
ਮ੍ਰਿਤਕ ਬੱਚੇ ਦੇ ਪਿਤਾ ਨੇ 6 ਦਸੰਬਰ 2017 ਨੂੰ ਦਰਜ ਕਰਵਾਇਆ ਸੀ ਮਾਮਲਾ
ਸ਼ਾਹਜਹਾਂਪੁਰ - ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਵਿੱਚ ਇੱਕ ਤਾਂਤਰਿਕ ਦੇ ਕਹਿਣ 'ਤੇ ਇੱਕ ਬੱਚੇ ਦਾ ਕਤਲ ਕਰਨ, ਅਤੇ ਉਸ ਦਾ ਖੂਨ ਪੀਣ ਦੇ ਮਾਮਲੇ ਵਿੱਚ ਸਥਾਨਕ ਅਦਾਲਤ ਨੇ ਇੱਕ ਔਰਤ ਸਮੇਤ ਤਿੰਨ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਸਰਕਾਰੀ ਵਕੀਲ ਨੇ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਰੋਜਾ ਦੇ ਪਿੰਡ ਜੰਮੂ ਵਿਖੇ ਆਪਣੇ ਮਾਮਾ ਮੁਨੇਂਦਰ ਦੇ ਘਰ ਰਹਿ ਰਹੀ ਧੰਨ ਦੇਵੀ ਦੇ ਬੱਚੇ ਨਹੀਂ ਸਨ।
ਇੱਕ ਤਾਂਤਰਿਕ ਦੀ ਸਲਾਹ 'ਤੇ ਉਸ ਨੇ ਗੁਆਂਢ 'ਚ ਰਹਿਣ ਵਾਲੇ 10 ਸਾਲਾ ਲਾਲ ਦਾਸ ਨੂੰ ਟੀਵੀ ਦੇਖਣ ਦੇ ਬਹਾਨੇ ਆਪਣੇ ਘਰ ਬੁਲਾਇਆ, ਅਤੇ ਆਪਣੇ ਦੋ ਸਾਥੀਆਂ ਸੂਰਜ ਅਤੇ ਸੁਨੀਲ ਦੀ ਮਦਦ ਨਾਲ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ।
ਇਸ ਤੋਂ ਬਾਅਦ ਤਾਂਤਰਿਕ ਦੇ ਕਹੇ ਅਨੁਸਾਰ ਧੰਨ ਦੇਵੀ ਨੇ ਲਾਲ ਦਾਸ ਨੂੰ ਵੱਢ ਕੇ ਉਸ ਦਾ ਖੂਨ ਪੀ ਲਿਆ ਅਤੇ ਲਾਸ਼ ਘਰ ਦੇ ਬਾਹਰ ਸੁੱਟ ਦਿੱਤੀ।
ਮ੍ਰਿਤਕ ਬੱਚੇ ਦੇ ਪਿਤਾ ਨੇ 6 ਦਸੰਬਰ 2017 ਨੂੰ ਥਾਣਾ ਰੋਜਾ ਵਿਖੇ ਮਾਮਲਾ ਦਰਜ ਕਰਵਾਇਆ ਸੀ, ਅਤੇ ਜਾਂਚ ਤੋਂ ਬਾਅਦ ਪੁਲਿਸ ਨੇ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਸੀ।
ਵਧੀਕ ਸੈਸ਼ਨ ਅਦਾਲਤ-3 ਦੇ ਜੱਜ ਅਹਿਸਾਨ ਹੁਸੈਨ ਨੇ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਧੰਨ ਦੇਵੀ, ਸੁਨੀਲ ਅਤੇ ਸੂਰਜ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ, ਅਤੇ ਨਾਲ ਹੀ ਹਰੇਕ ਮੁਲਜ਼ਮ ਨੂੰ ਪੰਜ-ਪੰਜ ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ।
ਘਟਨਾ ਦੇ ਬਾਅਦ ਤੋਂ ਹੀ ਦੋਸ਼ੀ ਧੰਨ ਦੇਵੀ ਜੇਲ੍ਹ ਵਿੱਚ ਬੰਦ ਹੈ।