
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨਾਲ ਕੀਤੀ ਗੱਲਬਾਤ
Rahul Gandhi interviews Satya Pal Malik: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨਾਲ ਗੱਲਬਾਤ ਕੀਤੀ। 28 ਮਿੰਟ ਦੀ ਇਸ ਗੱਲਬਾਤ 'ਚ ਰਾਹੁਲ ਗਾਂਧੀ ਨੇ ਸੱਤਿਆਪਾਲ ਮਲਿਕ ਨਾਲ ਪੁਲਵਾਮਾ, ਕਿਸਾਨ ਅੰਦੋਲਨ, ਐਮ.ਐਸ.ਪੀ., ਜਾਤੀ ਜਨਗਣਨਾ, ਮਨੀਪੁਰ 'ਚ ਹਿੰਸਾ ਸਮੇਤ ਕਈ ਮੁੱਦਿਆਂ 'ਤੇ ਗੱਲਬਾਤ ਕੀਤੀ। ਗੱਲਬਾਤ ਦੌਰਾਨ ਸੱਤਿਆਪਾਲ ਮਲਿਕ ਨੇ ਕਿਹਾ, ''ਚੋਣਾਂ 'ਚ ਸਿਰਫ 6 ਮਹੀਨੇ ਬਚੇ ਹਨ। ਮੈਂ ਲਿਖ ਕੇ ਦੇ ਰਿਹਾ ਹਾਂ ਕਿ ਇਹ (ਮੋਦੀ ਸਰਕਾਰ) ਦੁਬਾਰਾ ਨਹੀਂ ਆਵੇਗੀ।
“ਕਿਸਾਨੀ ਨੂੰ ਖਤਮ ਕਰ ਰਹੀ ਸਰਕਾਰ”
ਸੱਤਿਆਪਾਲ ਮਲਿਕ ਨੇ ਕਿਹਾ ਕਿ ਭਾਜਪਾ ਕਿਸਾਨੀ ਨੂੰ ਖਤਮ ਕਰ ਰਹੀ ਹੈ। ਅਗਨੀਵੀਰ ਯੋਜਨਾ ਲਿਆ ਕੇ ਫ਼ੌਜ ਤਾਂ ਖਤਮ ਕਰ ਹੀ ਦਿਤੀ। ਹੌਲੀ-ਹੌਲੀ ਹਰ ਸੰਸਥਾ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਪਿਛਲੇ ਇਕ ਸਾਲ ਦੌਰਾਨ ਲਗਾਏ ਗਏ ਕੇਂਦਰੀ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਉਹ ਹਨ, ਜਿਨ੍ਹਾਂ ਦੇ ਸੰਘ ਨਾਲ ਸਬੰਧ ਹਨ। ਉਨ੍ਹਾਂ ਕਿਹਾ ਕਿ ਕਿਸਾਨ ਨੂੰ ਅਪਣੀ ਫਸਲ ਦਾ ਸਹੀ ਭਾਅ ਨਹੀਂ ਮਿਲ ਰਿਹਾ, ਜਿਸ ਕਾਰਨ ਉਹ ਹਰ ਸਾਲ ਗਰੀਬ ਹੁੰਦਾ ਜਾ ਰਿਹਾ ਹੈ। ਉਸ ਨੂੰ ਇਸ ਦਾ ਅਹਿਸਾਸ ਨਹੀਂ ਹੋ ਰਿਹਾ। ਇਸ ਲਈ ਐਮ.ਐਸ.ਪੀ. ਲਾਗੂ ਹੋਣਾ ਬਹੁਤ ਜ਼ਰੂਰੀ ਹੈ ਪਰ ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਹੁਣ ਅਡਾਨੀ ਨੇ ਵੱਡੇ-ਵੱਡੇ ਗੋਦਾਮ ਖੋਲ੍ਹ ਲਏ ਹਨ। ਜਦੋਂ ਤਕ ਇਨ੍ਹਾਂ ਵਿਰੁਧ ਹੱਲਾ-ਬੋਲ ਨਹੀਂ ਹੋਵੇਗਾ, ਇਹ ਨਹੀਂ ਸੁਧਰਨਗੇ।
ਜੰਮੂ-ਕਸ਼ਮੀਰ 'ਤੇ ਮਲਿਕ ਨੇ ਕੀ ਕਿਹਾ?
