
ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਇਸ 'ਤੇ ਕਿਹਾ ਕਿ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ ਦੌਰਾਨ ਪ੍ਰੋਟੋਕੋਲ ਦੀ ਉਲੰਘਣਾ ਨਹੀਂ ਕੀਤੀ ਗਈ ਸੀ।
ਨਵੀਂ ਦਿੱਲੀ: ਕਈ ਵਿਰੋਧੀ ਨੇਤਾਵਾਂ ਨੇ ਰਾਜ ਸਭਾ ਦੇ ਚੇਅਰਮੈਨ ਨੂੰ ਪੱਤਰ ਲਿਖ ਕੇ ਦਾਅਵਾ ਕੀਤਾ ਕਿ ਸਦਨ ਵਿਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਸਹੁੰ ਚੁੱਕ ਸਮਾਗਮ ਦੌਰਾਨ ਉਹਨਾਂ ਦੇ ਅਹੁਦੇ ਦੇ ਅਨੁਕੂਲ ਸੀਟ ਨਹੀਂ ਦਿੱਤੀ ਗਈ। ਮੁਰਮੂ ਨੇ ਸੋਮਵਾਰ ਨੂੰ ਸੰਸਦ ਦੇ ਸੈਂਟਰਲ ਹਾਲ ਵਿਚ ਇਕ ਸਮਾਰੋਹ ਵਿਚ ਭਾਰਤ ਦੇ 15ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਹਾਲਾਂਕਿ ਸਰਕਾਰ ਨੇ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।
ਕਾਂਗਰਸ, ਰਾਸ਼ਟਰਵਾਦੀ ਕਾਂਗਰਸ ਪਾਰਟੀ, ਤ੍ਰਿਣਮੂਲ ਕਾਂਗਰਸ, ਸ਼ਿਵ ਸੈਨਾ, ਭਾਰਤੀ ਕਮਿਊਨਿਸਟ ਪਾਰਟੀ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਅਤੇ ਰਾਸ਼ਟਰੀ ਜਨਤਾ ਦਲ ਸਮੇਤ ਨੇਤਾਵਾਂ ਨੇ ਪੱਤਰ 'ਤੇ ਦਸਤਖਤ ਕੀਤੇ ਅਤੇ ਖੜਗੇ ਦੇ ਜਾਣਬੁੱਝ ਕੇ ਕੀਤੇ ਗਏ ਨਿਰਾਦਰ 'ਤੇ ਹੈਰਾਨੀ ਪ੍ਰਗਟਾਈ। ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਪੱਤਰ ਨੂੰ ਟਵਿਟਰ 'ਤੇ ਸਾਂਝਾ ਕੀਤਾ ਅਤੇ ਕਿਹਾ ਇਹ ਪੱਤਰ ਸਾਰੀਆਂ ਵਿਰੋਧੀ ਪਾਰਟੀਆਂ ਨੇ ਰਾਜ ਸਭਾ ਦੇ ਚੇਅਰਮੈਨ ਨੂੰ ਸੌਂਪਿਆ ਹੈ।
ਵਿਰੋਧੀ ਧਿਰ ਦੇ ਨੇਤਾਵਾਂ ਨੇ ਆਪਣੇ ਪੱਤਰ ਵਿਚ ਕਿਹਾ, “ਅੱਜ ਮਾਣਯੋਗ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਸਹੁੰ ਚੁੱਕ ਸਮਾਗਮ ਵਿਚ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਨੂੰ ਉਹਨਾਂ ਦੇ ਅਹੁਦੇ ਦੇ ਅਨੁਕੂਲ ਸੀਟ ਨਹੀਂ ਦਿੱਤੀ ਗਈ ਸੀ। ਅਸੀਂ ਇਕ ਬਹੁਤ ਹੀ ਸੀਨੀਅਰ ਨੇਤਾ ਦੀ ਜਾਣਬੁੱਝ ਕੇ ਕੀਤੀ ਬੇਇੱਜ਼ਤੀ ਅਤੇ ਪ੍ਰੋਟੋਕੋਲ ਦੇ ਸ਼ਿਸ਼ਟਾਚਾਰ ਅਨੁਸਾਰ ਉਹਨਾਂ ਦਾ ਸਤਿਕਾਰ ਨਾ ਕਰਨ 'ਤੇ ਆਪਣਾ ਦੁਖ ਅਤੇ ਰੋਸ ਪ੍ਰਗਟ ਕਰਨ ਲਈ ਪੱਤਰ ਲਿਖ ਰਹੇ ਹਾਂ”।
ਇਸ ਦੇ ਨਾਲ ਹੀ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਇਸ 'ਤੇ ਕਿਹਾ ਕਿ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ ਦੌਰਾਨ ਪ੍ਰੋਟੋਕੋਲ ਦੀ ਉਲੰਘਣਾ ਨਹੀਂ ਕੀਤੀ ਗਈ ਸੀ। ਸਮਾਗਮ ਦਾ ਆਯੋਜਨ ਗ੍ਰਹਿ ਮੰਤਰਾਲੇ ਵੱਲੋਂ ਕੀਤਾ ਜਾਂਦਾ ਹੈ। ਇਹ ਨਿਯਮਾਂ ਅਨੁਸਾਰ ਹੈ ਅਤੇ ਉਸ ਮੁਤਾਬਕ ਵਿਰੋਧੀ ਧਿਰ ਦੇ ਨੇਤਾ ਨੂੰ ਤੀਜੀ ਕਤਾਰ ਵਿਚ ਬੈਠਣਾ ਚਾਹੀਦਾ ਸੀ। ਮਲਿਕਾਰਜੁਨ ਖੜਗੇ ਦੇ ਸਨਮਾਨ ਵਿਚ ਉਹਨਾਂ ਨੂੰ ਪਹਿਲੀ ਕਤਾਰ ਵਿਚ ਸੀਟ ਦਿੱਤੀ ਗਈ। ਜਦੋਂ ਉਹਨਾਂ ਨੇ ਸ਼ਿਕਾਇਤ ਕੀਤੀ ਕਿ ਸੀਟ ਕੋਨੇ ਵਿਚ ਹੈ ਤਾਂ ਸਟਾਫ ਨੇ ਉਹਨਾਂ ਵਿਚਕਾਰਲੀ ਕਤਾਰ ਵਿਚ ਲੈ ਜਾਣ ਦੀ ਪੇਸ਼ਕਸ਼ ਕੀਤੀ, ਪਰ ਉਹਨਾਂ ਨੇ ਇਨਕਾਰ ਕਰ ਦਿੱਤਾ।