
ਕਿਹਾ, ਕੁਝ ਆਗੂਆਂ ਵਲੋਂ ‘ਵੱਖ ਸਿਆਸੀ ਰੁਖ਼’ ਅਪਣਾ ਕੇ ਐਨ.ਸੀ.ਪੀ. ਛੱਡਣ ਨੂੰ ਪਾਰਟੀ ’ਚ ਫੁੱਟ ਨਹੀਂ ਕਿਹਾ ਜਾ ਸਕਦਾ
ਪੁਣੇ (ਮਹਾਰਾਸ਼ਟਰ): ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਮੁਖੀ ਸ਼ਰਦ ਪਵਾਰ ਨੇ ਸ਼ੁਕਰਵਾਰ ਨੂੰ ਕਿਹਾ ਹੈ ਕਿ ਪਾਰਟੀ ’ਚ ਕੋਈ ਫੁੱਟ ਨਹੀਂ ਹੈ ਅਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜਿਤ ਪਵਾਰ ਪਾਰਟੀ ਦੇ ਆਗੂ ਬਣੇ ਰਹਿਣਗੇ।
ਉਨ੍ਹਾਂ ਇਹ ਵੀ ਕਿਹਾ ਕਿ ਕੁਝ ਆਗੂਆਂ ਨੇ ‘ਵੱਖ ਸਿਆਸੀ ਰੁਖ਼’ ਅਪਣਾ ਕੇ ਐਨ.ਸੀ.ਪੀ. ਛੱਡ ਦਿਤੀ ਹੈ, ਪਰ ਇਸ ਨੂੰ ਪਾਰਟੀ ’ਚ ਫੁੱਟ ਨਹੀਂ ਕਿਹਾ ਜਾ ਸਕਦਾ।
ਸ਼ਰਦ ਪਵਾਰ ਨੇ ਕੋਲ੍ਹਾਪੁਰ ਰਵਾਨਾ ਹੋਣ ਤੋਂ ਪਹਿਲਾਂ ਪੁਣੇ ਜ਼ਿਲ੍ਹੇ ’ਚ ਅਪਣੇ ਜੱਦੀ ਸ਼ਹਿਰ ਬਾਰਾਮਤੀ ’ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਗੱਲ ਕੀਤੀ। ਉਹ ਕੋਲ੍ਹਾਪੁਰ ’ਚ ਇਕ ਰੈਲੀ ਨੂੰ ਸੰਬੋਧਨ ਕਰਨਗੇ।
ਸ਼ਰਦ ਪਵਾਰ ਦੀ ਬੇਟੀ ਅਤੇ ਪਾਰਟੀ ਦੀ ਕਾਰਜਕਾਰੀ ਪ੍ਰਧਾਨ ਸੁਪਰੀਆ ਸੁਲੇ ਨੇ ਇਕ ਦਿਨ ਪਹਿਲਾਂ ਕਿਹਾ ਸੀ ਕਿ ਅਜਿਤ ਪਵਾਰ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਹਨ।
ਬਾਰਾਮਤੀ ਤੋਂ ਲੋਕ ਸਭਾ ਮੈਂਬਰ ਸੁਲੇ ਨੇ ਅਜਿਤ ਪਵਾਰ ਬਾਰੇ ਕਿਹਾ ਸੀ, ‘‘ਹੁਣ, ਉਨ੍ਹਾਂ ਨੇ ਇਕ ਅਜਿਹਾ ਰੁਖ਼ ਅਪਣਾਇਆ ਹੈ ਜੋ ਪਾਰਟੀ ਵਿਰੁਧ ਹੈ ਅਤੇ ਅਸੀਂ ਵਿਧਾਨ ਸਭਾ ਸਪੀਕਰ ਨੂੰ ਸ਼ਿਕਾਇਤ ਦਿਤੀ ਹੈ ਅਤੇ ਉਨ੍ਹਾਂ ਦੀ ਪ੍ਰਤੀਕਿਰਿਆ ਦੀ ਉਡੀਕ ਕਰ ਰਹੇ ਹਾਂ।’’