ਸੱਤਿਆਪਾਲ ਮਲਿਕ ਨੇ ਕਿਹਾ, ਮੇਰੀ ਰਾਏ ਹੈ ਕਿ ਉਥੋਂ (ਜੰਮੂ-ਕਸ਼ਮੀਰ) ਦੇ ਲੋਕਾਂ ਨੂੰ ਜ਼ਬਰਦਸਤੀ ਠੀਕ ਨਹੀਂ ਕੀਤਾ ਜਾ ਸਕਦਾ। ਤੁਸੀਂ ਉਥੇ ਦੇ ਲੋਕਾਂ ਨੂੰ ਜਿੱਤ ਕੇ ਕੁੱਝ ਵੀ ਕਰ ਸਕਦੇ ਹੋ। ਮੈਂ ਉਨ੍ਹਾਂ ਨੂੰ ਭਰੋਸੇ ਵਿਚ ਲਿਆ ਹੈ। ਮਲਿਕ ਨੇ ਕਿਹਾ, ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਰਾਜ ਦਾ ਦਰਜਾ ਵਾਪਸ ਕਰ ਦੇਣਾ ਚਾਹੀਦਾ ਹੈ। ਇਨ੍ਹਾਂ ਨੇ ਧਾਰਾ 370 ਨੂੰ ਵਾਪਸ ਲੈ ਲਿਆ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਬਣਾਇਆ। ਉਨ੍ਹਾਂ ਨੂੰ ਡਰ ਸੀ ਕਿ ਸੂਬੇ ਦੀ ਪੁਲਿਸ ਬਗਾਵਤ ਕਰ ਸਕਦੀ ਹੈ। ਪਰ ਜੰਮੂ-ਕਸ਼ਮੀਰ ਪੁਲਿਸ ਨੇ ਹਮੇਸ਼ਾ ਕੇਂਦਰ ਸਰਕਾਰ ਦਾ ਸਾਥ ਦਿਤਾ। ਅਮਿਤ ਸ਼ਾਹ ਨੇ ਵਾਅਦਾ ਕੀਤਾ ਹੈ ਕਿ ਉਹ ਰਾਜ ਦਾ ਦਰਜਾ ਵਾਪਸ ਕਰਨਗੇ। ਇਸ ਲਈ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਜੰਮੂ-ਕਸ਼ਮੀਰ ਨੂੰ ਰਾਜ ਦਾ ਦਰਜਾ ਵਾਪਸ ਕਰਨਾ ਚਾਹੀਦਾ ਹੈ ਅਤੇ ਉਥੇ ਚੋਣਾਂ ਕਰਵਾਉਣੀਆਂ ਚਾਹੀਦੀਆਂ ਹਨ।
ਸੱਤਿਆਪਾਲ ਮਲਿਕ ਨੇ ਕਿਹਾ, ਪਤਾ ਨਹੀਂ ਇਹ ਲੋਕ ਰਾਜ ਦਾ ਦਰਜਾ ਕਿਉਂ ਨਹੀਂ ਵਾਪਸ ਕਰ ਰਹੇ ਹਨ। ਮੇਰੇ ਨਾਲ ਗੱਲਬਾਤ ਹੋਈ, ਮੈਂ ਕਿਹਾ ਕਿ ਰਾਜ ਦਾ ਦਰਜਾ ਵਾਪਸ ਕੀਤਾ ਜਾਵੇ। ਮੈਨੂੰ ਇਹ ਕਿਹਾ ਗਿਆ ਕਿ ਸੱਭ ਕੁੱਝ ਠੀਕ ਚੱਲ ਰਿਹਾ ਹੈ ਪਰ ਸੱਭ ਠੀਕ ਕਿੱਥੇ ਹੈ। ਅਤਿਵਾਦੀ ਘਟਨਾਵਾਂ ਵਿਚ ਵਾਧਾ ਹੋਇਆ ਹੈ। ਰਾਜੌਰੀ ਵਿਚ ਰੋਜ਼ਾਨਾ ਕੁੱਝ ਨਾ ਕੁੱਝ ਵਾਪਰ ਰਿਹਾ ਹੈ।
ਪੁਲਵਾਮਾ ਹਮਲੇ 'ਤੇ ਮਲਿਕ ਨੇ ਕੀ ਕਿਹਾ?
