
2 ਬੱਚਿਆਂ ਨੂੰ HIV, 7 ਨੂੰ Hepatitis B ਹੋਇਆ
Kids infected with HIV News: ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ ਕਾਨਪੁਰ ਸਥਿਤ ਲਾਲਾ ਲਾਜਪਤ ਰਾਏ ਹਸਪਤਾਲ ਦੇ ਬਾਲ ਚਿਕਿਤਸਾ ਵਿਭਾਗ ਵੱਲੋਂ ਕੀਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਥੈਲੇਸੀਮੀਆ ਦੇ 14 ਮਰੀਜ਼ ਐੱਚਆਈਵੀ, ਹੈਪੇਟਾਈਟਸ ਬੀ, ਸੀ, ਸਮੇਤ ਕਈ ਜਾਨਲੇਵਾ ਇਨਫੈਕਸ਼ਨਾਂ ਤੋਂ ਪੀੜਤ ਹਨ। ਇਸ ਮਾਮਲੇ ਵਿੱਚ ਸਰਕਾਰੀ ਹਸਪਤਾਲ ਦੀ ਲਾਪ੍ਰਵਾਹੀ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਥੈਲੇਸੀਮੀਆ ਦੇ 14 ਮਰੀਜ਼ਾਂ ਨੂੰ ਸੰਕਰਮਿਤ ਖੂਨ ਚੜ੍ਹਾਉਣ ਕਾਰਨ ਮੌਤ ਦਾ ਖ਼ਤਰਾ ਹੈ। 4 ਬੱਚਿਆਂ ਨੂੰ ਵੱਖ-ਵੱਖ ਇਨਫੈਕਸ਼ਨ ਹਨ। ਜਦੋਂ ਕਾਨਪੁਰ ਦੇ ਲਾਲਾ ਲਾਜਪਤ ਰਾਏ ਹਸਪਤਾਲ ਦੇ ਬਾਲ ਰੋਗ ਵਿਭਾਗ ਨੇ 180 ਮਰੀਜ਼ਾਂ ਦੀ ਜਾਂਚ ਕੀਤੀ ਤਾਂ ਇਨ੍ਹਾਂ 14 ਮਰੀਜ਼ਾਂ ਦੀ ਪਛਾਣ ਕੀਤੀ ਗਈ। 6 ਤੋਂ 16 ਸਾਲ ਦੀ ਉਮਰ ਦੇ ਬੱਚੇ ਉਨ੍ਹਾਂ 180 ਥੈਲੇਸੀਮਿਕ ਮਰੀਜ਼ਾਂ ਵਿੱਚੋਂ ਹਨ, ਜਿਨ੍ਹਾਂ ਨੂੰ ਖੂਨ ਚੜ੍ਹਾਇਆ ਗਿਆ ਸੀ। ਹਾਲਾਂਕਿ ਡਾਕਟਰ ਕਹਿ ਰਹੇ ਹਨ ਕਿ ਇਹ ਪਿਛਲੇ 10 ਸਾਲਾਂ ਦੇ ਆਂਕੜੇ ਹਨ।
ਇਕ ਤਰਫ ਜਿੱਥੇ ਸਰਕਾਰੀ ਹਸਪਤਾਲ ਨੂੰ ਜ਼ਿੰਮੇਵਾਰ ਦੱਸਿਆ ਜਿਹਾ ਹੈ ਉੱਥੇ ਹੀ ਦੂਜੀ ਤਰਫ ਬਾਲ ਰੋਗ ਵਿਭਾਗ ਦੇ ਚੇਅਰਮੈਨ ਦਾ ਕਹਿਣਾ ਹੈ ਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਨ੍ਹਾਂ ਸੰਕਰਮਿਤ ਬੱਚਿਆਂ ਨੂੰ ਸਰਕਾਰੀ ਹਸਪਤਾਲ ਤੋਂ ਖੂਨ ਚੜ੍ਹਾਇਆ ਗਿਆ ਸੀ ਜਾਂ ਕਿਸੇ ਨਿੱਜੀ ਹਸਪਤਾਲ ਤੋਂ।
ਇਸ ਮਾਮਲੇ 'ਤੇ ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਨੇ ਕਿਹਾ ਕਿ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਨਿਰਦੇਸ਼ ਦਿੱਤੇ ਗਏ ਹਨ। ਸਰਕਾਰ ਪੂਰੀ ਸੰਵੇਦਨਸ਼ੀਲਤਾ ਨਾਲ ਬੱਚਿਆਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਖੜ੍ਹੀ ਹੈ। ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਖ਼ੂਨ ਇੱਕ ਪ੍ਰਾਈਵੇਟ ਲੈਬ ਤੋਂ ਕਰਵਾਇਆ ਗਿਆ ਸੀ। ਵਿਸਥਾਰਤ ਰਿਪੋਰਟ ਆਉਣ ਤੋਂ ਬਾਅਦ ਅਸੀਂ ਅਗਲੀ ਕਾਰਵਾਈ ਕਰਾਂਗੇ।