‘ਐਨ.ਸੀ.ਪੀ. ’ਚ ਕੋਈ ਫੁੱਟ ਨਾ ਹੋਣ ਅਤੇ ਅਜਿਤ ਪਵਾਰ ਦੇ ਪਾਰਟੀ ਆਗੂ ਹੋਣ’ ਸਬੰਧੀ ਸੁਲੇ ਦੇ ਬਿਆਨ ਬਾਰੇ ਪੁੱਛੇ ਜਾਣ ’ਤੇ ਸ਼ਰਦ ਵਪਾਰ ਨੇ ਕਿਹਾ, ‘‘ਹਾਂ, ਇਸ ’ਚ ਕੋਈ ਸ਼ੱਕ ਨਹੀਂ ਹੈ।’’
ਉਨ੍ਹਾਂ ਕਿਹਾ, ‘‘ਕੋਈ ਕਿਸ ਤਰ੍ਹਾਂ ਕਹਿ ਸਕਦਾ ਹੈ ਕਿ ਐਨ.ਸੀ.ਪੀ. ’ਚ ਫੁੱਟ ਹੈ? ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਅਜਿਤ ਪਵਾਰ ਸਾਡੀ ਪਾਰਟੀ ਦੇ ਆਗੂ ਹਨ।’’
ਉਨ੍ਹਾਂ ਕਿਹਾ, ‘‘ਕਿਸੇ ਸਿਆਸੀ ਪਾਰਟੀ ’ਚ ਫੁੱਟ ਦਾ ਮਤਲਬ ਕੀ ਹੈ? ਫੁੱਟ ਉਦੋਂ ਹੁੰਦੀ ਹ ਜਦੋਂ ਕਿਸੇ ਪਾਰਟੀ ਦਾ ਇਕ ਵੱਡਾ ਸਮੂਹ ਕੌਮੀ ਪੱਧਰ ’ਤੇ ਵੱਖ ਹੋ ਜਾਂਦਾ ਹੈ, ਪਰ ਇਥੇ ਅਜਿਹਾ ਕੁਝ ਨਹੀਂ ਹੋਇਆ। ਕੁਝ ਲੋਕਾਂ ਨੇ ਪਾਰਟੀ ਛੱਡ ਦਿਤੀ, ਕੁਝ ਨੇ ਵੱਖ ਰੁਖ਼ ਅਪਣਾਇਆ... ਲੋਕ ਤੰਤਰ ’ਚ ਫ਼ੈਸਲਾ ਕਰਨਾ ਉਨ੍ਹਾਂ ਦਾ ਅਧਿਕਾਰ ਹੈ।’’
ਅਜਿਤ ਪਵਾਰ ਅਤੇ ਅੱਠ ਹੋਰ ਐਨ.ਸੀ.ਪੀ. ਵਿਧਾਇਕ ਦੋ ਜੁਲਾਈ ਨੂੰ ਸੂਬੇ ’ਚ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ-ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ’ਚ ਸ਼ਾਮਲ ਹੋ ਗਏ ਸਨ।
ਇਕ ਸਵਾਲ ਦੇ ਜਵਾਬ ’ਚ ਸ਼ਰਦ ਪਵਾਰ ਨੇ ਇਹ ਵੀ ਕਹਿਾ ਕਿ ਮਹਾ ਵਿਕਾਸ ਆਘਾੜੀ (ਐਮ.ਵੀ.ਏ.) 2024 ਦੀਆਂ ਲੋਕ ਸਭਾ ਚੋਣਾਂ ’ਚ ਮਹਾਰਾਸ਼ਟਰ ’ਚ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਤੋਂ ਬਿਹਤਰ ਪ੍ਰਦਰਸ਼ਨ ਕਰੇਗੀ। ਐਮ.ਵੀ.ਏ. ’ਚ ਐਨ.ਸੀ.ਪੀ., ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ (ਯੂ.ਬੀ.ਟੀ.) ਅਤੇ ਕਾਂਗਰਸ ਸ਼ਾਮਲ ਹਨ।