
ਕਿਹਾ, ਦਿੱਲੀ ਜਾ ਕੇ ਕਿਸਾਨੀ ਘੋਲ ਤੇ ਕੁਝ ਬਾਹਰੀ ਧਿਰਾਂ ਕਾਬਜ਼ ਹੋ ਗਈਆਂ ਹਨ
ਨਵੀਂ ਦਿੱਲੀ : ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਦਰਮਿਆਨ ਗੱਲਬਾਤ ’ਚ ਖੜੋਤ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਅਤੇ ਸੱਤਾਧਾਰੀ ਧਿਰ ਵਿਚਾਲੇ ਚਿੱਠੀਆਂ ਦਾ ਅਦਾਨ-ਪ੍ਰਦਾਨ ਜਾਰੀ ਹੈ। ਸਰਕਾਰ ਗੋਲ-ਮੋਲ ਗੱਲ ਕਰ ਗੱਲਬਾਤ ਦੀ ਜ਼ਿੰਮੇਵਾਰੀ ਕਿਸਾਨਾਂ ਸਿਰ ਸੁਟਣ ਦੀ ਕੋਸ਼ਿਸ਼ ਵਿਚ ਹੈ ਜਦਕਿ ਕਿਸਾਨ ਜਥੇਬੰਦੀਆਂ ਸਰਕਾਰ ’ਤੇ ਮਸਲੇ ਦੇ ਸੰਜੀਦ ਹੱਲ ਲਈ ਸੰਜੀਦਾ ਨਾ ਹੋਣ ਦਾ ਦੋਸ਼ ਲਾ ਰਹੀਆਂ ਹਨ। ਇਸੇ ਦਰਮਿਆਨ ਕਿਸਾਨਾਂ ਅਤੇ ਸਰਕਾਰ ਵਿਚਾਲੇ ਗੱਲਬਾਤ ਲਈ ਅਹਿਮ ਰੋਲ ਅਦਾ ਕਰਦੇ ਆ ਰਹੇ ਭਾਜਪਾ ਦੇ ਪੰਜਾਬ ਨਾਲ ਸਬੰਧਤ ਸੀਨੀਅਰ ਸੁਰਜੀਤ ਕੁਮਾਰ ਜਿਆਣਾ ਨਾਲ ਸਪੋਕਸਮੈਨ ਟੀਵੀ ਦੇ ਪੱਤਰਕਾਰ ਹਰਦੀਪ ਭੋਗਲ ਵਲੋਂ ਵਿਸ਼ੇਸ਼ ਗੱਲਬਾਤ ਕੀਤੀ ਗਈ।
Surjeet Kumar Jyani
ਕਿਸਾਨਾਂ ਵਲੋਂ ਸਰਕਾਰ ਨੂੰ ਗੱਲਬਾਤ ਦਾ ਏਜੰਡਾ ਭੇਜਣ ਸਬੰਧੀ ਪੁਛੇ ਸਵਾਲ ਦੇ ਜਵਾਬ ਵਿਚ ਸੁਰਜੀਤ ਜਿਆਣੀ ਨੇ ਕਿਹਾ ਕਿ ਸਰਕਾਰ ਅਪਣਾ ਸਟੈਂਡ ਸਪੱਸ਼ਟ ਕਰ ਚੁੱਕੀ ਹੈ ਕਿ ਖੇਤੀ ਕਾਨੂੰਨ ਵਾਪਸ ਨਹੀਂ ਹੋ ਸਕਦੇ ਪਰ ਇਸ ਵਿਚ ਕਿਸਾਨਾਂ ਦੀਆਂ ਮੰਗਾਂ ਮੁਤਾਬਕ ਸੋਧਾਂ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕਾਨੂੰਨ ਵਾਪਸ ਨਾ ਲੈਣ ਦੀ ਅਪਣੀ ਮਜਬੂਰੀ ਦੱਸ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਰੇੜਕੇ ਦਾ ਹੱਲ ਕਾਨੂੰਨਾਂ ਵਿਚ ਸੋਧ ਜ਼ਰੀਏ ਨਿਕਲ ਸਕਦਾ ਹੈ। ਅੰਗਰੇਜ਼ਾ ਦੇ ਸਮੇਂ ਤੋਂ ਲੈ ਕੇ ਬਾਅਦ ਵਿਚ ਵੀ ਜਦੋਂ ਕਿਸੇ ਕਾਨੂੰਨ ’ਤੇ ਸ਼ੰਕੇ ਖੜ੍ਹੇ ਹੰੁਦੇ ਰਹੇ ਹਨ ਤਾਂ ਉਸ ਦਾ ਹੱਲ ਸੋਧ ਜ਼ਰੀਏ ਨਿਕਲਦਾ ਰਿਹਾ ਹੈ।
