
ਅੱਧਾ ਖਰਚ ਪਤੰਜਲੀ ਅਤੇ ਅੱਧਾ ਸੂਬਾ ਸਰਕਾਰ ਦਾ ਕੋਵਿਡ ਰਾਹਤ ਫੰਡ ਸਹਿਣ ਕਰੇਗਾ।
ਹਰਿਆਣਾ - ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਸੂਬੇ 'ਚ ਕੋਰੋਨਾ ਮਰੀਜ਼ਾਂ ਦੇ ਜਲਦ ਸਿਹਤਮੰਦ ਹੋਣ ਲਈ ਪਤੰਜਲੀ ਦੀਆਂ ਇਕ ਲੱਖ ਕੋਰੋਨਿਲ ਕਿੱਟਾਂ ਮੁਫ਼ਤ ਵੰਡੀਆਂ ਜਾਣਗੀਆਂ। ਵਿਜ ਨੇ ਇਹ ਜਾਣਕਾਰੀ ਟਵੀਟ ਕਰ ਕੇ ਸਾਂਝੀ ਕੀਤੀ ਹੈ। ਉਹਨਾਂ ਆਪਣੇ ਟਵੀਟ 'ਚ ਲਿਖਿਆ ਕਿ ਕੋਰੋਨਿਲ ਦਾ ਅੱਧਾ ਖਰਚ ਪਤੰਜਲੀ ਅਤੇ ਅੱਧਾ ਸੂਬਾ ਸਰਕਾਰ ਦਾ ਕੋਵਿਡ ਰਾਹਤ ਫੰਡ ਸਹਿਣ ਕਰੇਗਾ।
ਉਨ੍ਹਾਂ ਕਿਹਾ ਕਿ ਕੋਰੋਨਿਲ ਨਾਲ ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ। ਇਸ ਲਈ ਸਰਕਾਰ ਸੂਬੇ ਦੇ ਲੋਕਾਂ ਦੇ ਸਿਹਤ ਅਤੇ ਇਲਾਜ ਦੇ ਪ੍ਰਤੀ ਦ੍ਰਿੜ ਹੈ। ਇਸ ਲਈ ਸਰਕਾਰ ਕੋਰੋਨਾ ਦੇ ਇਲਾਜ 'ਚ ਕੋਈ ਕਮੀ ਨਹੀਂ ਛੱਡਣਾ ਚਾਹੁੰਦੀ ਅਤੇ ਉਹ ਲਗਾਤਾਰ ਆਪਣੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਵਿਰੋਧੀ ਦਲਾਂ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਉਹ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਸ਼ੁੱਭਚਿੰਤਕ ਨਹੀਂ ਹਨ ਅਤੇ ਜੇਕਰ ਉਹ ਉਨ੍ਹਾਂ ਦਾ ਭਲਾ ਚਾਹੁੰਦੇ ਹਨ ਤਾਂ ਪ੍ਰਦਰਸ਼ਨਕਾਰੀਆਂ ਨੂੰ ਕੋਵਿਡ-19 ਦੀ ਟੀਕੇ ਲੈਣ ਅਤੇ ਜਾਂਚ ਕਰਵਾਉਣ ਦੀ ਅਪੀਲ ਕਰਦੇ।
Coronil Kit
ਉਨ੍ਹਾਂ ਦਾ ਇਹ ਬਿਆਨ ਉਦੋਂ ਆਇਆ ਹੈ, ਜਦੋਂ ਕਾਂਗਰਸ, ਤ੍ਰਿਣਮੂਲ ਕਾਂਗਰਸ, ਖੱਬੇ ਪੱਖੀ ਦਲ, ਸਮਾਜਵਾਦੀ ਪਾਰਟੀ, ਰਾਸ਼ਟਰਵਾਦੀ ਕਾਂਗਰਸ ਪਾਰਟੀ ਅਤੇ ਦਰਮੁਕ ਸਮੇਤ 13 ਪ੍ਰਮੁੱਖ ਵਿਰੋਧੀ ਦਲਾਂ ਨੇ ਐਤਵਾਰ ਨੂੰ ਕੇਂਦਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਦੇ ਅੰਦੋਲਨ ਦੇ 6 ਮਹੀਨੇ ਪੂਰੇ ਹੋਣ 'ਤੇ ਸੰਯੁਕਤ ਕਿਸਾਨ ਮੋਰਚਾ ਦੇ 26 ਮਈ ਨੂੰ ਦੇਸ਼ਵਿਆਪੀ ਵਿਰੋਧ ਪ੍ਰਦਰਸ਼ਨ ਦੀ ਅਪੀਲ ਨੂੰ ਆਪਣਾ ਸਮਰਥਨ ਦਿੱਤਾ ਹੈ।