
ਚਿੱਠੀ ਲਿਖਣ ਵਾਲਿਆਂ 'ਤੇ ਦੋਸ਼ ਲਾਉਣ ਵਾਲਿਆਂ ਨੂੰ ਚਾਪਲੂਸ ਦਸਿਆ
ਨਵੀਂ ਦਿੱਲੀ : ਕਾਂਗਰਸ ਵਿਚ ਸਮੂਹਕ ਲੀਡਰਸ਼ਿਪ ਅਤੇ ਕੁਲਵਕਤੀ ਪ੍ਰਧਾਨ ਦੀ ਮੰਗ ਸਬੰਧੀ ਸੋਨੀਆ ਗਾਂਧੀ ਨੂੰ ਚਿੱਠੀ ਲਿਖਣ ਵਾਲੇ 23 ਆਗੂਆਂ ਵਿਚ ਸ਼ਾਮਲ ਕੁੱਝ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਵਿਰੋਧੀ ਨਾ ਸਮਝਿਆ ਜਾਵੇ ਅਤੇ ਉਨ੍ਹਾਂ ਨੂੰ ਪਾਰਟੀ ਹਾਈ ਕਮਾਨ 'ਤੇ ਪੂਰਾ ਭਰੋਸਾ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਚਿੱਠੀ ਲਿਖਣ ਦਾ ਮਕਸਦ ਕਦੇ ਵੀ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਦੀ ਅਗਵਾਈ 'ਤੇ ਅਵਿਸ਼ਵਾਸ ਪ੍ਰਗਟ ਕਰਨਾ ਨਹੀਂ ਸੀ ਅਤੇ ਹੁਣ ਸੋਨੀਆ ਗਾਂਧੀ ਜੋ ਵੀ ਫ਼ੈਸਲਾ ਕਰਨਗੇ, ਉਨ੍ਹਾਂ ਨੂੰ ਮਨਜ਼ੂਰ ਹੋਵੇਗਾ।
Congress
ਪਾਰਟੀ ਦੇ ਸੀਨੀਅਰ ਆਗੂ ਕਪਿਲ ਸਿੱਬਲ ਨੇ ਕਿਹਾ ਕਿ ਇਹ ਕਿਸੇ ਦੇ ਅਹੁਦੇ ਲਈ ਨਹੀਂ ਸਗੋਂ ਦੇਸ਼ ਲਈ ਹੈ ਜੋ ਉਨ੍ਹਾਂ ਲਈ ਸੱਭ ਤੋਂ ਵੱਧ ਅਹਿਮੀਅਤ ਰਖਦਾ ਹੈ। ਚਿੱਠੀ ਲਿਖਣ ਵਾਲੇ ਆਗੂਆਂ ਵਿਚ ਸ਼ਾਮਲ ਰਾਜ ਸਭਾ ਮੈਂਬਰ ਵਿਵੇਕ ਤਨਖ਼ਾ ਨੇ ਟਵਿਟਰ 'ਤੇ ਕਿਹਾ, 'ਅਸੀਂ ਵਿਰੋਧੀ ਨਹੀਂ ਸਗੋਂ ਪਾਰਟੀ ਨੂੰ ਮੁੜ ਮਜ਼ਬੂਤ ਕਰਨ ਦੇ ਪੈਰੋਕਾਰ ਹਾਂ।
Kapil Sibal
ਇਹ ਪੱਤਰ ਲੀਡਰਸ਼ਿਪ ਨੂੰ ਚੁਨੌਤੀ ਦੇਣ ਲਈ ਨਹੀਂ ਸੀ ਸਗੋਂ ਪਾਰਟੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਲਿਖਿਆ ਗਿਆ ਸੀ। ਚਾਹੇ ਅਦਾਲਤ ਹੋਵੇ ਜਾਂ ਫਿਰ ਜਨਤਕ ਮਾਮਲੇ ਹੋਣ, ਸੱਚ ਹੀ ਸੱਭ ਤੋਂ ਉਪਰ ਹੁੰਦਾ ਹੈ। ਇਤਿਹਾਸ ਡਰਪੋਕ ਨੂੰ ਨਹੀਂ ਸਗੋਂ ਬਹਾਦਰ ਨੂੰ ਪ੍ਰਵਾਨ ਕਰਦਾ ਹੈ।'
Rahul gandhi
ਚਿੱਠੀ 'ਤੇ ਹਸਤਾਖਰ ਕਰਨ ਵਾਲੇ ਇਕ ਹੋਰ ਆਗੂ ਨੇ ਕਿਹਾ, 'ਕਾਰਜਕਾਰਣੀ ਦੀ ਬੈਠਕ ਵਿਚ ਜਿਹੜਾ ਨਤੀਜਾ ਨਿਕਲਿਆ, ਉਸ ਤੋਂ ਅਸੀਂ ਸੰਤੁਸ਼ਟ ਹਾਂ। ਚਿੱਠੀ 'ਤੇ ਹਸਤਾਖਰ ਕਰਨ ਵਾਲੇ ਕਈ ਆਗੂ ਬੈਠਕ ਵਿਚ ਮੌਜੂਦ ਸਨ ਅਤੇ ਸਾਰਿਆਂ ਨੇ ਮਤੇ ਪ੍ਰਤੀ ਹਾਮੀ ਭਰੀ।' ਚਿੱਠੀ ਲਿਖਣ ਵਾਲਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਕਾਂਗਰਸ ਆਗੂਆਂ 'ਤੇ ਵਰ੍ਹਦਿਆਂ ਇਸ ਆਗੂ ਨੇ ਕਿਹਾ, 'ਅਸੀਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੇ ਹਾਂ, ਕਿਸੇ ਵਿਰੁਧ ਕੰਮ ਨਹੀਂ ਕਰ ਰਹੇ। ਜਿਹੜੇ ਦੋਸ਼ ਲਾ ਰਹੇ ਹਨ, ਉਹ ਸਿਰਫ਼ ਚਾਪਲੂਸੀ ਕਰ ਰਹੇ ਹਨ। ਜੇ ਇਹ ਜਾਰੀ ਰਿਹਾ ਤਾਂ ਪਾਰਟੀ ਦਾ ਨੁਕਸਾਨ ਹੋਵੇਗਾ।'
Kapil Sibal
ਇਹ ਪੁੱਛੇ ਜਾਣ 'ਤੇ ਕੀ ਪੱਤਰ ਨੂੰ ਹੁਣ ਜਨਤਕ ਤੌਰ 'ਤੇ ਜਾਰੀ ਕਰ ਦਿਤਾ ਜਾਵੇਗਾ ਤਾਂ ਉਨ੍ਹਾਂ ਕਿਹਾ ਕਿ ਪੱਤਰ ਨੂੰ ਜਾਰੀ ਕਰਨ ਦਾ ਮਤਲਬ ਇਹ ਨਹੀਂ ਕਿ ਇਸ ਨੂੰ ਬੈਠਕ ਵਿਚ ਰੱਖ ਦਿਤਾ ਗਿਆ ਅਤੇ ਇਸ 'ਤੇ ਚਰਚਾ ਹੋ ਗਈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।