
Delhi News : ਘੱਟੋਂ-ਘੱਟ ਤਨਖ਼ਾਹ 26 ਹਜ਼ਾਰ ਰੁਪਏ, ਪੈਨਸ਼ਨ ਅਤੇ ਸਿਹਤ ਤੇ ਸਿੱਖਿਆ ਦਿੱਤੀ ਜਾਵੇਗੀ ਮੁਫ਼ਤ
Delhi News : ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ’ਚ ਦਿਹਾੜੀਦਾਰ ਮਜ਼ਦੂਰਾਂ ਲਈ ਚੰਗੇ ਦਿਨ ਆਉਣ ਵਾਲੇ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਬਜਟ ਤੋਂ ਪਹਿਲਾਂ ਹੋਈ ਮੀਟਿੰਗ ’ਚ ਦਿਹਾੜੀਦਾਰ ਮਜ਼ਦੂਰਾਂ ਦੀ ਘੱਟੋਂ-ਘੱਟ ਉਜਰਤ ਵਧਾਉਣ ਅਤੇ ਮਨਰੇਗਾ ਤਹਿਤ ਕੰਮ ਕਰਨ ਦਾ ਸਮਾਂ ਦੁੱਗਣਾ ਕਰਨ ਦੀ ਮੰਗ ਕੀਤੀ ਗਈ। ਜੁਲਾਈ ’ਚ ਪੇਸ਼ ਹੋਣ ਵਾਲੇ ਬਜਟ ’ਚ ਇਸ ’ਤੇ ਫੈਸਲਾ ਲਿਆ ਜਾ ਸਕਦਾ ਹੈ। ਬਜਟ ਤੋਂ ਪਹਿਲਾਂ ਸਾਰੀਆਂ ਵਪਾਰਕ ਅਤੇ ਮਜ਼ਦੂਰ ਜਥੇਬੰਦੀਆਂ ਨੇ ਸੋਮਵਾਰ 24 ਜੂਨ ਨੂੰ ਵਿੱਤ ਮੰਤਰੀ ਨਾਲ ਪ੍ਰੀ-ਬਜਟ ਮੀਟਿੰਗ ਕੀਤੀ, ਜਿਸ ’ਚ ਇਹ ਮੰਗ ਉਠਾਈ ਗਈ।
ਇਸ ਮੌਕੇ ਜਥੇਬੰਦੀਆਂ ਨੇ ਕਿਹਾ ਹੈ ਕਿ ਘੱਟੋ-ਘੱਟ ਉਜਰਤ ਮੌਜੂਦਾ 15 ਹਜ਼ਾਰ ਰੁਪਏ ਤੋਂ ਵਧਾ ਕੇ 26 ਹਜ਼ਾਰ ਰੁਪਏ ਕੀਤੀ ਜਾਵੇ। ਇਹ ਮੰਗ ਵਧਦੀ ਮਹਿੰਗਾਈ ਦੇ ਮੱਦੇਨਜ਼ਰ ਕੀਤੀ ਗਈ ਹੈ। ਇਸ ਤੋਂ ਇਲਾਵਾ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ (MGNREGA) ਤਹਿਤ ਸਾਲ ’ਚ ਕੰਮ ਦੇ ਦਿਨ ਵਧਾਉਣ ਦੀ ਵੀ ਮੰਗ ਕੀਤੀ ਗਈ ਹੈ। ਦੱਸਣਾ ਬਣਦਾ ਹੈ ਕਿ ਵਰਤਮਾਨ ’ਚ ਮਨਰੇਗਾ ਦੇ ਤਹਿਤ ਇੱਕ ਸਾਲ ’ਚ 100 ਦਿਨ ਕੰਮ ਦੀ ਗਰੰਟੀ ਹੈ। ਇਸ ਨੂੰ ਵਧਾ ਕੇ 200 ਦਿਨ ਕਰਨ ਦੀ ਮੰਗ ਹੈ, ਤਾਂ ਜੋ ਦਿਹਾੜੀਦਾਰ ਮਜ਼ਦੂਰਾਂ ਨੂੰ ਪੈਸੇ ਕਮਾਉਣ ਦੇ ਹੋਰ ਮੌਕੇ ਮਿਲ ਸਕਣ।