ਜਦੋਂ ਰਾਹੁਲ ਗਾਂਧੀ ਨੇ ਪੁਲਵਾਮਾ ਹਮਲੇ ਬਾਰੇ ਸਵਾਲ ਪੁਛਿਆ ਤਾਂ ਸੱਤਿਆਪਾਲ ਮਲਿਕ ਨੇ ਕਿਹਾ, ਮੈਂ ਇਹ ਨਹੀਂ ਕਹਾਂਗਾ ਕਿ ਇਹ ਭਾਜਪਾ ਨੇ ਕਰਵਾਇਆ ਪਰ ਮੈਂ ਇਹ ਜ਼ਰੂਰ ਕਹਾਂਗਾ ਕਿ ਉਨ੍ਹਾਂ ਨੇ ਇਸ ਨੂੰ ਨਜ਼ਰਅੰਦਾਜ਼ ਕੀਤਾ ਅਤੇ ਇਸ ਦੀ ਸਿਆਸੀ ਵਰਤੋਂ ਕੀਤੀ। ਪ੍ਰਧਾਨ ਮੰਤਰੀ ਦਾ ਬਿਆਨ ਹੈ ਕਿ ਜਦੋਂ ਵੋਟ ਪਾਉਣ ਜਾਓ ਤਾਂ ਪੁਲਵਾਮਾ ਦੀ ਸ਼ਹਾਦਤ ਨੂੰ ਯਾਦ ਕਰੋ। ਇਸ ਦੌਰਾਨ ਰਾਹੁਲ ਗਾਂਧੀ ਨੇ ਦਸਿਆ ਕਿ ਜਦੋਂ ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ ਨੂੰ ਏਅਰਪੋਰਟ ਲਿਆਂਦਾ ਗਿਆ ਤਾਂ ਮੈਨੂੰ ਕਮਰੇ ਵਿਚ ਬੰਦ ਕਰ ਦਿਤਾ ਗਿਆ ਸੀ। ਮੈਂ ਲੜਿਆ ਅਤੇ ਉਥੋਂ ਨਿਕਲ ਗਿਆ।
ਸੱਤਿਆਪਾਲ ਮਲਿਕ ਨੇ ਕਿਹਾ, ਪ੍ਰਧਾਨ ਮੰਤਰੀ ਨੂੰ ਸ਼੍ਰੀਨਗਰ ਜਾਣਾ ਚਾਹੀਦਾ ਸੀ। ਰਾਜਨਾਥ ਸਿੰਘ ਉਥੇ ਆਏ ਸਨ। ਮੈਂ ਉਥੇ ਸੀ ਅਤੇ ਅਸੀਂ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ, “ਜਿਸ ਦਿਨ ਇਹ ਵਾਪਰਿਆ, ਉਹ (ਪੀਐਮ ਮੋਦੀ) ਨੈਸ਼ਨਲ ਕਾਰਬੇਟ ਵਿਚ ਸ਼ੂਟਿੰਗ ਕਰ ਰਹੇ ਸਨ। ਇਸ ਲਈ ਮੈਂ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਗੱਲ ਨਹੀਂ ਹੋਈ। 5-6 ਵਜੇ ਉਨ੍ਹਾਂ ਦਾ ਫੋਨ ਆਇਆ, ਕੀ ਹੋਇਆ? ਮੈਂ ਘਟਨਾ ਬਾਰੇ ਦਸਿਆ। ਮੈਂ ਕਿਹਾ, ਸਾਡੀ ਗਲਤੀ ਕਾਰਨ ਬਹੁਤ ਸਾਰੇ ਲੋਕ ਮਰ ਗਏ ਹਨ। ਫਿਰ ਉਨ੍ਹਾਂ (ਪੀਐਮ ਮੋਦੀ) ਨੇ ਮੈਨੂੰ ਕਿਹਾ ਕਿ ਇਸ ਬਾਰੇ ਕੁੱਝ ਨਾ ਕਹਿਣਾ। ਇਸ ਤੋਂ ਬਾਅਦ ਮੈਨੂੰ ਡੋਭਾਲ ਦਾ ਫੋਨ ਆਇਆ, ਉਨ੍ਹਾਂ ਕਿਹਾ, ਤੁਸੀਂ ਕੁੱਝ ਨਹੀਂ ਕਹਿਣਾ ਹੈ। ਮੈਂ ਕਿਹਾ ਠੀਕ ਹੈ... ਸਾਨੂੰ ਜਾਂਚ ਕਰਵਾਉਣੀ ਪਵੇਗੀ, ਹੋ ਸਕਦਾ ਹੈ ਕਿ ਇਸ ਦਾ ਅਸਰ ਹੋਵੇ। ਪਰ ਹੁਣ ਤਕ ਕੁੱਝ ਨਹੀਂ ਹੋਇਆ, ਨਾ ਹੀ ਅਜਿਹਾ ਹੋਣ ਵਾਲਾ ਹੈ।
