ ਉਡਾਣਾਂ ਉਤੇ ਵੀ ਪਾਬੰਦੀ ਲਗਾਈ ਗਈ ਸੀ। ਹੁਣ ਸਿਹਤ ਮੰਤਰਾਲੇ ਨੇ ਵਿਦੇਸ਼ਾਂ ਤੋਂ ਆਉਣ ਵਾਲਿਆਂ ਲਈ ਇਕ ਗਾਈਡਲਾਈਨ ਜਾਰੀ ਕੀਤੀ ਹੈ। ਗਾਈਡਲਾਈਨ ਮੁਤਾਬਕ ਵਿਦੇਸ਼ ਤੋਂ ਪਰਤਣ ਵਾਲਿਆਂ ਨੂੰ 14 ਦਿਨਾਂ ਲਈ ਕੁਆਰੰਟੀਨ ਵਿਚ ਰਹਿਣਾ ਹੋਵੇਗਾ। (ਏਜੰਸੀ)
ਇੰਜ ਹੋਣਗੀਆਂ ਸ਼ਰਤਾਂ
1. ਫ਼ਲਾਈਟ ਵਿਚ ਸਵਾਰ ਹੋਣ ਤੋਂ ਪਹਿਲਾਂ, ਯਾਤਰੀਆਂ ਨੂੰ ਲਿਖਤੀ ਰੂਪ ਵਿਚ ਲਿਖ ਕੇ ਦੇਣਾ ਪਏਗਾ ਕਿ ਉਨ੍ਹਾਂ ਨੂੰ 14 ਦਿਨਾਂ ਲਈ ਕੁਆਰੰਟੀਨ ਵਿਚ ਰਹਿਣਾ ਪਏਗਾ। ਇਸ ਦੇ ਤਹਿਤ ਪਹਿਲੇ 7 ਦਿਨਾਂ ਦੀ ਕੁਆਰੰਟੀਨ ਸਰਕਾਰ ਵਲੋਂ ਕੀਤੀ ਜਾਏਗੀ, ਜਿਸ ਦਾ ਖ਼ਰਚਾ ਖ਼ੁਦ ਯਾਤਰੀਆਂ ਨੂੰ ਭੁਗਤਣਾ ਪਏਗਾ। ਇਸ ਤੋਂ ਬਾਅਦ ਅਗਲੇ ਸੱਤ ਦਿਨਾਂ ਤਕ ਕੁਆਰੰਟੀਨ ਤਹਿਤ ਘਰ ਵਿੱਚ ਰਹਿਣਾ ਹੋਵੇਗਾ।
2. ਕੁੱਝ ਸ਼ਰਤਾਂ ਨਾਲ 14 ਦਿਨਾਂ ਲਈ ਹੋਮ ਕੁਆਰੰਟੀਨ ਵਿਚ ਰਹਿਣ ਦੀ ਇਜਾਜ਼ਤ ਦਿਤੀ ਜਾ ਸਕਦੀ ਹੈ। ਇਹ ਇਜਾਜ਼ਤ ਉਨ੍ਹਾਂ ਲੋਕਾਂ ਨੂੰ ਦਿਤੀ ਜਾਵੇਗੀ, ਜੋ ਗੰਭੀਰ ਰੂਪ ਤੋਂ ਬਿਮਾਰ ਹਨ। ਅਜਿਹੇ ਲੋਕਾਂ ਨੂੰ ਆਰੋਗ ਸੇਤੂ ਐਪ ਹਰ ਹਾਲ ਵਿਚ ਡਾਊਨਲੋਡ ਕਰਨੀ ਪਵੇਗੀ।
3. ਸਾਰੀਆਂ ਸ਼ਰਤਾਂ ਫ਼ਲਾਈਟ, ਸ਼ਿਪ ਅਤੇ ਪੈਦਲ, ਸਾਰੇ ਯਾਤਰੀਆਂ ਉਤੇ ਲਾਗੂ ਹੋਵੇਗੀ। ਕੋਰੋਨਾ ਪਾਜ਼ੇਟਿਵ ਜਾਂ ਇਸ ਦੇ ਲੱਛਣ ਵਾਲੇ ਯਾਤਰੀਆਂ ਨੂੰ ਆਉਣ ਦੀ ਆਗਿਆ ਨਹੀਂ ਦਿਤੀ ਜਾਵੇਗੀ।
4. ਰਾਜ ਸਰਕਾਰ ਵੀ ਵਿਦੇਸ਼ ਤੋਂ ਪਰਤਣ ਵਾਲੇ ਯਾਤਰੀਆਂ ਲਈ ਗਾਈਡਲਾਈਨ ਤਿਆਰ ਕਰ ਸਕਦੀ ਹੈ।
5. ਦੇਸ਼ ਵਿਚ ਪਰਤਦਿਆਂ ਹੀ ਯਾਤਰੀਆਂ ਦੀ ਥਰਮਲ ਸਕਰੀਨਿੰਗ ਕੀਤੀ ਜਾਵੇਗੀ। ਕੋਈ ਵੀ ਲੱਛਣ ਸਾਹਮਣੇ ਆਉਣ ਉਤੇ ਉਨ੍ਹਾਂ ਨੂੰ ਤੁਰਤ ਹਸਪਤਾਲ ਵਿਚ ਭਰਤੀ ਕੀਤਾ ਜਾਵੇਗਾ।
6. ਹਲਕੇ ਲੱਛਣ ਵਾਲਿਆਂ ਨੂੰ ਕੁਆਰੰਟੀਨ ਸੈਂਟਰ ਵਿਚ ਭੇਜ ਦਿਤਾ ਜਾਵੇਗਾ।
7. ਜ਼ਿਆਦਾ ਲੱਛਣ ਵਾਲਿਆਂ ਨੂੰ ਤੁਰਤ ਕੋਰੋਨਾ ਦੇ ਸਪੈਸ਼ਲ ਵਾਰਡ ਵਿਚ ਭੇਜ ਦਿਤਾ ਜਾਵੇਗਾ।