
ਟਰੰਪ ਦੇ ਦਾਅਵੇ 'ਤੇ ਪ੍ਰਧਾਨ ਮੰਤਰੀ ਤੋਂ ਸਪੱਸ਼ਟੀਕਰਨ ਦੀ ਮੰਗ
ਨਵੀਂ ਦਿੱਲੀ : ਕਸ਼ਮੀਰ ਮੁੱਦੇ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਾਅਵੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਪਸ਼ਟੀਕਰਨ ਦੀ ਮੰਗ ਨੂੰ ਲੈ ਕੇ ਇਕਜੁਟ ਵਿਰੋਧੀ ਧਿਰ ਨੇ ਲਗਾਤਾਰ ਦੂਜੇ ਦਿਨ ਲੋਕ ਸਭਾ 'ਚ ਹੰਗਾਮਾ ਅਤੇ ਸਦਨ 'ਚੋਂ ਵਾਕਆਊਟ ਕੀਤਾ। ਹਾਲਾਂਕਿ ਸਰਕਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਸ਼ਮੀਰ ਦੇ ਵਿਸ਼ੇ 'ਚ ਟਰੰਪ ਨਾਲ ਕੋਈ ਗੱਲ ਨਹੀਂ ਕੀਤੀ।
Adhir Ranjan Chowdhary
ਹੇਠਲੀ ਸਦਨ 'ਚ ਪ੍ਰਸ਼ਨ ਕਾਲ ਸਮਾਪਤ ਹੋਣ 'ਤੇ ਕਾਂਗਰਸ ਦੇ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਦੁਨੀਆਂ ਦੇ ਦੋ ਸੱਭ ਤੋਂ ਵੱਡੇ ਲੋਕਤੰਤਰ ਦੇ ਮੁਖੀ ਅਮਰੀਕੀ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਓਸਾਕਾ 'ਚ ਗੱਲਬਾਤ ਹੋਈ। ਹੁਣ ਅਮਰੀਕੀ ਰਾਸ਼ਟਰਪਤੀ ਕਹਿ ਰਹੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨਾਲ ਕਸ਼ਮੀਰ 'ਤੇ ਵਿਚੋਲਗੀ ਕਰਨ ਦੀ ਅਪੀਲ ਕੀਤੀ ਸੀ। ਹੁਣ ਪੂਰਾ ਦੇਸ਼ ਜਾਣਨਾ ਚਾਹੁੰਦਾ ਹੈ ਕਿ ਸੱਚਾਈ ਕੀ ਹੈ।
Donald Trump
ਉਨ੍ਹਾਂ ਕਿਹਾ ਕਿ ਟਰੰਪ ਜੋ ਕਹਿ ਰਹੇ ਹਨ, ਉਹ ਸਹੀ ਵੀ ਹੋ ਸਕਦਾ ਹੈ, ਗਲਤ ਵੀ ਹੋ ਸਕਦਾ ਹੈ। ਇਸ ਵਿਸ਼ੇ 'ਤੇ ਪ੍ਰਧਾਨ ਮੰਤਰੀ ਨਹੀਂ ਬੋਲ ਰਹੇ ਹਨ। ਇਸ ਲਈ ਸ਼ੰਕਾ ਪੈਦਾ ਹੁੰਦਾ ਹੈ। ਪ੍ਰਧਾਨ ਮੰਤਰੀ ਸਦਨ 'ਚ ਆਉਣ ਅਤੇ ਸਥਿਤੀ ਸਪਸ਼ਟ ਕਰਨ। ਦ੍ਰਮੁਕ ਦੇ ਟੀ.ਆਰ. ਬਾਲੂ ਨੇ ਵੀ ਪ੍ਰਧਾਨ ਮੰਤਰੀ ਨੂੰ ਸਦਨ 'ਚ ਆ ਕੇ ਇਸ ਵਿਸ਼ੇ 'ਤੇ ਸਥਿਤੀ ਸਪਸ਼ਟ ਕਰਨ ਦੀ ਮੰਗ ਕੀਤੀ।
Sonia Gandhi
ਲੋਕ ਸਭਾ ਪ੍ਰਧਾਨ ਨੇ ਸਦਨ 'ਚ ਕਾਂਗਰਸ ਨੇਤਾ ਚੌਧਰੀ ਨੂੰ ਕਿਹਾ ਕਿ ਤੁਹਾਨੂੰ ਗੱਲ ਰੱਖਣ ਦਾ ਪੂਰਾ ਮੌਕਾ ਦਿਤਾ ਗਿਆ ਅਤੇ ਤੁਸੀ ਸੱਤਾ ਪੱਖ ਦਾ ਜਵਾਬ ਵੀ ਸੁਣਿਆ। ਪਰ ਹੁਣ ਜਦੋਂ ਰਖਿਆ ਮੰਤਰੀ ਰਾਜਨਾਥ ਸਿੰਘ ਬੋਲਣ ਲਈ ਖੜੇ ਹੋਏ ਉਦੋਂ ਸੋਨੀਆ ਗਾਂਧੀ ਦੀ ਅਗਵਾਈ 'ਚ ਕਾਂਗਰਸ, ਦ੍ਰਮੁਕ ਸਮੇਤ ਕੁਝ ਵਿਰੋਧੀ ਪਾਰਟੀਆਂ ਨੇ ਵਾਕਆਊਟ ਕੀਤਾ।