ਸੱਤਿਆਪਾਲ ਮਲਿਕ ਨੇ ਕਿਹਾ, ਸੀ.ਆਰ.ਪੀ.ਐਫ. ਨੇ ਗ੍ਰਹਿ ਮੰਤਰਾਲੇ ਤੋਂ 5 ਜਹਾਜ਼ ਮੰਗੇ ਸਨ। ਇਹ ਅਰਜ਼ੀ ਚਾਰ ਮਹੀਨਿਆਂ ਤਕ ਗ੍ਰਹਿ ਮੰਤਰਾਲੇ ਕੋਲ ਰਹੀ। ਬਾਅਦ ਵਿਚ ਉਸ ਨੇ ਇਸ ਨੂੰ ਰੱਦ ਕਰ ਦਿਤਾ। ਉਹ ਚਾਰ ਮਹੀਨੇ ਲਟਕਦੇ ਰਹੇ। ਜੇ ਉਹ ਮੇਰੇ ਕੋਲ ਆਉਂਦੇ, ਤਾਂ ਮੈਂ ਕੁੱਝ ਜ਼ਰੂਰ ਕਰਨਾ ਸੀ। ਇਨਪੁਟ ਸੀ ਕਿ ਹਮਲਾ ਹੋ ਸਕਦਾ ਹੈ। ਟੱਕਰ ਮਾਰਨ ਵਾਲੀ ਗੱਡੀ ਵਿਸਫੋਟਕਾਂ ਨਾਲ ਲੱਦੀ ਹੋਈ ਸੀ ਅਤੇ 10 ਦਿਨਾਂ ਤੋਂ ਇਧਰ-ਉਧਰ ਘੁੰਮ ਰਹੀ ਸੀ।
ਜਾਤੀ ਜਨਗਣਨਾ
ਰਾਹੁਲ ਗਾਂਧੀ ਨੇ ਕਿਹਾ ਕਿ ਮੀਡੀਆ ਹੋਵੇ, ਨੌਕਰਸ਼ਾਹੀ ਜਾਂ ਕੋਈ ਸੰਸਥਾ। ਇਥੇ ਓਬੀਸੀ, ਦਲਿਤ ਜਾਂ ਆਦਿਵਾਸੀਆਂ ਦੀ ਕੋਈ ਪ੍ਰਤੀਨਿਧਤਾ ਨਹੀਂ ਹੈ। ਇਸ ਬਾਰੇ ਤੁਹਾਡੀ ਕੀ ਰਾਏ ਹੈ? ਮਲਿਕ ਨੇ ਕਿਹਾ ਕਿ ਉਨ੍ਹਾਂ ਦੀ ਪ੍ਰਤੀਸ਼ਤਤਾ ਹਰ ਜਗ੍ਹਾ ਤੈਅ ਕਰਨੀ ਪਵੇਗੀ। ਇਸ ਤੋਂ ਇਲਾਵਾ ਉਨ੍ਹਾਂ ਵਰਗਾਂ ਦੀ ਚੇਤਨਾ ਵੀ ਵਧਾਉਣੀ ਪਵੇਗੀ।
ਮਨੀਪੁਰ ਹਿੰਸਾ
ਰਾਹੁਲ ਗਾਂਧੀ ਨੇ ਮਲਿਕ ਨੂੰ ਪੁੱਛਿਆ ਕਿ ਤੁਸੀਂ ਮਨੀਪੁਰ ਬਾਰੇ ਕੀ ਸੋਚਦੇ ਹੋ? ਸੱਤਿਆਪਾਲ ਮਲਿਕ ਨੇ ਕਿਹਾ ਕਿ ਮਨੀਪੁਰ ਵਿਚ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੈ। ਮੁੱਖ ਮੰਤਰੀ ਕੁੱਝ ਨਹੀਂ ਕਰ ਪਾ ਰਹੇ, ਪਰ ਉਸ ਨੂੰ ਹਟਾਇਆ ਨਹੀਂ ਜਾ ਰਿਹਾ। ਚੋਣਾਂ 'ਚ ਸਿਰਫ 6 ਮਹੀਨੇ ਬਚੇ ਹਨ। ਮੈਂ ਲਿਖ ਕੇ ਦੇ ਰਿਹਾ ਹਾਂ ਕਿ ਹੁਣ ਮੋਦੀ ਸਰਕਾਰ ਨਹੀਂ ਆਵੇਗੀ।
ਆਰ.ਐਸ.ਐਸ. ਦੀ ਵਿਚਾਰਧਾਰਾ 'ਤੇ ਮਲਿਕ ਨੇ ਕੀ ਕਿਹਾ?