Surjeet Kumar Jyani
ਕਿਸਾਨਾਂ ’ਤੇ ਕਾਨੂੰਨ ਧੱਕੇ ਨਾਲ ਕਿਉਂ ਥੋਪੇ ਜਾ ਰਹੇ ਹਨ ਸਬੰਧੀ ਪੁਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੇ ਹਿਤਾਂ ਦੀ ਰਾਖੀ ਲਈ ਵਚਨਬੱਧ ਹੈ। ਅੰਗਰੇਜ਼ਾਂ ਦੇ ਸਮੇਂ ਕਾਨੂੰਨ ਵਾਪਸ ਲੈਣ ਸਬੰਧੀ ਪੁਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਗੋਲਮੋਲ ਜਵਾਬ ਦਿੰਦਿਆਂ ਕਿਹਾ ਕਿ ਖੇਤੀ ਕਾਨੂੰਨਾਂ ਖਿਲਾਫ਼ ਮੌਜੂਦਾ ਕਾਨੂੰਨਾਂ ਵਿਚ ਇਹੋ ਜਿਹੀ ਕੋਈ ਗੱਲ ਨਹੀਂ ਹੈ, ਜਿਸ ਕਾਰਨ ਇਨ੍ਹਾਂ ਨੂੰ ਵਾਪਸ ਲੈਣਾ ਪਵੇ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਚੱਲਿਆ ਅੰਦੋਲਨ ਦਿੱਲੀ ਜਾ ਕੇ ਹਾਈਜੈਕ ਹੋ ਚੁਕਾ ਹੈ। ਦਿੱਲੀ ਵਿਖੇ ਜੋਗਿੰਦਰ ਯਾਦਵ ਵਰਗੇ ਲੋਕ ਕਿਸਾਨਾਂ ਦੇ ਹੱਕ ਦੀ ਗੱਲ ਕਰ ਰਹੇ ਹਨ ਜੋ ਕਿ ਸਿਆਸੀ ਆਗੂ ਹਨ ਅਤੇ ਸਿਆਸੀ ਆਗੂ ਤਾਂ ਹਮੇਸ਼ਾ ਸਿਆਸਤ ਹੀ ਕਰਦੇ ਹਨ।
Surjeet Kumar Jyani
ਗੱਲਬਾਤ ਲਮਕਣ ਲਈ ਕਿਸਾਨ ਜਥੇਬੰਦੀਆਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਹਾਂ ਜਾਂ ਨਾਂਹ ਕਹਿਣ ਦੀ ਸ਼ਰਤ ਕਾਰਨ ਹੀ ਗੱਲਬਾਤ ਅੱਗੇ ਨਹੀਂ ਵਧ ਸਕੀ। ਹੁਣ ਕਿਸਾਨਾਂ ਨੇ ਇਸ ਤੋਂ ਅੱਗੇ ਵਧਣ ਦਾ ਵਾਅਦਾ ਕੀਤਾ ਸੀ ਪਰ ਹੁਣ ਫਿਰ ਇਸ ਤੋਂ ਪਿਛੇ ਹਟਿਆ ਜਾ ਰਿਹਾ ਹੈ। ਕਾਂਗਰਸੀ ਆਗੂਆਂ ਸਬੰਧੀ ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਦੀ ਰਾਜਨੀਤਕ ਜ਼ਮੀਨ ਖਿਸਕ ਗਈ ਹੈ, ਜਿਸ ਲਈ ਉਹ ਤਰਲੋਮੱਛੀ ਹੋ ਰਹੇ ਹਨ। ਕਾਂਗਰਸੀ ਆਗੂਆਂ ਵਲੋਂ ਭਾਜਪਾ ਆਗੂਆਂ ਨੂੰ ਲੋਕਾਂ ਅੰਦਰ ਜਾਣ ਸਬੰਧੀ ਪੁਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਪਿੱਛੇ ਰਹਿ ਕੇ ਸਿਆਸੀ ਆਗੂ ਖੇਡਾਂ ਖੇਡ ਰਹੇ ਹਨ।