
ਬੱਚੇ ਬੰਬ ਨੂੰ ਗੇਂਦ ਸਮਝ ਕੇ ਖੇਡਣ ਲੱਗੇ, ਉਦੋਂ ਹੀ ਇਹ ਫਟ ਗਿਆ
ਭਾਟਪਾੜਾ -ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ 'ਚ ਮੰਗਲਵਾਰ ਨੂੰ ਰੇਲਵੇ ਟਰੈਕ 'ਤੇ ਹੋਏ ਬੰਬ ਧਮਾਕੇ 'ਚ ਇੱਕ 7 ਸਾਲਾ ਬੱਚੇ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਕੋਲਕਾਤਾ ਤੋਂ ਲਗਭਗ 30 ਕਿਲੋਮੀਟਰ ਦੂਰ ਭਾਟਪਾੜਾ ਦੇ ਕਾਕੀਨਾਰਾ ਅਤੇ ਜਗੱਦਲ ਸਟੇਸ਼ਨਾਂ ਵਿਚਕਾਰ ਰੇਲਵੇ ਟ੍ਰੈਕ 'ਤੇ ਸਵੇਰੇ 8.30 ਵਜੇ ਵਾਪਰੀ।
ਪੁਲਿਸ ਨੇ ਦੱਸਿਆ ਕਿ ਲੜਕਾ ਆਪਣੇ ਦੋ ਦੋਸਤਾਂ ਨਾਲ ਉੱਥੇ ਪਏ ਇੱਕ ਪੈਕੇਟ ਨਾਲ ਖੇਡ ਰਿਹਾ ਸੀ ਅਤੇ ਅਚਾਨਕ ਉਸ 'ਚੋਂ ਇਹ ਧਮਾਕਾ ਹੋ ਗਿਆ। ਇਕ ਪੁਲਿਸ ਅਧਿਕਾਰੀ ਨੇ ਦੱਸਿਆ, ''ਬਦਮਾਸ਼ਾਂ ਨੇ ਇਹ ਬੰਬ ਰੇਲਵੇ ਟਰੈਕ 'ਤੇ ਰੱਖਿਆ ਸੀ। ਬੱਚੇ ਬੰਬ ਨੂੰ ਗੇਂਦ ਸਮਝ ਕੇ ਖੇਡਣ ਲੱਗੇ, ਉਦੋਂ ਹੀ ਇਹ ਫਟ ਗਿਆ।"
ਤਿੰਨ ਲੜਕਿਆਂ ਵਿੱਚੋਂ ਇੱਕ ਨੂੰ ਹਸਪਤਾਲ ਲਿਜਾਣ ’ਤੇ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜ਼ਖਮੀ ਬੱਚਿਆਂ ਦਾ ਇਲਾਜ ਕੀਤਾ ਜਾ ਰਿਹਾ ਹੈ, ਅਤੇ ਮਾਮਲੇ ਦੀ ਜਾਂਚ ਜਾਰੀ ਹੈ।