ਰਾਹੁਲ ਗਾਂਧੀ ਨੇ ਗੱਲਬਾਤ 'ਚ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਭਾਰਤੀ ਰਾਜਨੀਤੀ 'ਚ ਦੋ ਵਿਚਾਰਧਾਰਾਵਾਂ ਦੀ ਲੜਾਈ ਹੈ, ਇਕ ਗਾਂਧੀਵਾਦੀ ਅਤੇ ਦੂਜੀ ਆਰ.ਐਸ.ਐਸ.। ਦੋਵਾਂ ਦਾ ਵਿਜ਼ਨ ਹਿੰਦੂਤਵ ਹੈ। ਇਕ ਅਹਿੰਸਾ ਅਤੇ ਭਾਈਚਾਰੇ ਦੀ ਵਿਚਾਰਧਾਰਾ ਹੈ। ਦੂਸਰਾ, ਨਫ਼ਰਤ ਅਤੇ ਹਿੰਸਾ ਬਾਰੇ...ਇਸ ਬਾਰੇ ਤੁਹਾਡਾ ਕੀ ਕਹਿਣਾ ਹੈ? ਇਸ ਸਵਾਲ ਦੇ ਜਵਾਬ ਵਿਚ ਸੱਤਿਆਪਾਲ ਮਲਿਕ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਭਾਰਤ ਇਕ ਦੇਸ਼ ਦੇ ਰੂਪ ਵਿਚ ਉਦੋਂ ਹੀ ਬਚੇਗਾ ਜਦੋਂ ਉਹ ਉਦਾਰਵਾਦੀ ਹਿੰਦੂਵਾਦ ਦੇ ਮਾਰਗ 'ਤੇ ਚੱਲੇਗਾ। ਇਹ ਗਾਂਧੀ ਦਾ ਦ੍ਰਿਸ਼ਟੀਕੋਣ ਸੀ। ਉਹ ਪਿੰਡ-ਪਿੰਡ ਗਏ। ਇਸ ਵਿਚਾਰਧਾਰਾ ਦੇ ਆਧਾਰ 'ਤੇ ਹੀ ਦੇਸ਼ ਚੱਲ ਸਕੇਗਾ, ਨਹੀਂ ਤਾਂ ਇਹ ਟੁਕੜੇ-ਟੁਕੜੇ ਹੋ ਜਾਵੇਗਾ। ਸਾਨੂੰ ਬਿਨਾਂ ਲੜਾਈ ਕੀਤੇ ਇਕੱਠੇ ਰਹਿਣਾ ਚਾਹੀਦਾ ਹੈ। ਸੱਤਿਆਪਾਲ ਮਲਿਕ ਨੇ ਕਿਹਾ, ਮੇਰੀ ਰਾਏ ਹੈ ਕਿ ਗਾਂਧੀ ਅਤੇ ਕਾਂਗਰਸ ਦੇ ਵਿਜ਼ਨ ਨੂੰ ਸਾਡੇ ਲੋਕਾਂ ਵਿਚ ਫੈਲਾਉਣਾ ਚਾਹੀਦਾ ਹੈ। ਲੋਕਾਂ ਨੂੰ ਦੱਸੋ ਕਿ ਅਸੀਂ ਉਨ੍ਹਾਂ ਤੋਂ ਕਿੰਨੇ ਵੱਖਰੇ ਹਾਂ। ਭਾਰਤ ਵਿਚ ਜੇਕਰ ਕੋਈ ਵੀ ਵਿਅਕਤੀ ਰਾਜਨੀਤੀ ਵਿਚ ਸਰਗਰਮ ਹੈ ਤਾਂ ਉਹ ਸਿਰਫ਼ ਅਪਣੇ ਲਈ ਹੀ ਸਰਗਰਮ ਹੈ, ਉਹ ਦੇਸ਼ ਬਾਰੇ ਨਹੀਂ ਸੋਚਦਾ। ਦੇਸ਼ ਬਾਰੇ ਵਿਚਾਰ ਨਹੀਂ ਬਣਾਉਂਦਾ।
