
14 ਦਿਨਾਂ ਤਕ ਚੰਨ ਦੀ ਸਤ੍ਹਾ ’ਤੇ ਘੁੰਮ ਕੇ ਉਥੇ ਮੌਜੂਦ ਰਸਾਇਣਾਂ ਦਾ ਕਰੇਗਾ ਵਿਸ਼ਲੇਸ਼ਣ
ਬੈਂਗਲੁਰੂ: ਚੰਨ ਦੀ ਸਤ੍ਹਾ ’ਤੇ ਪੁੱਜੇ ਚੰਦਰਯਾਨ-3 ਮਿਸ਼ਨ ਦੇ ਲੈਂਡਰ ‘ਵਿਕਰਮ’ ਤੋਂ ਰੋਵਰ ‘ਪ੍ਰਗਿਆਨ’ ਬਾਹਰ ਨਿਕਲ ਆਇਆ ਹੈ ਅਤੇ ਇਹ ਹੁਣ ਚੰਨ੍ਹ ਦੀ ਸਤ੍ਹਾ ’ਤੇ ਘੁੰਮੇਗਾ। ਇਸਰੋ ਨੇ ਇਸ ਦੀ ਜਾਣਕਾਰੀ ਦਿਤੀ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਵੀਰਵਾਰ ਨੂੰ ਟਵੀਟ ਕਰ ਕੇ ਲਿਖਿਆ, “ਚੰਦਰਯਾਨ-3 ਰੋਵਰ: ‘ਮੇਡ ਇਨ ਇੰਡੀਆ - ਮੇਡ ਫ਼ਾਰ ਮੂਨ’। ਚੰਦਰਯਾਨ-3 ਦਾ ਰੋਵਰ ਲੈਂਡਰ ਤੋਂ ਬਾਹਰ ਨਿਕਲ ਆਇਆ ਹੈ। ਭਾਰਤ ਨੇ ਕੀਤੀ ਚੰਨ ’ਤੇ ਸੈਰ।’ ਅਧਿਕਾਰਤ ਸੂਤਰਾਂ ਨੇ ਪਹਿਲਾਂ ਹੀ ਲੈਂਡਰ ‘ਵਿਕਰਮ’ ਤੋਂ ਰੋਵਰ ‘ਪ੍ਰਗਿਆਨ’ ਦੇ ਸਫ਼ਲਤਾਪੂਰਵਕ ਬਾਹਰ ਨਿਕਲਣ ਦੀ ਪੁਸ਼ਟੀ ਕਰ ਦਿਤੀ ਸੀ।
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਐਸ ਸੋਮਨਾਥ ਨੇ ਵੀਰਵਾਰ ਨੂੰ ਕਿਹਾ ਕਿ ਚੰਦਰਯਾਨ-3 ਪੁਲਾੜ ਯਾਨ ਦਾ ਲੈਂਡਰ ‘ਵਿਕਰਮ’ ਚੰਨ ਦੀ ਸਤ੍ਹਾ ’ਤੇ ਇਕ ਤੈਅ ਖੇਤਰ ਅੰਦਰ ਉਤਰਿਆ। ਸੋਮਨਾਥ ਨੇ ਕਿਹਾ, ‘‘ਲੈਂਡਰ ਤੈਅ ਸਥਾਨ ’ਤੇ ਸਹੀ ਉਤਰਿਆ ਹੈ। ਲੈਂਡਿੰਗ ਸਥਾਨ ਨੂੰ 4.5 ਕਿਮੀ ਗੁਣਾ 2.5 ਕਿਮੀ ਵਜੋਂ ਚਿੰਨਿ੍ਹਤ ਕੀਤਾ ਗਿਆ ਸੀ। ਮੈਨੂੰ ਲਗਦਾ ਹੈ ਕਿ ਉਸ ਸਥਾਨ ’ਤੇ ਅਤੇ ਉਸ ਦੇ ਸਹੀ ਕੇਂਦਰ ਦੀ ਪਛਾਣ ਲੈਂਡਿੰਗ ਦੇ ਸਥਾਨ ਵਜੋਂ ਕੀਤੀ ਗਈ ਸੀ। ਇਹ ਉਸ ਥਾਂ ਤੋਂ 300 ਮੀਟਰ ਅੰਦਰ ਉਤਰਿਆ ਹੈ। ਇਸ ਦਾ ਮਤਲਬ ਹੈ ਕਿ ਇਹ ਲੈਂਡਿੰਗ ਤੈਅ ਖੇਤਰ ਅੰਦਰ ਹੈ। ’’
