
ਕਿਹਾ, ਜੇ ਉਨ੍ਹਾਂ ਦੀ ਮਾਂ, ਸੋਨੀਆ ਗਾਂਧੀ, ਨੇ ਸਹਿਯੋਗ ਨਾ ਦਿਤਾ ਹੁੰਦਾ ਤਾਂ ਤੇਲੰਗਾਨਾ ਨਾ ਬਣਦਾ
ਹੈਦਰਾਬਾਦ, 20 ਅਕਤੂਬਰ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁਕਰਵਾਰ ਨੂੰ ਇਕ ਰੈਲੀ ਵਿਚ ਤੇਲੰਗਾਨਾ ਦੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾਵਾਂ ਦੀ ਤੁਲਨਾ ‘ਬਾਲੀਵੁੱਡ ਦੇ ਹੀਰੋ’ ਨਾਲ ਕਰਦੇ ਹੋਏ ਕਿਹਾ ਕਿ ਉਹ (ਭਾਜਪਾ ਨੇਤਾ) ਜੋ ਪਹਿਲਾਂ ਸ਼ੇਖੀ ਮਾਰਦੇ ਸਨ, ਹੁਣ ਲੋਕ ਕਾਂਗਰਸ ਪਾਰਟੀ ’ਚ ਸ਼ਾਮਲ ਹੋਣ ਲਈ ਕਤਾਰਾਂ ’ਚ ਲੱਗੇ ਹੋਏ ਹਨ। ਰਾਹੁਲ ਗਾਂਧੀ ਨੇ ਸ਼ੁਕਰਵਾਰ ਨੂੰ ਖ਼ਤਮ ਹੋਏ ਅਪਣੇ ਤਿੰਨ ਦਿਨਾਂ ਦੇ ਤੂਫਾਨੀ ਦੌਰੇ ’ਤੇ, ਕਿਸਾਨਾਂ ਨੂੰ ਬਿਹਤਰ ਸਮਰਥਨ ਮੁੱਲ (ਐੱਮ.ਐੱਸ.ਪੀ.) ਦੇਣ, ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐੱਸ.), ਭਾਜਪਾ ਅਤੇ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏ.ਆਈ.ਐੱਮ.ਆਈ.ਐੱਮ.) ਦੇ ਕਥਿਤ ਗਠਜੋੜ ਅਤੇ ਸੂਬੇ ਦੀ ਮਲਕੀਅਤ ਵਾਲੀ ਸਿੰਗਰੇਨੀ ਕੋਲੀਰੀਜ਼ ਕੰਪਨੀ ਲਿਮਟਿਡ (ਐਸ.ਸੀ.ਸੀ.ਐਲ.) ਵਰਗੇ ਵੱਖ-ਵੱਖ ਮੁੱਦੇ ਉਠਾਏ।
ਨਿਜ਼ਾਮਾਬਾਦ ਅਤੇ ਜਗਤਿਆਲ ਜ਼ਿਲ੍ਹਿਆਂ ’ਚ ਵਖਰੀਆਂ ਮੀਟਿੰਗਾਂ ’ਚ, ਗਾਂਧੀ ਨੇ ਤੇਲੰਗਾਨਾ ਦੀ ਭਾਵਨਾ ਨੂੰ ਜਗਾਇਆ ਅਤੇ ਕਿਹਾ ਕਿ ਇਹ ਉਨ੍ਹਾਂ ਦੀ ਮਾਂ ਅਤੇ ਪਾਰਟੀ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਸੀ ਜਿਸ ਨੇ ਨਵਾਂ ਸੂਬਾ ਬਣਾਇਆ ਸੀ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਮਾਂ ਨੇ ਸਹਿਯੋਗ ਨਾ ਦਿਤਾ ਹੁੰਦਾ ਤਾਂ ਇਹ ਨਵਾਂ ਦਖਣੀ ਸੂਬਾ ਨਹੀਂ ਬਣ ਸਕਦਾ ਸੀ। ਉਨ੍ਹਾਂ ਕਿਹਾ, ‘‘ਇੱਥੇ (ਤੇਲੰਗਾਨਾ ’ਚ) ਲੜਾਈ ਕਾਂਗਰਸ ਅਤੇ ਬੀ.ਆਰ.ਐਸ. ਵਿਚਕਾਰ ਹੈ। ਪਹਿਲਾਂ ਭਾਜਪਾ ਦੇ ਆਗੂ ਇੱਥੇ ਬਾਲੀਵੁੱਡ ਦੇ ਹੀਰੋ ਵਾਂਗ ਘੁੰਮਦੇ ਸਨ। ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਉਸ ਦੀ ਕਾਰ ਦੇ ਚਾਰੇ ਪਹੀਏ ਨਿਕਲ ਗਏ। ਅੱਜ ਭਾਜਪਾ ਆਗੂ ਕਾਂਗਰਸ ’ਚ ਸ਼ਾਮਲ ਹੋਣ ਲਈ ਕਤਾਰ ’ਚ ਲੱਗੇ ਹਨ। (ਪਰ) ਅਸੀਂ ਉਨ੍ਹਾਂ ਨੂੰ ਨਹੀਂ ਚਾਹੁੰਦੇ।’’
ਸੂਬੇ ’ਚ ਪਾਰਟੀ ਦੀ ਚੱਲ ਰਹੀ ‘ਵਿਜੇਭੇਰੀ’ ਯਾਤਰਾ ਦੌਰਾਨ ਰੈਲੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ 30 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਸੱਤਾ ’ਚ ਆਉਂਦੀ ਹੈ ਤਾਂ ਇਹ ਵੀ ਯਕੀਨੀ ਬਣਾਏਗੀ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਉਗਾਈ ਗਈ ਹਰ ਫ਼ਸਲ ਲਈ ਘੱਟੋ-ਘੱਟ ਸਮਰਥਨ ਮੁੱਲ ਤੋਂ 500 ਰੁਪਏ ਵੱਧ ਮਿਲਣ। ਰਾਹੁਲ ਗਾਂਧੀ ਨੇ ਕਿਹਾ ਕਿ ਇਸ ਤੋਂ ਇਲਾਵਾ ਕਾਂਗਰਸ ਇਹ ਯਕੀਨੀ ਬਣਾਏਗੀ ਕਿ ਹਲਦੀ ਉਤਪਾਦਕ ਕਿਸਾਨਾਂ ਨੂੰ 12,000 ਤੋਂ 15,000 ਰੁਪਏ ਪ੍ਰਤੀ ਕੁਇੰਟਲ ਸਮਰਥਨ ਮੁੱਲ ਮਿਲੇ। ਉਨ੍ਹਾਂ ਕਿਹਾ ਕਿ ਕਾਂਗਰਸ ਇਲਾਕੇ ਦੀਆਂ ਖੰਡ ਮਿੱਲਾਂ ਨੂੰ ਵੀ ਸੁਰਜੀਤ ਕਰੇਗੀ। ਗਾਂਧੀ ਨੇ ਇਕ ਵਾਰ ਫਿਰ ਕਿਹਾ ਕਿ ਜੇਕਰ ਕਾਂਗਰਸ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਤੇਲੰਗਾਨਾ ਸਮੇਤ ਪੂਰੇ ਦੇਸ਼ ’ਚ ਜਾਤ ਅਧਾਰਤ ਮਰਦਮਸ਼ੁਮਾਰੀ ਕਰਵਾਏਗੀ।
ਗਰੀਬਾਂ ਤੋਂ ਖਿੱਚਣਾ ਅਤੇ ਅਤੇ ਵੱਡੇ ਉਦਯੋਗਪਤੀਆਂ ਨੂੰ ਸਿੰਜਣ ਹੀ ਭਾਜਪਾ ਦੀ ਨੀਤੀ ਹੈ : ਪ੍ਰਿਅੰਕਾ ਗਾਂਧੀ
ਜੈਪੁਰ: ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਨੇ ਕੇਂਦਰ ਵਿਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸਾਧਦੇ ਹੋਏ ਸ਼ੁਕਰਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਧਿਆਨ ਲੋਕਾਂ ਦੀ ਭਲਾਈ ’ਤੇ ਨਹੀਂ, ਸਗੋਂ ਕਿਸੇ ਨਾ ਕਿਸੇ ਤਰ੍ਹਾਂ ਸੱਤਾ ’ਚ ਬਣੇ ਰਹਿਣ ’ਤੇ ਹੈ। ਪ੍ਰਿਅੰਕਾ ਨੇ ਕਿਹਾ, ‘‘ਗਰੀਬਾਂ ਤੋਂ ਪੈਸਾ ਖਿੱਚਣਾ ਅਤੇ ਵੱਡੇ ਉਦਯੋਗਪਤੀਆਂ ਨੂੰ ਸਿੰਜਣਾ ਉਨ੍ਹਾਂ ਦੀ ਨੀਤੀ ਬਣ ਗਈ ਹੈ।’’
ਉਨ੍ਹਾਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਅਪਣੇ ‘ਉਦਯੋਗਵਾਦੀ ਦੋਸਤਾਂ’ ਲਈ ਕੰਮ ਕਰਨ ਦਾ ਦੋਸ਼ ਵੀ ਲਾਇਆ। ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਨੂੰ ਭਾਜਪਾ ਆਗੂਆਂ ਨੂੰ ਪੁੱਛਣਾ ਚਾਹੀਦਾ ਹੈ ਕਿ ਉਹ ਚੋਣਾਂ ਦੌਰਾਨ ਵਿਕਾਸ ਦੀ ਬਜਾਏ ਧਰਮ ਅਤੇ ਜਾਤ ਦੀ ਗੱਲ ਕਿਉਂ ਕਰਦੇ ਹਨ? ਪ੍ਰਿਅੰਕਾ ਦੌਸਾ ਜ਼ਿਲ੍ਹੇ ਦੇ ਸੀਕਰਾਈ ’ਚ ਇਕ ਰੈਲੀ ਨੂੰ ਸੰਬੋਧਨ ਕਰ ਰਹੀ ਸੀ, ਜਿੱਥੇ ਰਾਜਸਥਾਨ ਕਾਂਗਰਸ ਦੇ ਲਗਭਗ ਸਾਰੇ ਨੇਤਾ ‘ਇਕਜੁਟ’ ਨਜ਼ਰ ਆਏ। ਮੁੱਖ ਮੰਤਰੀ ਅਸ਼ੋਕ ਗਹਿਲੋਤ ਤੋਂ ਲੈ ਕੇ ਸਚਿਨ ਪਾਇਲਟ ਤਕ ਨੇ ‘ਮਤਭੇਦਾਂ’ ਨੂੰ ਭੁਲਾਉਣ ’ਤੇ ਜ਼ੋਰ ਦਿਤਾ। (ਪੀਟੀਆਈ)