ਮਲਿਕ ਨੇ ਕਿਹਾ, ਇਕ ਚੰਗੀ ਗੱਲ ਇਹ ਹੈ ਕਿ ਲੋਕਾਂ ਨੇ ਟੀਵੀ ਦੇਖਣਾ ਬੰਦ ਕਰ ਦਿਤਾ ਹੈ, ਉਨ੍ਹਾਂ ਦਾ ਭਰੋਸਾ ਨਹੀਂ ਰਿਹਾ। ਸਾਡੇ ਕੋਲ ਹੁਣ ਸੋਸ਼ਲ ਮੀਡੀਆ ਦਾ ਮਾਧਿਅਮ ਹੈ। ਪਰ ਇਹ ਲੋਕ ਉਸ ਨੂੰ ਵੀ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ 'ਤੇ ਰਾਹੁਲ ਗਾਂਧੀ ਨੇ ਕਿਹਾ, ਮੇਰਾ ਯੂਟਿਊਬ ਅਕਾਊਂਟ ਵੀ ਦਬਾ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕ ਸੱਭ ਸਮਝਦੇ ਹਨ। ਰਾਹੁਲ ਗਾਂਧੀ ਨੇ ਕਿਹਾ, ਜਦੋਂ ਵੀ ਸਰਕਾਰ 'ਤੇ ਕੋਈ ਦਬਾਅ ਹੁੰਦਾ ਹੈ, ਉਹ ਕੁੱਝ ਨਾ ਕੁੱਝ ਲੈ ਕੇ ਆ ਜਾਂਦੀ ਹੈ। ਜਦੋਂ ਮੈਂ ਗੌਤਮ ਅਡਾਨੀ ਬਾਰੇ ਚਰਚਾ ਕੀਤੀ ਤਾਂ ਪਹਿਲਾਂ ਟੀਵੀ ਬੰਦ ਕਰ ਦਿਤਾ ਗਿਆ, ਫਿਰ ਮੈਨੂੰ ਸੰਸਦ ਤੋਂ ਬਾਹਰ ਕੱਢ ਦਿਤਾ ਗਿਆ। ਫਿਰ ਵਿਸ਼ੇਸ਼ ਸੈਸ਼ਨ ਦੀ ਗੱਲ ਹੋਈ, ਜਿਸ ਵਿਚ ਭਾਰਤ ਅਤੇ ਇੰਡੀਆ ਬਾਰੇ ਚਰਚਾ ਹੋਈ। ਅੰਤ ਵਿਚ ਇਹ ਲੋਕ ਮਹਿਲਾ ਰਾਖਵਾਂਕਰਨ ਬਿੱਲ ਲੈ ਕੇ ਆਏ। ਉਹ ਵੀ ਹੁਣ ਨਹੀਂ 10 ਸਾਲ ਬਾਅਦ ਆਵੇਗਾ। ਪੁਲਵਾਮਾ ਹੋਵੇ ਜਾਂ ਔਰਤਾਂ ਦਾ ਮੁੱਦਾ, ਉਨ੍ਹਾਂ ਕੋਲ ਚਰਚਾ ਨੂੰ ਮੋੜਨ ਦਾ ਵਧੀਆ ਤਰੀਕਾ ਹੈ।
ਸੰਸਦ ਦੀ ਨਵੀਂ ਇਮਾਰਤ ਦੀ ਕੋਈ ਲੋੜ ਨਹੀਂ ਸੀ: ਮਲਿਕ
ਇਸ 'ਤੇ ਸੱਤਿਆਪਾਲ ਮਲਿਕ ਨੇ ਕਿਹਾ, ਉਹ ਕਿਸੇ ਵੀ ਚੀਜ਼ ਨੂੰ ਈਵੈਂਟ ਬਣਾ ਲੈਂਦੇ ਹਨ ਅਤੇ ਫਿਸ ਉਸ ਦਾ ਫਾਇਦਾ ਚੁੱਕਦੇ ਹਨ। ਮਹਿਲਾ ਰਾਖਵਾਂਕਰਨ ਬਿੱਲ ਨਾਲ ਵੀ ਅਜਿਹਾ ਹੀ ਕੀਤਾ ਗਿਆ। ਔਰਤਾਂ ਨੂੰ ਕੁੱਝ ਨਹੀਂ ਮਿਲਣਾ ਪਰ ਇਸ ਤਰ੍ਹਾਂ ਦਿਖਾਇਆ ਗਿਆ ਕਿ ਉਨ੍ਹਾਂ ਨੇ ਕਿੰਨਾ ਵੱਡਾ ਕੰਮ ਕੀਤਾ ਹੈ। ਮਲਿਕ ਨੇ ਕਿਹਾ ਕਿ ਨਵੀਂ ਇਮਾਰਤ ਦੀ ਕੋਈ ਲੋੜ ਨਹੀਂ ਹੈ। ਪਰ ਉਨ੍ਹਾਂ (ਪੀਐਮ ਮੋਦੀ) ਨੇ ਅਪਣੇ ਨਾਂਅ ਦਾ ਪੱਥਰ ਲਗਾਉਣਾ ਸੀ ਕਿ ਉਨ੍ਹਾਂ ਨੇ ਇਹ ਬਣਾਇਆ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਤੁਸੀਂ ਪੁਲਵਾਮਾ ਅਤੇ ਕਿਸਾਨ ਅੰਦੋਲਨ ਦਾ ਮੁੱਦਾ ਉਠਾਇਆ ਸੀ ਤਾਂ ਤੁਹਾਨੂੰ ਧਮਕੀਆਂ ਦਿਤੀਆਂ ਗਈਆਂ ਸਨ। ਇਸ 'ਤੇ ਮਲਿਕ ਨੇ ਕਿਹਾ, ''ਕਾਨੂੰਨ ਇਹ ਹੈ ਕਿ ਸ਼ਿਕਾਇਤਕਰਤਾ ਨੂੰ ਸਜ਼ਾ ਨਹੀਂ ਦਿਤੀ ਜਾ ਸਕਦੀ। ਜਦੋਂ ਮੈਂ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਤੋਂ ਪੁੱਛ-ਪੜਤਾਲ ਨਹੀਂ ਕੀਤੀ ਗਈ, ਕੋਈ ਜਾਂਚ ਨਹੀਂ ਕੀਤੀ ਗਈ, ਉਹ ਤਿੰਨ ਵਾਰ ਮੇਰੇ ਕੋਲੋਂ ਪੁਛਗਿਛ ਕਰਨ ਆਏ। ਮੈਂ ਕਿਹਾ ਤੂੰ ਜੋ ਮਰਜ਼ੀ ਕਰ ਲਵੇਂ, ਮੇਰਾ ਕੋਈ ਨੁਕਸਾਨ ਨਹੀਂ ਕਰ ਸਕੇਗਾ। ਮੈਂ ਫਕੀਰਾ ਹਾਂ, ਮੇਰੇ ਕੋਲ ਕੁੱਝ ਨਹੀਂ ਹੈ। ਤੰਗ ਆ ਕੇ ਉਨ੍ਹਾਂ ਨੇ ਕਿਹਾ, "ਜਨਾਬ, ਅਸੀਂ ਕੰਮ ਕਰ ਰਹੇ ਹਾਂ।" ਉਨ੍ਹਾਂ ਦੀਆਂ ਵੀ ਮਜਬੂਰੀਆਂ ਹਨ। ਰਾਹੁਲ ਗਾਂਧੀ ਨੇ ਕਿਹਾ, ਹੁਣ ਅਸੀਂ ਤੁਹਾਡੇ ਨਾਲ ਗੱਲ ਕੀਤੀ ਤਾਂ ਤੁਹਾਡੇ 'ਤੇ ਵੀ ਹਮਲਾ ਕੀਤਾ ਜਾਵੇਗਾ। ਇਸ 'ਤੇ ਸੱਤਿਆਪਾਲ ਮਲਿਕ ਨੇ ਕਿਹਾ, ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ।
(For more latest news in Punjabi apart from Rahul Gandhi interviews Satya Pal Malik, Stay Tuned to Rozana Spokesman)