ਚੰਦਰਯਾਨ-3 ਦੇ ਲੈਂਡਰ ‘ਵਿਕਰਮ’ ਨੇ ਬੁਧਵਾਰ ਸ਼ਾਮ 6.04 ਵਜੇ ਨਿਰਧਾਰਤ ਸਮੇਂ ’ਤੇ ਚੰਦਰਮਾ ਦੀ ਸਤ੍ਹਾ ਨੂੰ ਛੂਹ ਲਿਆ, ਜਿਸ ਨਾਲ ਪੂਰਾ ਦੇਸ਼ ਜਸ਼ਨ ਵਿਚ ਡੁੱਬ ਗਿਆ। ਇਸਰੋ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ 26 ਕਿਲੋਗ੍ਰਾਮ ਵਜ਼ਨ ਵਾਲੇ 6 ਪਹੀਆ ਰੋਵਰ ਨੂੰ ਲੈਂਡਰ ਅੰਦਰੋਂ ਚੰਨ ਦੀ ਸਤ੍ਹਾ ’ਤੇ ਉਸ ਦੇ ਇਕ ਹੋਰ ਪੈਨਲ ਨੂੰ ਰੈਂਪ ਦੀ ਤਰ੍ਹਾਂ ਇਸਤੇਮਾਲ ਕਰਦੇ ਹੋਏ ਬਾਹਰ ਕਢਿਆ ਜਾਵੇਗਾ। ਲੈਂਡਰ (ਵਿਕਰਮ) ਅਤੇ ਰੋਵਰ (ਪ੍ਰਗਿਆਨ) ਦਾ ਕੁੱਲ ਭਾਰ 1,752 ਕਿਲੋਗ੍ਰਾਮ ਹੈ, ਜਿਨ੍ਹਾਂ ਨੂੰ ਚੰਨ ਦੇ ਵਾਤਾਵਰਣ ਦਾ ਅਧਿਐਨ ਕਰਨ ਦੇ ਉਦੇਸ਼ ਲਈ ਇਕ ਚੰਦਰ ਦਿਨ ਦੀ ਮਿਆਦ (ਲਗਭਗ 14 ਧਰਤੀ ਦਿਨ) ਤਕ ਸੰਚਾਲਨ ਕਰਨ ਲਈ ਤਿਆਰ ਕੀਤਾ ਗਿਆ ਹੈ। ਰੋਵਰ ਇਸ ਦੌਰਾਨ ਚੰਨ ਦੀ ਸਤ੍ਹਾ ’ਤੇ ਘੁੰਮ ਕੇ ਉਥੇ ਮੌਜੂਦ ਰਸਾਇਣਾਂ ਦਾ ਵਿਸ਼ਲੇਸ਼ਣ ਕਰੇਗਾ।
ਲੈਂਡਰ ਅਤੇ ਰੋਵਰ ਕੋਲ ਵਿਗਿਆਨਕ ਪੇਲੋਡ ਹੈ ਜੋ ਚੰਨ ਦੀ ਸਤ੍ਹਾ ’ਤੇ ਵਰਤਣਗੇ। ਰੋਵਰ ਅਪਣੇ ਪੇਲੋਡ ‘ਏਪੀਐਕਸਐਸ’ ਰਾਹੀਂ ਚੰਨ ਦੀ ਸਤ੍ਹਾ ਦਾ ਅਧਿਐਨ ਕਰੇਗਾ ਤਾਕਿ ਰਸਾਇਣਕ ਰਚਨਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ ਅਤੇ ਚੰਨੀ ਦੀ ਸਤ੍ਹਾ ਬਾਰੇ ਜਾਣਕਾਰੀ ਨੂੰ ਹੋਰ ਵਧਾਉਣ ਲਈ ਖਣਿਜ ਰਚਨਾ ਦਾ ਅੰਦਾਜ਼ਾ ਲਾਇਆ ਜਾ ਸਕੇ।
‘ਪ੍ਰਗਿਆਨ’ ਵਿਚ ਵੀ ਇਕ ਪੇਲੋਡ ਹੈ - ‘ਲੇਜ਼ਰ ਇੰਡਿਊਸਡ ਬਰੇਕਡਾਉਨ ਸਪੈਕਟਰੋਸਕੋਪ’ (ਐਲਆਈਬੀਐਸ) ਜੋ ਚੰਨ ਦੀ ਮਿੱਟੀ ਅਤੇ ਚੱਟਾਨਾਂ ਦੀ ਮੂਲ ਰਚਨਾ ਦਾ ਪਤਾ ਲਗਾਏਗਾ। ਇਸਰੋ ਦੇ ਚੇਅਰਮੈਨ ਐਸ. ਸੋਮਨਾਥ ਨੇ ਪਹਿਲਾਂ ਕਿਹਾ ਸੀ, “ਲੈਂਡਰ ਚੰਨ ਦੀ ਸਤ੍ਹਾ ’ਤੇ ਉਤਰਨ ਤੋਂ ਬਾਅਦ, ਰੋਵਰ ਨੂੰ ਰੈਂਪ ਅਤੇ ਲੈਂਡਰ ਦੇ ਅੰਦਰੋਂ ਕੱਢਣ ਦੀ ਪ੍ਰਕਿਰਿਆ ਕੀਤੀ ਜਾਵੇਗੀ। ਇਸ ਤੋਂ ਬਾਅਦ ਇਕ ਤੋਂ ਬਾਅਦ ਇਕ ਪ੍ਰਯੋਗ ਕੀਤੇ ਜਾਣਗੇ। ਇਨ੍ਹਾਂ ਸਾਰਿਆਂ ਨੂੰ ਚੰਨ ’ਤੇ ਸਿਰਫ਼ ਇਕ ਚੰਦਰ ਦਿਨ ਯਾਨੀ ਕਿ ਧਰਤੀ ਦੇ 14 ਦਿਨਾਂ ’ਚ ਪੂਰਾ ਕਰਨਾ ਹੋਵੇਗਾ