Ajj da Hukamnama Sri Darbar Sahib: ਬਿਹਾਗੜਾ ਮਹਲਾ ੪ ॥ ਹਉ ਬਲਿਹਾਰੀ ਤਿਨ੍ਹ੍ਹ ਕਉ ਮੇਰੀ ਜਿੰਦੁੜੀਏ ਜਿਨ੍ਹ੍ਹ ਹਰਿ ਹਰਿ ਨਾਮੁ ਅਧਾਰੋ ਰਾਮ ॥
Ajj da Hukamnama Sri Darbar Sahib: ਬਿਹਾਗੜਾ ਮਹਲਾ ੪ ॥ ਹਉ ਬਲਿਹਾਰੀ ਤਿਨ੍ਹ੍ਹ ਕਉ ਮੇਰੀ ਜਿੰਦੁੜੀਏ ਜਿਨ੍ਹ੍ਹ ਹਰਿ ਹਰਿ ਨਾਮੁ ਅਧਾਰੋ ਰਾਮ ॥
ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਮੇਰੀ ਜਿੰਦੁੜੀਏ ਬਿਖੁ ਭਉਜਲੁ ਤਾਰਣਹਾਰੋ ਰਾਮ ॥
ਜਿਨ ਇਕ ਮਨਿ ਹਰਿ ਧਿਆਇਆ ਮੇਰੀ ਜਿੰਦੁੜੀਏ ਤਿਨ ਸੰਤ ਜਨਾ ਜੈਕਾਰੋ ਰਾਮ ॥
ਨਾਨਕ ਹਰਿ ਜਪਿ ਸੁਖੁ ਪਾਇਆ ਮੇਰੀ ਜਿੰਦੁੜੀਏ ਸਭਿ ਦੂਖ ਨਿਵਾਰਣਹਾਰੋ ਰਾਮ ॥੧॥
ਸਾ ਰਸਨਾ ਧਨੁ ਧੰਨੁ ਹੈ ਮੇਰੀ ਜਿੰਦੁੜੀਏ ਗੁਣ ਗਾਵੈ ਹਰਿ ਪ੍ਰਭ ਕੇਰੇ ਰਾਮ ॥
ਤੇ ਸ੍ਰਵਨ ਭਲੇ ਸੋਭਨੀਕ ਹਹਿ ਮੇਰੀ ਜਿੰਦੁੜੀਏ ਹਰਿ ਕੀਰਤਨੁ ਸੁਣਹਿ ਹਰਿ ਤੇਰੇ ਰਾਮ ॥
ਸੋ ਸੀਸੁ ਭਲਾ ਪਵਿਤ੍ਰ ਪਾਵਨੁ ਹੈ ਮੇਰੀ ਜਿੰਦੁੜੀਏ ਜੋ ਜਾਇ ਲਗੈ ਗੁਰ ਪੈਰੇ ਰਾਮ ॥
ਗੁਰ ਵਿਟਹੁ ਨਾਨਕੁ ਵਾਰਿਆ ਮੇਰੀ ਜਿੰਦੁੜੀਏ ਜਿਨਿ ਹਰਿ ਹਰਿ ਨਾਮੁ ਚਿਤੇਰੇ ਰਾਮ ॥੨॥
ਤੇ ਨੇਤ੍ਰ ਭਲੇ ਪਰਵਾਣੁ ਹਹਿ ਮੇਰੀ ਜਿੰਦੁੜੀਏ ਜੋ ਸਾਧੂ ਸਤਿਗੁਰੁ ਦੇਖਹਿ ਰਾਮ ॥
ਤੇ ਹਸਤ ਪੁਨੀਤ ਪਵਿਤ੍ਰ ਹਹਿ ਮੇਰੀ ਜਿੰਦੁੜੀਏ ਜੋ ਹਰਿ ਜਸੁ ਹਰਿ ਹਰਿ ਲੇਖਹਿ ਰਾਮ ॥
ਤਿਸੁ ਜਨ ਕੇ ਪਗ ਨਿਤ ਪੂਜੀਅਹਿ ਮੇਰੀ ਜਿੰਦੁੜੀਏ ਜੋ ਮਾਰਗਿ ਧਰਮ ਚਲੇਸਹਿ ਰਾਮ ॥
ਨਾਨਕੁ ਤਿਨ ਵਿਟਹੁ ਵਾਰਿਆ ਮੇਰੀ ਜਿੰਦੁੜੀਏ ਹਰਿ ਸੁਣਿ ਹਰਿ ਨਾਮੁ ਮਨੇਸਹਿ ਰਾਮ ॥੩॥
ਧਰਤਿ ਪਾਤਾਲੁ ਆਕਾਸੁ ਹੈ ਮੇਰੀ ਜਿੰਦੁੜੀਏ ਸਭ ਹਰਿ ਹਰਿ ਨਾਮੁ ਧਿਆਵੈ ਰਾਮ ॥