Rajnath Singh
ਰਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਕਾਂਗਰਸ ਸੰਸਦੀ ਦਲ ਦੇ ਆਗੂ ਨੇ ਭਰੋਸਾ ਦਿਤਾ ਸੀ ਕਿ ਉਹ ਸੱਤਾ ਪੱਖ ਦੀ ਗੱਲ ਸੁਣਨਗੇ ਪਰ ਉਨ੍ਹਾਂ ਨੇ ਵਾਅਦਾਖ਼ਿਲਾਫ਼ੀ ਕੀਤੀ। ਉਨ੍ਹਾਂ ਕਿਹਾ ਕਿ ਲੋਕਤੰਤਰ ਭਰੋਸੇ ਦੇ ਆਧਾਰ 'ਤੇ ਚੱਲਦਾ ਹੈ। ਬਰਾਬਰ ਭਰੋਸਾ ਚੰਗੇ ਲੋਕਤੰਤਰ ਦਾ ਆਧਾਰ ਹੁੰਦਾ ਹੈ। ਉਨ੍ਹਾਂ (ਕਾਂਗਰਸ ਮੈਂਬਰਾਂ ਨੇ) ਕਿਹਾ ਸੀ ਕਿ ਸੁਣਨਗੇ, ਪਰ ਉਹ ਵਾਕਆਊਟ ਕਰ ਗਏ।
Narender Modi
ਹਾਲਾਂਕਿ ਬਾਅਦ 'ਚ ਸਦਨ ਦੀ ਕਾਰਵਾਈ ਸੁਚਾਰੂ ਢੰਗ ਨਾਲ ਅੱਗੇ ਵਧੀ ਅਤੇ ਮੈਂਬਰਾਂ ਨੇ ਹੋਰ ਬਿਲਾਂ 'ਤੇ ਚਰਚਾ ਕੀਤੀ। ਇਸ ਤੋਂ ਪਹਿਲਾਂ ਪ੍ਰਸ਼ਨ ਕਾਲ ਸ਼ੁਰੂ ਹੁੰਦਿਆਂ ਹੀ ਕਾਂਗਰਸੀ ਨੇਤਾ ਚੌਧਰੀ ਅਪਣੀ ਸੀਟ 'ਤੇ ਖੜੇ ਹੋ ਗਏ ਅਤੇ ਕਿਹਾ ਕਿ ਟਰੰਪ ਨੇ ਕਸ਼ਮੀਰ ਬਾਰੇ ਜਿਹੜਾ ਦਾਅਵਾ ਕੀਤਾ ਹੈ, ਉਸ ਤੋਂ ਬਾਅਦ ਪੂਰਾ ਦੇਸ਼ ਇਹ ਜਾਣਨਾ ਚਾਹੁੰਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਕੀ ਕਿਹਾ ਸੀ।
S Jaishankar
ਇਸ 'ਤੇ ਲੋਕ ਸਭਾ ਪ੍ਰਧਾਨ ਓਮ ਬਿਰਲਾ ਨੇ ਕਿਹਾ ਕਿ ਇਸ ਮਾਮਲੇ 'ਚ ਮੰਗਲਵਾਰ ਨੂੰ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਸਦਨ 'ਚ ਜਵਾਬ ਦੇ ਚੁੱਕੇ ਹਨ। ਫਿਰ ਉਨ੍ਹਾਂ ਨੇ ਪ੍ਰਸ਼ਨਕਾਲ ਨੂੰ ਅੱਗੇ ਵਧਾਇਆ। ਇਸ ਤੋਂ ਬਾਅਦ ਕਾਂਗਰਸ ਅਤੇ ਦ੍ਰਮੁਕ ਦੇ ਮੈਂਬਰ ਲੋਕ ਸਭਾ ਪ੍ਰਧਾਨ ਦੀ ਕੁਰਸੀ ਨੇੜੇ ਆ ਕੇ ਨਾਹਰੇਬਾਜ਼ੀ ਕਰ ਲੱਗੇ।
ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਵਿਦੇਸ਼ ਮੰਤਰੀ ਨੇ ਬੀਤੇ ਦਿਨ ਇਸ 'ਤੇ ਸਪਸ਼ਟੀਕਰਨ ਦਿਤਾ ਸੀ। ਅਜਿਹੇ 'ਚ ਪ੍ਰਧਾਨ ਮੰਤਰੀ ਦੇ ਸਪਸ਼ਟੀਕਰਨ ਦੇਣ ਦਾ ਕੋਈ ਮਤਲਬ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਰੋਧੀ ਧਿਰ ਸਿਰਫ਼ ਕਾਲ 'ਚ ਇਹ ਮੁੱਦਾ ਚੁੱਕੇ ਤਾਂ ਰਖਿਆ ਮੰਤਰੀ ਰਾਜਨਾਥ ਸਿੰਘ ਇਸ ਦਾ ਜਵਾਬ ਦੇਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