ਦੱਸ ਦੇਈਏ ਕਿ ਜਥੇਬੰਦੀਆਂ ਨੇ ਦੇਸ਼ ਦੇ ਕਿਸਾਨਾਂ ਨੂੰ ਆਰਥਿਕ ਤੌਰ ’ਤੇ ਸਮਰੱਥ ਬਣਾਉਣ ਲਈ ਸਾਰੀਆਂ ਫ਼ਸਲਾਂ ‘ਤੇ ਘੱਟੋਂ-ਘੱਟ ਸਮਰਥਨ ਮੁੱਲ ਲਾਗੂ ਕਰਨ ਅਤੇ ਡਾ: ਐਮਐਸ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਦੀ ਮੰਗ ਵੀ ਕੀਤੀ ਹੈ। ਇਸ ’ਚ ਸਰਕਾਰੀ ਖਰੀਦ ਦੀ ਗਾਰੰਟੀ ਦੇ ਨਾਲ-ਨਾਲ ਕਿਸਾਨਾਂ ਲਈ ਸਮਾਜਿਕ ਸੁਰੱਖਿਆ ਫ਼ੰਡ ਤਿਆਰ ਕਰਨ ਦੀ ਮੰਗ ਵੀ ਕੀਤੀ ਗਈ ਹੈ।
ਇਸ ਸਬੰਧੀ ਜਥੇਬੰਦੀਆਂ ਨੇ ਕਈ ਸਕੀਮਾਂ ਦੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਵੀ ਮੰਗ ਕੀਤੀ ਹੈ। ਇਸ ’ਚ ਆਂਗਣਵਾੜੀ ਵਰਕਰ, ਆਸ਼ਾ ਵਰਕਰ, ਪੈਰਾ ਟੀਚਰ ਸ਼ਾਮਲ ਹਨ। ਆਸ਼ਾ ਅਤੇ ਆਂਗਣਵਾੜੀ ਵਰਕਰਾਂ ਨੂੰ ਪੱਕੇ ਕੀਤਾ ਜਾਵੇਗਾ। ਇਨ੍ਹਾਂ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਨਾਲ-ਨਾਲ ਪੈਨਸ਼ਨ ਦਾ ਵੀ ਪ੍ਰਬੰਧ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕੇਂਦਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਫ਼ੰਡ ਵਧਾਉਣ ਦੀ ਵੀ ਮੰਗ ਕੀਤੀ ਗਈ ਹੈ।
ਜਥੇਬੰਦੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਲਈ ਬਣਾਏ ਗਏ ਸਮਾਜਿਕ ਸੁਰੱਖਿਆ ਫ਼ੰਡ ਦੀ ਵਰਤੋਂ ਪੈਨਸ਼ਨ ਅਤੇ ਸਿਹਤ ਅਤੇ ਸਿੱਖਿਆ ਵਰਗੇ ਖੇਤਰਾਂ ’ਤੇ ਕੀਤੀ ਜਾਵੇਗੀ। ਇਸ ’ਚ 9 ਹਜ਼ਾਰ ਰੁਪਏ ਮਹੀਨਾਵਾਰ ਪੈਨਸ਼ਨ ਸ਼ਾਮਲ ਹੈ। ਇਸ ਫ਼ੰਡ ਦੀ ਵਰਤੋਂ ਦਿਹਾੜੀਦਾਰ ਮਜ਼ਦੂਰਾਂ ਲਈ ਵੀ ਕੀਤੀ ਜਾਵੇਗੀ। ਜਥੇਬੰਦੀਆਂ ਨੇ ਕਿਹਾ ਹੈ ਕਿ ਤਬਾਹੀ ਅਤੇ ਹੋਰ ਕਾਰਨਾਂ ਕਰਕੇ ਫ਼ਸਲਾਂ ਦੇ ਨੁਕਸਾਨ ਦੀ ਸੂਰਤ ’ਚ ਕਿਸਾਨਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ।
(For more news apart from Good days will come for daily wage workers News in Punjabi, stay tuned to Rozana Spokesman)