ਪਉਣੁ ਪਾਣੀ ਬੈਸੰਤਰੋ ਮੇਰੀ ਜਿੰਦੁੜੀਏ ਨਿਤ ਹਰਿ ਹਰਿ ਹਰਿ ਜਸੁ ਗਾਵੈ ਰਾਮ ॥
ਵਣੁ ਤ੍ਰਿਣੁ ਸਭੁ ਆਕਾਰੁ ਹੈ ਮੇਰੀ ਜਿੰਦੁੜੀਏ ਮੁਖਿ ਹਰਿ ਹਰਿ ਨਾਮੁ ਧਿਆਵੈ ਰਾਮ ॥
ਨਾਨਕ ਤੇ ਹਰਿ ਦਰਿ ਪੈਨ੍ਹ੍ਹਾਇਆ ਮੇਰੀ ਜਿੰਦੁੜੀਏ ਜੋ ਗੁਰਮੁਖਿ ਭਗਤਿ ਮਨੁ ਲਾਵੈ ਰਾਮ ॥੪॥੪॥
ਅਰਥ: ਹੇ ਮੇਰੀ ਸੋਹਣੀ ਜਿੰਦੇ! ਮੈਂ ਉਹਨਾਂ ਤੋਂ ਕੁਰਬਾਨ ਹਾਂ ਜਿਨ੍ਹਾਂ ਨੇ ਪਰਾਮਤਮਾ ਦੇ ਨਾਮ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ ਬਣਾ ਲਿਆ ਹੈ। ਹੇ ਮੇਰੀ ਸੋਹਣੀ ਜਿੰਦੇ! ਗੁਰੂ ਨੇ, ਸਤਿਗੁਰੂ ਨੇ ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕੀ ਤਰ੍ਹਾਂ ਟਿਕਾ ਦਿੱਤਾ ਹੈ। ਗੁਰੂ (ਮਾਇਆ ਦੇ ਮੋਹ ਦੇ) ਜ਼ਹਿਰ (-ਭਰੇ) ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੀ ਸਮਰੱਥਾ ਰੱਖਦਾ ਹੈ। ਹੇ ਮੇਰੀ ਸੋਹਣੀ ਜਿੰਦੇ! ਜਿਨ੍ਹਾਂ ਸੰਤ ਜਨਾਂ ਨੇ ਇਕ-ਮਨ ਹੋ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹਨਾਂ ਦੀ (ਹਰ ਥਾਂ) ਸੋਭਾ-ਵਡਿਆਈ ਹੁੰਦੀ ਹੈ। ਹੇ ਨਾਨਕ ਜੀ! ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦਾ ਨਾਮ ਜਪ ਕੇ ਸੁਖ ਮਿਲ ਜਾਂਦਾ ਹੈ, ਹਰਿ-ਨਾਮ ਸਾਰੇ ਦੁੱਖ ਦੂਰ ਕਰਨ ਦੀ ਸਮਰੱਥਾ ਵਾਲਾ ਹੈ ॥੧॥ ਹੇ ਮੇਰੀ ਸੋਹਣੀ ਜਿੰਦੇ! ਉਹ ਜੀਭ ਭਾਗਾਂ ਵਾਲੀ ਹੈ ਮੁਬਾਰਿਕ ਹੈ, ਜੇਹੜੀ (ਸਦਾ) ਪਰਾਮਤਮਾ ਦੇ ਗੁਣ ਗਾਂਦੀ ਰਹਿੰਦੀ ਹੈ। ਹੇ ਮੇਰੀ ਸੋਹਣੀ ਜਿੰਦੇ! ਹੇ ਪ੍ਰਭੂ! ਉਹ ਕੰਨ ਸੋਹਣੇ ਹਨ ਚੰਗੇ ਹਨ ਜੇਹੜੇ ਤੇਰੇ ਕੀਰਤਨ ਸੁਣਦੇ ਰਹਿੰਦੇ ਹਨ। ਹੇ ਮੇਰੀ ਸੋਹਣੀ ਜਿੰਦੇ! ਉਹ ਸਿਰ ਭਾਗਾਂ ਵਾਲਾ ਹੈ ਪਵਿਤ੍ਰ ਹੈ, ਜੇਹੜਾ ਗੁਰੂ ਦੇ ਚਰਨਾਂ ਵਿਚ ਜਾ ਲੱਗਦਾ ਹੈ। ਹੇ ਮੇਰੀ ਸੋਹਣੀ ਜਿੰਦੇ! ਨਾਨਕ ਜੀ (ਉਸ) ਗੁਰੂ ਤੋਂ ਕੁਰਬਾਨ ਜਾਂਦੇ ਹਨ ਜਿਸ ਨੇ ਪਰਮਾਤਮਾ ਦਾ ਨਾਮ ਚੇਤੇ ਕਰਾਇਆ ਹੈ ॥੨॥ ਹੇ ਮੇਰੀ ਸੋਹਣੀ ਜਿੰਦੇ! ਉਹ ਅੱਖਾਂ ਭਲੀਆਂ ਹਨ ਸਫਲ ਹਨ ਜੋ ਗੁਰੂ ਦਾ ਦਰਸਨ ਕਰਦੀਆਂ ਰਹਿੰਦੀਆਂ ਹਨ। ਹੇ ਮੇਰੀ ਸੋਹਣੀ ਜਿੰਦੇ! ਉਹ ਹੱਥ ਪਵਿਤ੍ਰ ਹਨ ਜੇਹੜੇ ਪਰਮਾਤਮਾ ਦੀ ਸਿਫ਼ਤ-ਸਾਲਾਹ ਲਿਖਦੇ ਰਹਿੰਦੇ ਹਨ। ਹੇ ਮੇਰੀ ਸੋਹਣੀ ਜਿੰਦੇ! ਉਸ ਮਨੁੱਖ ਦੇ (ਉਹ) ਪੈਰ ਸਦਾ ਪੂਜੇ ਜਾਂਦੇ ਹਨ ਜੇਹੜੇ (ਪੈਰ) ਧਰਮ ਦੇ ਰਾਹ ਉਤੇ ਤੁਰਦੇ ਰਹਿੰਦੇ ਹਨ। ਹੇ ਮੇਰੀ ਸੋਹਣੀ ਜਿੰਦੇ! ਨਾਨਕ ਜੀ ਉਹਨਾਂ (ਵਡ-ਭਾਗੀ) ਮਨੁੱਖਾਂ ਤੋਂ ਕੁਰਬਾਨ ਜਾਂਦੇ ਹਨ ਜੇਹੜੇ ਪਰਮਾਤਮਾ ਦਾ ਨਾਮ ਸੁਣ ਕੇ ਨਾਮ ਨੂੰ ਮੰਨਦੇ ਹਨ (ਜੀਵਨ* *ਅਧਾਰ ਬਣਾ ਲੈਂਦੇ ਹਨ) ॥੩॥ ਹੇ ਮੇਰੀ ਸੋਹਣੀ ਜਿੰਦੇ! ਧਰਤੀ, ਪਾਤਾਲ, ਆਕਾਸ਼-ਹਰੇਕ ਹੀ ਪਰਮਾਤਮਾ ਦਾ ਨਾਮ ਸਿਮਰ ਰਿਹਾ ਹੈ। ਹੇ ਮੇਰੀ ਸੋਹਣੀ ਜਿੰਦੇ! ਹਵਾ ਪਾਣੀ, ਅੱਗ-ਹਰੇਕ ਤੱਤ ਭੀ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾ ਰਿਹਾ ਹੈ। ਹੇ ਮੇਰੀ ਸੋਹਣੀ ਜਿੰਦੇ! ਜੰਗਲ, ਘਾਹ, ਇਹ ਸਾਰਾ ਦਿੱਸਦਾ ਸੰਸਾਰ-ਆਪਣੇ ਮੂੰਹ ਨਾਲ ਹਰੇਕ ਹੀ ਪਰਮਾਤਮਾ ਦਾ ਨਾਮ ਜਪ ਰਿਹਾ ਹੈ। ਹੇ ਨਾਨਕ ਜੀ! ਹੇ ਮੇਰੀ ਸੋਹਣੀ ਜਿੰਦੇ! ਜੇਹੜਾ ਜੇਹੜਾ ਜੀਵ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਭਗਤੀ ਵਿਚ ਆਪਣਾ ਮਨ ਜੋੜਦਾ ਹੈ, ਉਹ ਸਾਰੇ ਪਰਾਮਤਮਾ ਦੇ ਦਰ ਤੇ ਸਤਕਾਰੇ ਜਾਂਦੇ ਹਨ ॥੪॥੪॥
